ਅੰਮ੍ਰਿਤਸਰ ਹੈਰੀਟੇਜ਼ ਸਟ੍ਰੀਟ ਦੇ ਬੁੱਤਾਂ ਨੂੰ ਤੋੜਨ 'ਤੇ ਲੱਖਾ ਸਿਧਾਣਾ ਦਾ ਫੁੱਟਿਆ ਗੁੱਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਜਿੱਥੇ ਕੁੱਝ ਸਿੱਖ ਨੌਜਵਾਨਾਂ ਨੇ ਹੈਰੀਟੇਜ਼ ਸਟ੍ਰੀਟ ਵਿਚ ਲੱਗੇ ਗਿੱਧੇ-ਭੰਗੜੇ ਦੇ ਬੁੱਤਾਂ ਨੂੰ ਅੱਧੀ ਰਾਤ ਵੇਲੇ ਤੋੜਨ ਦੀ ਕੋਸ਼ਿਸ਼ ਕੀਤੀ। ਦਰਅਸਲ....

File Photo

ਅੰਮ੍ਰਿਤਸਰ- ਅੰਮ੍ਰਿਤਸਰ ਜਿੱਥੇ ਕੁੱਝ ਸਿੱਖ ਨੌਜਵਾਨਾਂ ਨੇ ਹੈਰੀਟੇਜ਼ ਸਟ੍ਰੀਟ ਵਿਚ ਲੱਗੇ ਗਿੱਧੇ-ਭੰਗੜੇ ਦੇ ਬੁੱਤਾਂ ਨੂੰ ਅੱਧੀ ਰਾਤ ਵੇਲੇ ਤੋੜਨ ਦੀ ਕੋਸ਼ਿਸ਼ ਕੀਤੀ। ਦਰਅਸਲ ਇਨ੍ਹਾਂ ਬੁੱਤਾਂ ਨੂੰ ਹਟਾਉਣ ਲਈ ਪਿਛਲੇ ਕਾਫ਼ੀ ਸਮੇਂ ਤੋਂ ਕੁੱਝ ਸਿੱਖ ਜਥੇਬੰਦੀਆਂ ਨੇ ਮੋਰਚਾ ਖੋਲ੍ਹਿਆ ਹੋਇਆ ਹੈ ਪਰ ਮੰਗਲਵਾਰ ਰਾਤੀਂ ਡੇਢ ਵਜੇ ਦੇ ਕਰੀਬ ਸਿੱਖ ਸੰਗਠਨਾਂ ਦੇ ਕੁੱਝ ਨੌਜਵਾਨਾਂ ਨੇ ਇਨ੍ਹਾਂ ਬੁੱਤਾਂ ਦੀ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ। 

ਜਿਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਕੁੱਝ ਨੌਜਵਾਨ ਇਨ੍ਹਾਂ ਬੁੱਤਾਂ ਨੂੰ ਤੋੜਦੇ ਹੋਏ ਦੇਖੇ ਜਾ ਸਕਦੇ ਹਨ। ਦੱਸ ਦਈਏ ਕਿ ਸਮਾਜ ਸੇਵੀ ਲੱਖਾ ਸਿਧਾਣਾ ਵੱਲੋਂ ਵੀ ਬੁੱਤ ਤੋੜਨ  ਦੀ ਕੋਸ਼ਿਸ਼ ਨੂੰ ਲੈ ਕੇ ਫੇਸਬੁੱਕ ੇ ਲਾਈਵ ਹੋ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ। ਲੱਖਾ ਸਿਧਾਣਾ ਦਾ ਕਹਿਣਾ ਹੈ ਕਿ ਜੇ ਦਰਬਾਰ ਸਾਬਿਹ ਦੇ ਅੱਗੇ ਗਿੱਧੇ-ਭੰਗੜੇ ਦੇ ਬੁੱਤ ਦੀ ਜਗਾਂ ਤੇ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਹੋਰਾਂ ਦੇ ਬੁੱਤ ਲਗਾਏ ਜਾਂਦੇ ਤਾਂ ਜ਼ਿਆਦਾ ਵਧੀਆਂ ਹੋਣਾ ਸੀ

ਅਤੇ ਇਸ ਨਾਲ ਲੋਕ ਵੀ ਆਪਣੇ ਇਤਿਹਾਸ ਤੋਂ ਜਾਣੂ ਹੁੰਦੇ। ਲੱਖਾ ਸਿਧਾਣਾ ਨੇ ਟਿਕ ਟਾਕ ਤੇ ਵੀਡੀਓ ਬਣਾਉਣ ਵਾਲੀ ਕੁੜੀ ਦੀ ਵੀ ਨਿਖੇਧੀ ਕਰਦਿਆ ਕਿਹਾ ਕਿ ਅੱਜ ਕੱਲ੍ਹ ਦੇ ਬੱਚਆਂ ਨੂੰ ਆਪਣੇ ਇਤਿਹਾਸ ਬਾਰੇ ਪਤੀ ਹੀ ਨਹੀਂ। ਜਾਣਕਾਰੀ ਮੁਤਾਬਕ ਜੱਥਾ ਹਿੰਮਤ-ਏ-ਖਾਲਸਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਾਹ 'ਤੇ ਲੱਗੇ ਇਨ੍ਹਾਂ ਬੁੱਤਾਂ ਵਿਰੁੱਧ ਮੋਰਚਾ ਖੋਲ੍ਹਿਆ ਗਿਆ।

ਇਸੇ ਕੜੀ ਦੇ ਤਹਿਤ ਮੰਗਲਵਾਰ ਰਾਤ ਹੈਰੀਟੇਜ ਸਟ੍ਰੀਟ ਨੇੜੇ ਸਿੱਖ ਜੱਥੇਬੰਦੀਆਂ ਦੇ ਮੈਂਬਰ ਇਕੱਤਰ ਹੋਏ ਅਤੇ ਇਨ੍ਹਾਂ ਬੁੱਤਾਂ ਨੂੰ ਹਟਾਉਣ ਦੀ ਮੰਗ ਕਰਦਿਆਂ ਪਹਿਲਾਂ ਰੋਸ ਪ੍ਰਦਰਸ਼ਨ ਕੀਤਾ ਅਤੇ ਉਸ ਤੋਂ ਬਾਅਦ ਇਨ੍ਹਾਂ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬੁੱਤਾਂ ਦੇ ਹੇਠਾਂ ਬਣੇ ਥੜ੍ਹੇ ਕਈ ਥਾਵਾਂ ਤੋਂ ਤੋੜ ਦਿੱਤੇ ਗਏ। ਇਸ ਦੌਰਾਨ ਮੌਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਬੁੱਤਾਂ ਦੀ ਭੰਨਤੋੜ ਕਰਨ ਵਾਲੇ 9 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੁੱਝ ਸਿੱਖ ਜਥੇਬੰਦੀਆਂ ਨੇ ਇਨ੍ਹਾਂ ਬੁੱਤਾਂ ਨੂੰ ਹਟਾਏ ਜਾਣ ਦੀ ਮੰਗ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਇਨ੍ਹਾਂ ਬੁੱਤਾਂ ਨੂੰ ਸਿੱਖ ਮਰਿਆਦਾ ਦੇ ਉਲਟ ਕਰਾਰ ਦਿੱਤਾ ਸੀ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਰਸਤੇ ਵਿਚ ਲਗਾਏ ਗਏ ਇਹ ਬੁੱਤ ਗ਼ਲਤ ਸੰਦੇਸ਼ ਦਿੰਦੇ ਹਨ ਇਸ ਲਈ ਇਨ੍ਹਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ। 

ਦੱਸ ਦਈਏ ਕਿ ਹੈਰੀਟੇਜ ਸਟ੍ਰੀਟ 'ਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਗਿੱਧੇ-ਭੰਗੜੇ ਦੇ ਬੁੱਤ ਲੱਗੇ ਹੋਏ ਨੇ, ਜਿਨ੍ਹਾਂ ਕੋਲ ਖਲ੍ਹੋ ਕੇ ਲੋਕ ਤਸਵੀਰਾਂ ਖਿਚਵਾਉਂਦੇ ਹਨ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਇਹ ਸਭ ਕੁੱਝ ਸਿੱਖਾਂ ਨੂੰ ਸਿੱਖੀ ਤੋਂ ਬੇਮੁਖ ਕਰਨ ਦੀ ਕਾਰਵਾਈ ਹੈ। ਇਸ 'ਤੇ ਇਤਰਾਜ਼ ਕਰਦਿਆਂ ਕੁਝ ਸਿੱਖ ਜਥੰਬੇਦੀਆਂ ਵਲੋਂ ਇਨ੍ਹਾਂ ਬੁੱਤਾਂ ਨੂੰ ਹਟਾਏ ਜਾਣ ਲਈ ਆਵਾਜ਼ ਬੁਲੰਦ ਕੀਤੀ ਹੋਈ  ਹੈ ਪਰ ਹੁਣ ਜਦੋਂ ਕੁੱਝ ਸਿੰਘਾਂ ਵੱਲੋਂ ਇਨ੍ਹਾਂ ਬੁੱਤਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਦੇਖਣਾ ਹੋਵੇਗਾ ਕਿ ਸਰਕਾਰ ਇਸ ਮੰਗ ਨੂੰ ਮੰਨਦੀ ਹੈ ਜਾਂ ਨਹੀਂ?