ਬੁੱਤਾਂ ਦੀ ਰਾਜਨੀਤੀ ’ਚ ਪਏ ਅਕਾਲੀ-ਕਾਂਗਰਸੀ, ਮੁੱਦਿਆਂ ਦੀ ਰਾਜਨੀਤੀ ਤੋਂ ਕੋਹਾਂ ਦੂਰ
ਭਾਰਤ ’ਚ ਹੁਣ ਸਿਆਸਤ ਦਾ ਵੀ ਸਿਆਸੀਕਰਨ ਹੋ ਚੁਕਿਆ ਹੈ। ਸਿਆਸਤਦਾਨ ਆਮ ਲੋਕਾਂ ਦੇ ਮੁੱਦਿਆਂ ਤੋਂ ਕੋਹਾਂ ਦੂਰ ਦੀ ਸਿਆਸਤ ਕਰਦੇ ਨਜ਼ਰ ਆ....
ਚੰਡੀਗੜ੍ਹ (ਭਾਸ਼ਾ) : ਭਾਰਤ ’ਚ ਹੁਣ ਸਿਆਸਤ ਦਾ ਵੀ ਸਿਆਸੀਕਰਨ ਹੋ ਚੁਕਿਆ ਹੈ। ਸਿਆਸਤਦਾਨ ਆਮ ਲੋਕਾਂ ਦੇ ਮੁੱਦਿਆਂ ਤੋਂ ਕੋਹਾਂ ਦੂਰ ਦੀ ਸਿਆਸਤ ਕਰਦੇ ਨਜ਼ਰ ਆ ਰਹੇ ਹਨ। ਗਰੀਬ-ਗੁਰਬਿਆਂ ਨੂੰ ਉੱਚਾ ਚੁੱਕਣ ਦੀ ਥਾਂ ਹੁਣ ਬੁੱਤਾਂ ’ਤੇ ਰਾਜਨੀਤੀ ਹੋ ਰਹੀ ਹੈ। ਪਹਿਲਾਂ ਏਕਤਾ ਦਾ ਬੁੱਤ ਬਣਾਉਣ ’ਤੇ 3000 ਕਰੋੜ ਰੁਪਏ ਖਰਚੇ ਗਏ ਜਿਸਦਾ ਰੱਜ ਕੇ ਸਿਆਸੀਕਰਨ ਹੋਇਆ ਅਤੇ ਹੁਣ ਰਾਜੀਵ ਗਾਂਧੀ ਦਾ ਲੁਧਿਆਣਾ ’ਚ ਲੱਗਾ ਇੱਕ ਬੁੱਤ ਸਿਆਸਤ ਦੀ ਭੇਂਟ ਚੜਿਆ ਹੈ। ਇਸ ਬੁੱਤ ਨੂੰ ਯੂਥ ਅਕਾਲੀ ਦਲ ਦੇ ਆਗੂਆਂ ਵੱਲੋਂ ਇਹ ਕਹਿ ਕੇ ਕਾਲਾ ਰੰਗ ਅਤੇ ਹੱਥਾਂ ’ਤੇ ਲਾਲ ਰੰਗ ਫੇਰ ਦਿੱਤਾ ਗਿਆ
ਕਿ ਰਾਜੀਵ ਗਾਂਧੀ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ, ਜਿਸ ਕਰਕੇ ਉੇਸਦਾ ਬੁੱਤ ਕਾਲਾ ਕਰਕੇ ਅਸਲ ਰੰਗਤ ਦਿੱਤੀ ਗਈ ਹੈ। ਇਸ ਤੋਂ ਬਾਅਦ ਇੱਕ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਆਪਣੀ ਦਸਤਾਰ ਨਾਲ ਬੁੱਤ ਸਾਫ਼ ਕਰਦਾ ਨਜ਼ਰ ਆਇਆ। ਉਹ ‘ਦਸਤਾਰ’ ਜੋ ਬਹੁਤ ਕੁਰਬਾਨੀਆਂ ਨਾਲ ਮਿਲੀ, ਇਹ ਆਗੂ ਉਸ ਨਾਲ ਬੁੱਤ ਨੂੰ ਸਾਫ਼ ਕਰਕੇ ਨੰਬਰ ਬਣਾਉਣ ਦੀ ਕੋਸ਼ਿਸ਼ ਕਰਦਾ ਪ੍ਰਤੀਤ ਹੋਇਆ, ਕਿਉਂਕਿ ਇਸ ਨੇ ਆਪਣੇ ਫੇਸਬੁੱਕ ‘ਤੇ ਜੋ ਵੀਡੀਓ ਸ਼ੇਅਰ ਕੀਤੀ ਉਸ ’ਚ ਵੀਡੀਓ ਬਣਾਉਣ ਵਾਲਾ ਵੀ ਪੁੱਛ ਰਿਹਾ ਹੈ ਕਿ ਬਸ ਕਰਾਂ, ਬਹੁਤ ਐ।
ਫਿਰ ਕਾਂਗਰਸੀ ਐੱਮ.ਪੀ. ਰਵਨੀਤ ਬਿੱਟੂ ਵੀ ਕੱਚੀ ਲੱਸੀ ਨਾਲ ਬੁੱਤ ਸਾਫ ਕਰਦੇ ਤੇ ਅਕਾਲੀਆਂ ’ਤੇ ਵਰ੍ਹਦੇ ਨਜ਼ਰ ਆਏ। ਕੁੱਲ ਮਿਲਾ ਕੇ ਰੱਜ ਕੇ ਡਰਾਮਾ ਹੋਇਆ, ਪਰ ਸੋਚਣ ਦੀ ਗੱਲ ਹੈ ਇਸ ਨਾਲ ਉਹਨਾਂ ਬੇਦੋਸ਼ੇ ਸਿੱਖਾਂ ਨੂੰ ਕੀ ਰਾਹਤ ਮਿਲੇਗੀ ਜਿਹਨਾਂ 1984 ਦਾ ਸੰਤਾਪ ਭੋਗਿਆ। ਇਹ ਸਿਆਸੀ ਲੋਕ ਜੇ ਇੰਨੇ ਹੀ ਸੰਜੀਦਾ ਹੁੰਦੇ ਤਾਂ ਸ਼ਾਇਦ ’84 ‘ਚ ਮਾਰੇ ਗਏ ਸਿੱਖਾਂ ਨੂੰ ਇਨਸਾਫ਼ ਲਈ 34 ਸਾਲ ਦਾ ਸਮਾਂ ਨਾ ਲੱਗਦਾ ਅਤੇ 34 ਸਾਲਾਂ ਬਾਅਦ ਵੀ ਮੁੱਖ ਮੁਲਜ਼ਮਾਂ ਦੀ ਸੂਚੀ ’ਚ ਸ਼ਾਮਿਲ ਆਗੂ ਖੁੱਲੇਆਮ ਨਾ ਘੁੰਮਦੇ ਜਾਂ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦਿਆਂ ਨਾਲ ਨਾ ਨਵਾਜਿਆ ਜਾਂਦਾ।
ਹੈਰਾਨੀ ਦੀ ਗੱਲ ਹੈ ਕਿ 84 ਦੇ ਸੰਤਾਪ ਦੀ ਗੱਲ ਕਰਨ ਵਾਲੇ ਸਿਆਸਤਦਾਨ ਅਸਲ ’ਚ 84 ਦੇ ਸੇਕ ਤੋਂ ਕੋਹਾਂ ਦੂਰ, ਆਪਣੀ ਕੁਰਸੀ ਦੀ ਰਾਜਨੀਤੀ ’ਚ ਲੱਗੇ ਹੋਏ ਹਨ। ਸ਼ਹਿਰਾਂ ਦੇ ਨਾਂ ਬਦਲਣ, ਬੁੱਤ ਬਣਾਉਣ, ਬੁੱਤਾਂ ’ਤੇ ਕਾਲਖ ਫੇਰਨ, ਚੌਂਕਾਂ ਅਤੇ ਰਾਹਾਂ ਦੇ ਨਾਂ ਬਦਲਣ ’ਤੇ ਸਿਆਸਤ ਜ਼ਿਆਦਾ ਹੋ ਰਹੀ ਹੈ ਅਤੇ ਆਮ ਜਨਤਾ ਜੋ ਮਹਿੰਗਾਈ, ਬੇਰੁਜ਼ਗਾਰੀ, ਨਸ਼ੇ, ਖੁਦਕੁਸ਼ੀਆਂ ਦੇ ਰਾਹ ਪਈ ਕਿਸਾਨੀ ਵਰਗੇ ਮੁੱਦਿਆਂ ਦੇ ਹੱਲ ਮੰਗ ਰਹੀ ਹੈ ਉਸਦਾ ਕਿਤੇ ਕੋਈ ਜ਼ਿਕਰ ਹੀ ਨਹੀਂ ਹੋ ਰਿਹੈ। ਅਕਸਰ ਕਹਿ ਦਿੱਤਾ ਜਾਂਦੈ ਕਿ ਸਿਆਸਤਦਾਨਾਂ ਨੂੰ ਸੋਚਣ ਦੀ ਲੋੜ ਹੈ, ਇਹ ਕਰਨ ਜਾਂ ਉਹ ਕਰਨ ਦੀ ਲੋੜ ਹੈ,
ਪਰ ਮੌਜੂਦਾ ਹਾਲਾਤਾਂ ਨੂੰ ਦੇਖ ਇਹ ਕਹਿਣਾ ਬਣਦਾ ਹੈ ਕਿ ਸਿਆਸਤਦਾਨਾਂ ਨੂੰ ਆਪਣੇ ਅੰਦਰ ਮਰ ਚੁੱਕੀ ਇਨਸਾਨੀਅਤ ਨੂੰ ਜਗਾਉਣ ਦੀ ਲੋੜ ਹੈ।