ਕਿਸਾਨ ਮਹਿਲਾ ਦਿਵਸ ‘ਤੇ ਗੁਰਸਿੱਖ ਬੀਬੀ ਦਾ ਕਿਸਾਨ ਬੀਬੀਆਂ ਨੂੰ ਖ਼ਾਸ ਸੁਨੇਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

“ਤੋੜੋ ਪੈਰਾਂ ਦੀ ਜੰਜੀਰ ਨੂੰ ਬਦਲੋ ਕਿਸਾਨੀ ਦੀ ਤਕਦੀਰ ਨੂੰ”

Sikh Woman

ਬਠਿੰਡਾ (ਅਮਨਦੀਪ ਗੋਸਲ):  ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਦਿੱਲੀ ਤੋਂ ਇਲ਼ਾਵਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਕਿਸਾਨ ਮਹਿਲਾ ਦਿਵਸ ਮਨਾਇਆ ਗਿਆ। ਇਸ ਦੌਰਾਨ ਬਠਿੰਡਾ ਜ਼ਿਲ੍ਹੇ ਵਿਚ ਵੀ ਔਰਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਔਰਤਾਂ ਵੱਲੋਂ ਬਠਿੰਡਾ ਵਿਖੇ ਸਥਿਤ ਡੀਸੀ ਦਫਤਰ ਦਾ ਘਿਰਾਓ ਕਰ ਕੇ ਵੱਡੇ ਪੱਧਰ ‘ਤੇ ਨਾਅਰੇਬਾਜ਼ੀ ਕੀਤੀ।

ਇਸ ਦੌਰਾਨ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਬੀਬੀ ਬਲਜਿੰਦਰ ਕੌਰ ਨੇ ਕਿਸਾਨ ਬੀਬੀਆਂ ਨੂੰ ਖਾਸ ਸੁਨੇਹਾ ਦਿੱਤਾ। ਉਹਨਾਂ ਕਿਹਾ, “ਤੋੜੋ ਪੈਰਾਂ ਦੀ ਜੰਜੀਰ ਨੂੰ ਬਦਲੋ ਕਿਸਾਨੀ ਦੀ ਤਕਦੀਰ ਨੂੰ”। ਉਹਨਾਂ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਤੁਸੀਂ ਮਾਤਾ ਗੁਜਰ ਕੌਰ ਤੇ ਮਾਤਾ ਭਾਗ ਕੌਰ ਦੀਆਂ ਵਾਰਸਾਂ ਹੋ, ਇਸ ਲਈ ਕਿਸਾਨੀ ਘੋਲ ਵਿਚ ਵਧ ਚੜ ਕੇ ਹਿੱਸਾ ਲਵੋ। ਜੇਕਰ ਔਰਤਾਂ ਕਿਸਾਨ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਕਾਲੇ ਕਾਨੂੰਨ ਰੱਦ ਹੋਣਗੇ।

ਕਿਸਾਨਾਂ ਨੂੰ ਅੱਤਵਾਦੀ ਕਹਿਣ ‘ਤੇ ਕਿਸਾਨ ਬੀਬੀ ਨੇ ਕਿਹਾ ਕਿ ਸੜਕਾਂ ‘ਤੇ ਕਿਸਾਨ ਬੀਬੀ ਨੇ ਕਿਹਾ ਕਿ ਸੜਕਾਂ ‘ਤੇ ਲੰਗਰ ਲਗਾ ਰਹੇ ਤੇ ਸਰਬੱਤ ਦਾ ਭਲਾ ਮੰਗ ਰਹੇ ਕਿਸਾਨ ਸਰਕਾਰ ਨੂੰ ਅੱਤਵਾਦੀ ਲੱਗ ਰਹੇ ਹਨ। ਪਰ ਜਦੋਂ ਇਹੀ ਲੋਕ ਕੁਦਰਤੀ ਆਫਤਾਂ ਜਾਂ ਮਹਾਂਮਾਰੀ ਮੌਕੇ ਲੰਗਰ ਲਗਾਉਂਦੇ ਹਨ ਤਾਂ ਉਹ ਸਰਕਾਰਾਂ ਨੂੰ ਮਸੀਹੇ ਲੱਗਦੇ ਹਨ।

ਇੱਥੇ ਪਹੁੰਚੀ ਇਕ ਵਿਦਿਆਰਥਣ ਨੇ ਦੱਸਿਆ ਕਿ ਔਰਤਾਂ ਪਿਛਲੇ ਕਈ ਦਿਨਾਂ ਤੋਂ ਕਿਸਾਨ ਅੰਦੋਲਨ ਦਾ ਹਿੱਸਾ ਬਣ ਰਹੀਆਂ ਹਨ। ਉਹਨਾਂ ਕਿਹਾ ਕਿ ਵਿਦਿਆਰਥੀ ਹੋਣ ਦੇ ਨਾਤੇ ਸਾਡਾ ਫਰਜ਼ ਹੈ ਕਿ ਅਸੀਂ ਲੋਕਾਂ ਨੂੰ ਅਪਣੇ ਹੱਕਾਂ ਤੇ ਕਾਨੂੰਨਾਂ ਬਾਰੇ ਜਾਣੂ ਕਰਵਾਈਏ। ਉਹਨਾਂ ਹੋਰ ਵਿਦਿਆਰਥੀਆਂ ਨੂੰ ਵੀ ਇਸ ਸੰਘਰਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ।

ਇਸ ਤੋਂ ਇਲਾਵਾ ਵਿਦਿਆਰਥਣ ਨੇ ਕਿਹਾ ਕਿ ਜਿਸ ਦਾ ਸਬੰਧ ਰੋਟੀ ਨਾਲ ਹੈ, ਉਹ ਦਾ ਸਬੰਧ ਕਿਸਾਨੀ ਮੋਰਚੇ ਤੇ ਕਿਸਾਨੀ ਨਾਲ ਵੀ ਹੈ। 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਬਾਰੇ ਗੱਲ਼ ਕਰਦਿਆਂ ਵਿਦਿਆਰਥਣ ਨੇ ਕਿਹਾ ਕਿ ਕਈ ਲੋਕ 26 ਜਨਵਰੀ ਨੂੰ ਲੈ ਕੇ ਅਫਵਾਹਾਂ ਫੈਲਾਅ ਰਹੇ ਹਨ, ਸਾਨੂੰ ਇਸ ਤੋਂ ਸੁਚੇਤ ਹੋਣ ਦੀ ਲੋੜ ਹੈ।