ਸਾਂਪਲਾ ਵਲੋਂ ਕਰਤਾਰਪੁਰ ਸਾਹਿਬ ਦੇ ਸੁਪਨੇ ਨੂੰ ਨਾਕਾਮ ਬਣਾਉਣ ਦੀ ਕੋਸ਼ਿਸ਼ : ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਦੀ ਪ੍ਰਕਿਰਿਆ...

Chief Minister Capt. Amarinder Singh

ਚੰਡੀਗੜ੍ਹ, 17 ਜਨਵਰੀ (ਸ.ਸ.ਸ.) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਦੀ ਪ੍ਰਕਿਰਿਆ ਨੂੰ ਗ਼ੈਰ-ਜ਼ਰੂਰੀ ਤਰੀਕੇ ਨਾਲ ਗੁੰਝਲਦਾਰ ਬਣਾ ਕੇ ਸਿੱਖ ਭਾਈਚਾਰੇ ਦੇ ਸੁਪਨਿਆਂ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕਰਨ ਵਾਸਤੇ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਦੀ ਤਿੱਖੀ ਆਲੋਚਨਾ ਕੀਤੀ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਨੂੰ ਸੁਵਿਧਾਵਾਂ ਮੁਹਈਆ ਕਰਾਉਣ ਲਈ ਢੰਗ ਤਰੀਕੇ ਲੱਭਣ ਦੀ ਥਾਂ ਕੇਂਦਰ ਸਰਕਾਰ ਖਾਸਕਰ ਸਾਂਪਲਾ ਵਰਗੇ ਜ਼ਿੰਮੇਵਾਰ ਚੁਣੇ ਹੋਏ ਨੁਮਾਇੰਦੇ ਲਗਾਤਾਰ ਇਤਿਹਾਸਕ ਗੁਰਦਵਾਰੇ ਦੇ ਦਰਸ਼ਨ ਕਰਨ ਦੇ ਸੁਪਨੇ ਨੂੰ ਹਕੀਕਤ ਵਿਚ ਲਿਆਉਣ ਦੇ ਰਾਹ 'ਚ ਅੜਿੱਕੇ ਡਾਹ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਫ਼ੈਸਲਾ ਪੂਰਾ ਹੁੰਦਾ ਦਿਸ ਰਿਹਾ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਪਾਰ ਕਰਨ ਲਈ ਗ਼ਰੀਬ ਅਤੇ ਅਨਪੜ੍ਹ ਸ਼ਰਧਾਲੂਆਂ ਵਾਸਤੇ ਪਾਸਪੋਰਟ ਨੂੰ ਖ਼ਤਮ ਕਰਨ ਦੀਆਂ ਸੰਭਾਵਨਾਵਾਂ ਨੂੰ ਰੱਦ ਕਰਨ ਅਤੇ ਵੀਜ਼ੇ ਨੂੰ ਜ਼ਰੂਰੀ ਬਣਾਉਣ ਦੇ ਵਿਜੇ ਸਾਂਪਲਾ ਦੇ ਬਿਆਨ ਨੇ ਇਕ ਵਾਰ ਫਿਰ ਸਿੱਧ ਕਰ ਦਿਤਾ ਹੈ ਕਿ ਨਾ ਹੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਨਾ ਹੀ ਉਨ੍ਹਾਂ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਰਧਾਲੂਆਂ ਲਈ ਗੁਰਦਵਾਰਾ ਸਾਹਿਬ ਦੇ ਦਰਸ਼ਨ ਬਿਨਾਂ ਕਿਸੇ ਅੜਚਣ ਤੋਂ ਯਕੀਨੀ ਬਣਾਉਣ ਦੀ ਸੁਵਿਧਾ ਦੇਣ 'ਚ ਕੋਈ ਦਿਲਚਸਪੀ ਹੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਂਪਲਾ ਵਲੋਂ ਸਾਰੇ ਪੰਜਾਬੀਆਂ ਕੋਲ ਪਾਸਪੋਰਟ ਹੋਣ ਦਾ ਦਾਅਵਾ ਪੂਰੀ ਤਰ੍ਹਾਂ ਗ਼ੈਰ-ਜ਼ਿੰਮੇਵਰਾਨਾ ਅਤੇ ਗ਼ਲਤ ਹੈ। 
ਮੁੱਖ ਮੰਤਰੀ ਨੇ ਕਿਹਾ ਕਿ ਲਾਂਘੇ ਸਬੰਧੀ ਪ੍ਰਾਜੈਕਟ ਬਾਰੇ ਕੇਂਦਰ ਦੀਆਂ ਵੱਖ-ਵੱਖ ਕੋਸ਼ਿਸ਼ਾਂ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਤਰਫ਼ੋਂ ਵਿਜੇ ਸਾਂਪਲਾ ਦਾ ਹਾਲ ਹੀ ਦਾ ਬਿਆਨ ਸਿੱਖ ਸ਼ਰਧਾਲੂਆਂ ਦੇ ਗੁਰਦਵਾਰਾ ਸਾਹਿਬ ਵਿਖੇ ਬਿਨਾਂ ਅੜਚਨ ਜਾਣ ਦੇ ਰਾਹ ਵਿਚ ਅੜਿੱਕਾ ਡਾਹੁਣ ਵਾਲਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਸਪੋਰਟ ਖ਼ਤਮ ਕਰਨਾ ਅਸੰਭਵ ਨਹੀਂ ਹੈ।

ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂਆਂ ਦੀਆਂ ਯਾਤਰਾ ਪਰਮਿਟ 'ਤੇ ਲਾਂਘੇ ਦੌਰਾਨ ਵੀਜ਼ਾ ਜ਼ਰੂਰਤਾਂ ਨੂੰ ਲਾਜ਼ਮੀ ਤੌਰ 'ਤੇ ਪੂਰਾ ਕੀਤਾ ਜਾ ਸਕਦਾ ਹੈ। ਇਹ ਗੁਰਦਵਾਰਾ ਸਹਿਬ ਵਿਖੇ ਨਤਮਸਤਕ ਹੋਣ ਲਈ ਸਿਰਫ਼ ਸੀਮਤ ਗਤੀਵਿਧੀ ਲਈ ਹੋਵੇਗਾ। ਯਾਤਰਾ ਪਰਮਿਟ ਲਾਂਘੇ ਰਾਹੀਂ ਦਾਖ਼ਲ ਹੋਣ ਅਤੇ ਬਾਹਰ ਨਿਕਲਣ ਲਈ ਕਾਫ਼ੀ ਹੋਵੇਗਾ। ਇਸ ਨਾਲ ਆਧਾਰ ਕਾਰਡ (ਨਾਗਰਿਕ ਦਾ ਬਾਇਓਮੈਟ੍ਰਿਕ ਵੇਰਵਾ) ਵਰਗਾ ਦਸਤਾਵੇਜ਼ ਉਨ੍ਹਾਂ ਲੋਕਾਂ ਲਈ ਸ਼ਨਾਖਤੀ ਪਰੂਫ਼ ਵਜੋਂ ਵਰਤਿਆ ਜਾ ਸਕਦਾ ਹੈ ਜੋ ਲਾਂਘੇ ਰਾਹੀਂ ਯਾਤਰਾ ਕਰਨੀ ਚਾਹੁੰਦੇ ਹੋਣਗੇ।

Related Stories