ਵਿਆਹਾਂ ‘ਤੇ ਵੀ ਚੜ੍ਹਿਆ ਕਿਸਾਨੀ ਸੰਘਰਸ਼ ਦਾ ਰੰਗ, ਫੁੱਲਾਂ ਵਾਲੀ ਕਾਰ 'ਤੇ ਲਹਿਰਾਇਆ ਕਿਸਾਨੀ ਝੰਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਆਹ ਸਮਾਰੋਹ ਵਿਚ ਆਏ ਬਰਾਤੀਆਂ ਨੇ ਕਿਸਾਨ ਜਥੇਬੰਦੀਆਂ ਦੇ ਝੰਡੇ ਗੱਡ ਕੇ ਪਾਏ ਪੱਗੜੇ

Farmer flags

ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ ਜਾਰੀ ਕਿਸਾਨੀ ਸੰਘਰਸ਼ ਪੰਜਾਬੀਆਂ ਦੇ ਤਿੱਥ-ਤਿਉਹਾਰਾਂ 'ਤੇ ਵਿਸ਼ੇਸ਼ ਛਾਪ ਛੱਡ ਰਿਹਾ ਹੈ। ਇਸ ਵਾਰ ਤਿਉਹਾਰਾਂ ਦੇ ਸੀਜ਼ਨ ਵੀ ਕਿਸਾਨੀ ਰੰਗ ਵਿਚ ਰੰਗਿਆ ਬੀਤਿਆ। ਦੁਸ਼ਹਿਰੇ ਤੋਂ ਸ਼ੁਰੂ ਹੋ ਕੇ ਲੋਹੜੀ ਤਕ ਹੋਏ ਸਾਰੇ ਤਿਉਹਾਰਾਂ ਮੌਕੇ ਕਿਸਾਨੀ ਮਸਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਰੱਜ ਕੇ ਭੜਾਸ ਕੱਢੀ ਗਈ। ਹੁਣ ਇਸ ਸੰਘਰਸ਼ ਦਾ ਅਸਰ ਵਿਆਹਾਂ ਵਿਚ ਵੀ ਨਜ਼ਰ ਆ ਰਿਹਾ ਹੈ।

ਕਿਸਾਨੀ ਅੰਦੋਲਨ ਨੂੰ ਸਮਰਥਨ ਦੇਣ ਦੇ ਮਕਸਦ ਨਾਲ ਬਰਾਤ ਚੜ੍ਹਣ ਤੋਂ ਪਹਿਲਾਂ ਬਰਾਤ ਵਲੋਂ ਕਿਸਾਨੀ ਧਰਨਿਆਂ ਵਿਚ ਸ਼ਮੂਲੀਅਤ ਦਾ ਸਿਲਸਿਲਾ ਪਿਛਲੇ ਦਿਨਾਂ ਦੌਰਾਨ ਸ਼ੁਰੂ ਹੋਇਆ ਸੀ ਜੋ ਬਾਦਸਤੂਰ ਜਾਰੀ ਹੈ। ਤਾਜ਼ਾ ਮਾਮਲਾ ਪੰਜਾਬ ਦੇ ਬਠਿੰਡਾ ਇਲਾਕੇ ਵਿਚ ਵੀ ਵੇਖਣ ਨੂੰ ਮਿਲਿਆ ਹੈ, ਜਿੱਥੇ ਵਿਆਹ ਵਿਚ ਲਾੜਾ ਕਿਸਾਨ ਜਥੇਬੰਦੀਆਂ ਦੇ ਝੰਡੇ ਨਾਲ ਬਾਰਾਤ ਲੈ ਕੇ ਪਹੁੰਚਿਆ।

ਵਿਆਹ ਸਮਾਰੋਹ ਵਿਚ ਆਈ ਬਾਰਾਤੀ ਨੇ ਕਿਸਾਨ ਜਥੇਬੰਦੀਆਂ ਦੇ ਝੰਡੇ ਗੱਡ ਕੇ ਵੀ ਖੂਬ ਭੰਗੜਾ ਪਾਇਆ। ਵਿਆਹ ਸਮਾਗਮ ਵਿਚ ਸ਼ਾਮਲ ਕਿਸਾਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਅੜੀ ਛੱਡ ਕੇ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਕਿਸਾਨਾਂ ਮੁਤਾਬਕ 26 ਜਨਵਰੀ ਦੀ ਟਰੈਕਟਰ ਰੈਲੀ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦੇਵੇਗੀ। ਜੇਕਰ ਸਰਕਾਰ ਨੇ ਇਸ ਤੋਂ ਫਿਰ ਵੀ ਸਬਕ ਨਾ ਸਿਖਿਆ ਤਾਂ ਭਾਜਪਾ ਨੂੰ ਸਿਆਸੀ ਤੌਰ ਤੇ ਇਸ ਦਾ ਵੱਡਾ ਮੁੱਲ ਤਾਰਨਾ ਪਵੇਗਾ।

ਕਿਸਾਨ ਆਗੂਆਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਹੜੀ ਵੀ ਹਾਕਮ ਧਿਰ ਨੇ ਕਿਸਾਨੀ ਨਾਲ ਪੰਗਾ ਲਿਆ ਹੈ, ਉਸ ਦਾ ਪੱਤਣ ਉਸ ਸਮੇਂ ਤੋਂ ਹੀ ਸ਼ੁਰੂ ਹੁੰਦਾ ਰਿਹਾ ਹੈ। ਇਹੀ ਕੁੱਝ ਮੌਜੂਦ ਸਰਕਾਰ ਨਾਲ ਵਾਪਰਨ ਵਾਲਾ ਹੈ। ਇਸ ਲਈ ਸਰਕਾਰ ਨੂੰ ਇਤਿਹਾਸ ਤੋਂ ਸੇਧ ਲੈਂਦਿਆਂ ਕਿਸਾਨਾਂ ਦੀ ਹੱਕੀ ਮੰਗ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਘੱਟੋ ਘੱਟ ਸਮਰਥਨ ਮੁੱਲ ਕਾਨੂੰਨੀ ਮਾਨਤਾ ਦੇ ਕੇ ਸੰਘਰਸ਼ ਨੂੰ ਸਮਾਪਤ ਕਰਵਾਉਣਾ ਚਾਹੀਦਾ ਹੈ।