ਅਕਾਲੀ ਕੌਂਸਲਰਾਂ ਨੇ ਅਕਾਲੀਆਂ ਦਾ ਹੱਥ ਛੱਡ, ਕਾਂਗਰਸ ਨਾਲ ਮਿਲਾਇਆ ਹੱਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਵਿਚ ਅਕਾਲੀ ਦਲ ਨਾਲ ਵਗਾਵਤ ਕਰਨ ਵਾਲੇ ਤਿੰਨ ਅਕਾਲੀ ਕੌਂਸਲਰਾਂ ਨੇ ਕਾਂਗਰਸ ਦਾ ਪੱਲਾ ਫੜ੍ਹ ਲਿਆ ਹੈ। ਬੀਤੇ ਦਿਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ....

Manpreet Badal

ਬਠਿੰਡਾ : ਬਠਿੰਡਾ ਵਿਚ ਅਕਾਲੀ ਦਲ ਨਾਲ ਵਗਾਵਤ ਕਰਨ ਵਾਲੇ ਤਿੰਨ ਅਕਾਲੀ ਕੌਂਸਲਰਾਂ ਨੇ ਕਾਂਗਰਸ ਦਾ ਪੱਲਾ ਫੜ੍ਹ ਲਿਆ ਹੈ। ਬੀਤੇ ਦਿਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ ਵਿਚ ਸਿਆਸੀ ਭੇੜ ਦੌਰਾਨ ਕੌਂਸਲਰਾਂ ਨੇ ਇਹ ਕਦਮ ਚੁੱਕਿਆ ਹੈ। ਉੱਧਰ ਬਾਗੀ ਕੌਂਸਲਰਾਂ ਨੂੰ ਅਪਣੀ ਪਾਰਟੀ ਵਿਚ ਸ਼ਾਮਲ ਕਰਨ ਲਈ ਕਾਂਗਰਸ ਨੇ ਵੀ ਰਾਤ ਦਾ ਖ਼ਿਆਲ ਕੀਤੇ ਬਗੈਰ ਹਨ੍ਹੇਰੇ ਵਿਚ ਹੀ ਸਮਾਗਮ ਰੱਖ ਲਿਆ।

ਵਿੱਤ ਮੰਤਰੀ ਨੇ ਖ਼ੁਦ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਕੌਂਸਲਰ ਮਾਸਟਰ ਹਰਮੰਦਰ ਸਿੰਘ, ਕੌਂਸਲਰ ਰਾਜੂ ਸਰਾਂ ਅਤੇ ਕੌਂਸਲਰ ਰਜਿੰਦਰ ਸਿੰਘ ਸਿੱਧੂ ਦੇ ਨਾਲ-ਨਾਲ ਟਰੱਕ ਯੂਨੀਅਨ ਦੇ ਜਨਰਲ ਸਕੱਤਰ ਟਹਿਲ ਸਿੰਘ ਬੁੱਟਰ ਨੇ ਵੀ ਕਾਂਗਰਸ ਪਾਰਟੀ ਵਿਚ ਸਮੂਲੀਅਤ ਕਰ ਲਈ ਹੈ। ਇਸ ਮੌਕੇ ਕੌਂਸਲਰ ਮਾਸਟਰ ਹਰਮੰਦਰ ਸਿੰਘ ਨੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਕਾਂਗਰਸ ਪਾਰਟੀ ਲਈ ਕੰਮ ਕਰਨਗੇ।

ਇਸ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਕੌਂਸਲਰਾਂ ਦੇ ਕਾਂਗਰਸ ਵਿਚ ਸ਼ਾਮਲ ਹੋਣ ‘ਤੇ ਕਿਹਾ ਕਿ ਪਾਰਟੀਆਂ ਵਿਚ ਛੋਟੇ-ਮੋਟੇ ਲੋਕ ਆਉਂਦੇ ਜਾਂਦੇ ਰਹਿੰਦੇ ਹਨ। ਉਹਨਾਂ ਨੇ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਵਿਚ ਸੱਚ ਸਾਹਮਣੇ ਆ ਜਾਵੇਗਾ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਢੁਕਵੇਂ ਪਲੇਟਫ਼ਾਰਮ ਉਤੇ ਮੁੱਦਾ ਚੁੱਕਣਾ ਚਾਹੀਦਾ ਸੀ।

ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਦਿਲ ਬਹੁਤ ਵੱਡਾ ਹੈ, ਜੇ ਵਿਧਾਇਕ ਜ਼ੀਰਾ ਮੁਆਫ਼ੀ ਮੰਗ ਲੈਂਦੇ ਹਨ ਤਾਂ ਪਾਰਟੀ ਵਿਚ ਉਨ੍ਹਾਂ ਨੂੰ ਦੁਬਾਰਾ ਲੈ ਲਿਆ ਜਾਵੇਗਾ। ਇਕ ਹੋਰ ਸਵਾਲ ਦੇ ਜਵਾਬ ਵਿਚ ਮਨਪ੍ਰੀਤ ਬਾਦਲ ਨੇ ਕਿਹਾ ਕਿ ਜੀਰਾ ਦੇ ਵਿਧਾਇਕ ਕੁਲਵੀਰ ਸਿੰਘ ਜੀਰਾ ਦਾ ਆਪਣੀ ਗੱਲ ਰੱਖਣ ਦਾ ਢੰਗ ਤਰੀਕਾ ਗਲਤ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਕਾਂਗਰਸੀ ਨੂੰ ਮੰਚ ਤੋਂ ਅਜਿਹੀ ਗੱਲ ਨਹੀਂ ਕਹਿਣਾ ਚਾਹੀਦੀ ਜਿਸ ਨਾਲ ਪਾਰਟੀ ਦੇ ਦੁਸ਼ਮਣਾ ਦਾ ਫਾਇਦਾ ਹੁੰਦਾ ਹੋਵੇ।

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਹਰ ਸਿਆਸੀ ਲੀਡਰ ਵਿਚ ਕੋਈ ਨਾਂ ਕੋਈ ਕਮੀ ਹੁੰਦੀ ਪਰ ਉਨ੍ਹਾਂ ਵਿਚ ਸਿਰਫ਼ ਇਸ ਗੱਲ ਦੀ ਕਮੀ ਹੈ ਕਿ ਉਹ ਹਲਕੇ ਦੇ ਲੋਕਾਂ ਨੂੰ ਸਮਾਂ ਨਹੀਂ ਦੇ ਸਕਦੇ। ਉਨ੍ਹਾਂ ਦਾ ਸਮਾਂ ਪੰਜਾਬ ਦੇ ਲੋਕਾਂ ਦੀ ਅਮਾਨਤ ਹੈ ਇਸ ਲਈ ਆਪਣੇ ਅਨੁਸਾਰ ਨਹੀਂ ਸਗੋਂ ਸੂਬੇ ਦੇ ਲੋਕਾਂ ਅਨੁਸਾਰ ਸਮੇਂ ਨੂੰ ਖਰਚ ਕਰਦੇ ਹਨ।