ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲੱਗੇਗੀ ਇਕ ਹੋਰ ਦੂਰਬੀਨ : ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਾਸਪੁਰ ਦੇ ਲੋਕਸਭਾ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ...

Gurudwara Sri Kartarpur Sahib

ਗੁਰਦਾਸਪੁਰ (ਸਸਸ) : ਗੁਰਦਾਸਪੁਰ ਦੇ ਲੋਕਸਭਾ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਵਿਚ ਇਕ ਦੂਰਬੀਨ ਹੋਰ ਲਗਾਈ ਜਾਵੇਗੀ। ਜਾਖੜ ਨੇ ਕਿਹਾ ਹੈ ਕਿ ਜਦੋਂ ਤੱਕ ਕਰਤਾਰਪੁਰ ਲਾਂਘਾ ਨਹੀਂ ਖੁੱਲ ਜਾਂਦਾ, ਤੱਦ ਤੱਕ ਸੰਗਤ ਨੂੰ ਦਰਸ਼ਨਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ, ਇਸ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ।

ਅਸਲ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸੰਗਤ ਵੱਡੀ ਗਿਣਤੀ ਵਿਚ ਅਪਣੇ ਇਸ ਵਿਛੜੇ ਗੁਰੂਧਾਮ ਦੇ ਦਰਸ਼ਨਾਂ ਲਈ ਪਹੁੰਚ ਰਹੀ ਹੈ ਅਤੇ ਇਸ ਦੇ ਚਲਦੇ ਇੱਥੇ ਲੋਕਾਂ ਨੂੰ ਕਾਫ਼ੀ ਦੇਰ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ ਵਿਚ (ਨਾਰੋਵਲ ਜ਼ਿਲ੍ਹੇ ਵਿਚ) ਇਹ ਜਗ੍ਹਾ ਇਸ ਲਈ ਪ੍ਰਸਿੱਧ ਹੈ, ਕਿਉਂਕਿ ਸਿੱਖ ਇਤਿਹਾਸ ਦੇ ਮੁਤਾਬਕ ਗੁਰੂ ਨਾਨਕ ਦੇਵ ਜੀ 1522 ਵਿਚ ਕਰਤਾਰਪੁਰ ਸਾਹਿਬ ਵਿਚ ਆ ਕੇ ਰਹਿਣ ਲੱਗੇ ਸਨ।

ਇਸ ਜਗ੍ਹਾ ਉਨ੍ਹਾਂ ਨੇ ਅਪਣੇ ਜੀਵਨ ਦੇ ਆਖ਼ਰੀ 18 ਸਾਲ ਬਿਤਾਏ। ਉਨ੍ਹਾਂ ਦੇ ਸਮਾਧੀ ਲੈਣ ਤੋਂ ਬਾਅਦ ਇਸ ਜਗ੍ਹਾ ਉਤੇ ਗੁਰਦੁਆਰਾ ਬਣਾ ਦਿਤਾ ਗਿਆ। ਜਦੋਂ ਵੀ ਕੋਈ ਪੁਰਬ ਆਉਂਦਾ ਹੈ ਤਾਂ ਡੇਰਾ ਬਾਬਾ ਨਾਨਕ ਸਥਿਤ ਇਸ ਜਗ੍ਹਾ ਉਤੇ ਅਚਾਨਕ ਸਿੱਖਾਂ ਦੀ ਗਿਣਤੀ ਵੱਧ ਜਾਂਦੀ ਹੈ। ਇਕ ਤਾਂ ਦੂਜੇ ਦੇਸ਼ ਦੀ ਸਰਹੱਦ, ਦੂਜਾ ਵਿਚ ਰਾਵੀ ਨਦੀ ਪੈਣ ਦੇ ਕਾਰਨ ਸ਼ਰਧਾ ਮਜ਼ਬੂਰ ਜਿਹੀ ਨਜ਼ਰ  ਆਉਣ ਲੱਗੀ ਤਾਂ ਬੀਤੇ ਕੁੱਝ ਸਾਲਾਂ ਪਹਿਲਾਂ ਭਾਰਤੀ ਫ਼ੌਜ ਨੇ ਇਥੇ ਇਕ ਦੂਰਬੀਨ ਲਗਾ ਦਿਤੀ, ਜਿਸ ਦੇ ਨਾਲ ਕਿ ਸਿੱਖ ਸ਼ਰਧਾਲੂ ਗੁਰੂਦਵਾਰਾ ਸਾਹਿਬ ਦੇ ਦਰਸ਼ਨ ਕਰ ਸਕਣ।

ਹਾਲਾਂਕਿ ਇੱਥੇ ਵੀ ਇਕ ਮੁਸ਼ਕਿਲ ਹੈ ਕਿ ਸ਼ਰਧਾਲੂ ਦੂਰਬੀਨ ਦੇ ਜ਼ਰੀਏ ਕਰਤਾਰਪੁਰ ਸਾਹਿਬ ਦੀ ਇਮਾਰਤ ਅਤੇ ਗੁੰਬਦ ਹੀ ਵੇਖ ਸਕਦੇ ਹਨ। ਕਾਂਗਰਸ ਸੰਸਦ ਸੁਨੀਲ ਕੁਮਾਰ ਜਾਖੜ ਨੇ ਕਿਹਾ ਹੈ ਕਿ ਭਾਵੇਂ ਸਰਹੱਦ ‘ਤੇ ਪਹਿਲਾਂ ਵੀ ਇਕ ਦੂਰਬੀਨ ਲੱਗੀ ਹੋਈ ਹੈ ਪਰ ਉਹ ਪੁਰਾਣੀ ਹੋ ਗਈ ਹੈ। ਇਸ ਤੋਂ ਇਲਾਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸੰਗਤ ਵੱਡੀ ਗਿਣਤੀ ਵਿਚ ਅਪਣੇ ਇਸ ਵਿਛੜੇ ਗੁਰੂਧਾਮ ਦੇ ਦਰਸ਼ਨਾਂ ਲਈ ਪਹੁੰਚ ਰਹੀ ਹੈ,

ਜਿਸ ਦੇ ਚਲਦੇ ਇਕ ਹੋਰ ਦੂਰਬੀਨ ਲਗਾਉਣ ਦੀ ਜ਼ਰੂਰਤ ਹੈ। ਸੰਗਤ ਦੀ ਸਹੂਲਤ ਦਾ ਖ਼ਿਆਲ ਰੱਖਦੇ ਹੋਏ ਸੰਸਦ ਨਿਧਿ ਵਲੋਂ ਬਹੁਤ ਛੇਤੀ ਹੀ ਦੂਰਬੀਨ ਲਗਵਾ ਦਿਤੀ ਜਾਵੇਗੀ।