ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਲਈ ਬਾਜਵਾ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ
ਬਿਨਾਂ ਕਿਸੇ ਦੇਰੀ ਤੋਂ ਜਾਰੀ ਕੀਤੀ ਜਾਵੇ ਗੰਨੇ ਦੀ ਬਕਾਇਆ ਰਕਮ- ਪ੍ਰਤਾਪ ਸਿੰਘ ਬਾਜਵਾ
ਚੰਡੀਗੜ੍ਹ: ਕਾਂਗਰਸ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਕਮ ਦੀ ਅਦਾਇਗੀ ਕਰਨ ਲਈ ਚਿੱਠੀ ਲਿਖੀ ਹੈ। ਉਹਨਾਂ ਨੇ ਚਿੱਠੀ ਬਿਨਾਂ ਕਿਸੇ ਦੇਰੀ ਤੋਂ ਗੰਨੇ ਦੀ ਬਕਾਇਆ ਰਕਮ ਜਾਰੀ ਕਰਨ ਲਈ ਕਿਹਾ।
ਚਿੱਠੀ ਵਿਚ ਬਾਜਵਾ ਨੇ ਲਿਖਿਆ ਕਿ ਉਹਨਾਂ ਨੇ ਜੂਨ 2020 ਵਿਚ ਵੀ ਮੁੱਖ ਮੰਤਰੀ ਨੂੰ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਕਮ ਅਦਾ ਕਰਨ ਸਬੰਧੀ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ 11 ਜੂਨ 2020 ਨੂੰ ਵਿੱਤ ਵਿਭਾਗ ਨੂੰ ਸ਼ੂਗਰਫੈਡ ਪੰਜਾਬ ਨੂੰ 150 ਕਰੋੜ ਰੁਪਏ ਕਿਸਾਨਾਂ ਗੰਨੇ ਦੀ ਅਦਾਇਗੀ ਲਈ ਜਾਰੀ ਕਰਨ ਦੇ ਹੁਕਮ ਦਿੱਤੇ ਸਨ।
ਇਸ ਦੇ ਨਾਲ ਹੀ ਸ਼ੂਗਰਫੈਡ ਪੰਜਾਬ ਨੂੰ ਅਪਣੇ ਸਰੋਤਾਂ ਤੋਂ ਤੁਰੰਤ 149 ਕਰੋੜ ਰੁਪਏ ਹੋਰ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਉਹਨਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸ਼ੂਗਰਫੈਡ ਹਾਲੇ ਤੱਕ ਬਾਕੀ ਭੁਗਤਾਨ ਨਹੀਂ ਕਰ ਸਕੀ। ਅੱਜ ਕਰੀਬ 6 ਮਹੀਨੇ ਹੋ ਗਏ ਹਨ ਤੇ 118.63 ਕਰੋੜ ਰੁਪਏ ਹਾਲੇ ਵੀ ਬਕਾਇਆ ਹਨ, ਜੋ ਸਹਿਕਾਰੀ ਖੰਡ ਮਿੱਲਾਂ ਨਾਲ ਸਬੰਧਤ ਕਿਸਾਨਾਂ ਨੂੰ ਭੁਗਤਾਨ ਕਰਨ ਯੋਗ ਹਨ।
ਬਾਜਵਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਗੰਨੇ ਦੀ ਬਕਾਇਆ ਰਕਮ ਬਿਨਾਂ ਕਿਸੇ ਦੇਰੀ ਤੋਂ ਜਾਰੀ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਪ੍ਰਾਈਵੇਟ ਸ਼ੂਗਰ ਮਿੱਲਾਂ ਨਾਲ ਸਬੰਧਤ 129.61 ਕਰੋੜ ਰੁਪਏ ਦੇ ਗੰਨੇ ਦੇ ਬਕਾਇਆ ਭੁਗਤਾਨ ਵੀ ਤੁਰੰਤ ਅਦਾ ਕੀਤੇ ਜਾਣ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਅਗਲੀ ਗੰਨੇ ਦੀ ਫਸਲ ਦੀ ਕਟਾਈ ਲਈ ਆਰਥਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।