ਗੁਰਦਾਸਪੁਰ: ਕੌਮਾਂਤਰੀ ਸਰਹੱਦ ’ਤੇ ਮੁੜ ਡਰੋਨ ਦੀ ਦਸਤਕ: ਤਲਾਸ਼ੀ ਦੌਰਾਨ 4 ਚੀਨੀ ਪਿਸਤੌਲ ਤੇ 8 ਮੈਗਜ਼ੀਨ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਰੱਖਿਆ ਬਲਾਂ ਦੀ ਟੀਮ ਨੇ ਡਰੋਨ ਵੱਲੋਂ ਸੁੱਟੇ ਗਏ 4 ਚੀਨੀ ਪਿਸਤੌਲ, 8 ਮੈਗਜ਼ੀਨ ਅਤੇ 47 ਕਾਰਤੂਸ ਬਰਾਮਦ ਕੀਤੇ ਹਨ।

BSF seizes arms dropped by drone in Gurdaspur

 

ਗੁਰਦਾਸਪੁਰ: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਇਕ ਵਾਰ ਫਿਰ ਡਰੋਨ ਨੇ ਦਸਤਕ ਦਿੱਤੀ ਹੈ। ਇਸ ਦੌਰਾਨ ਸੀਮਾ ਸੁਰੱਖਿਆ ਬਲਾਂ ਨੇ ਤਸਕਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ 17-18 ਜਨਵਰੀ 2023 ਦੀ ਰਾਤ ਨੂੰ ਸੀਮਾ ਸੁਰੱਖਿਆ ਬਲ ਨੇ ਗੁਰਦਾਸਪੁਰ ਦੇ ਪਿੰਡ ਉੱਚਾ ਟਕਲਾ 'ਚ ਪਾਕਿਸਤਾਨੀ ਡਰੋਨ ’ਤੇ ਗੋਲੀਬਾਰੀ ਕੀਤੀ। ਸੁਰੱਖਿਆ ਬਲਾਂ ਦੀ ਟੀਮ ਨੇ ਡਰੋਨ ਵੱਲੋਂ ਸੁੱਟੇ ਗਏ 4 ਚੀਨੀ ਪਿਸਤੌਲ, 8 ਮੈਗਜ਼ੀਨ ਅਤੇ 47 ਕਾਰਤੂਸ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ: ਪੁਲਿਸ ਵਰਦੀ ਦੀ ‘ਦੁਰਵਰਤੋਂ’ ਨੂੰ ਲੈ ਕੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ, ਅਦਾਲਤ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

ਬੀਐਸਐਫ ਨੇ ਦੱਸਿਆ ਕਿ 17-18 ਜਨਵਰੀ ਨੂੰ ਗੁਰਦਾਸਪੁਰ ਦੇ ਪਿੰਡ ਉੱਚਾ ਟਕਲਾ ਦੇ ਬਾਹਰਵਾਰ ਤਾਇਨਾਤ ਬੀਐਸਐਫ ਦੀ ਟੀਮ ਨੇ ਇਕ ਸ਼ੱਕੀ ਡਰੋਨ ਦੀ ਆਵਾਜ਼ ਸੁਣੀ। ਸ਼ੱਕੀ ਡਰੋਨ ਦੀ ਆਵਾਜ਼ ਸੁਣ ਕੇ ਬੀਐਸਐਫ ਦੀ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਗੋਲੀਬਾਰੀ ਕੀਤੀ। ਗੋਲੀਬਾਰੀ ਦੌਰਾਨ ਪਾਰਟੀ ਨੂੰ ਆਸ-ਪਾਸ ਦੇ ਇਲਾਕੇ 'ਚ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਵੀ ਸੁਣਾਈ ਦਿੱਤੀ। ਜਦੋਂ ਉਹਨਾਂ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਤਾਂ ਇਕ ਪੈਕਟ 'ਚ ਚਾਰ ਚੀਨੀ ਪਿਸਤੌਲ, ਅੱਠ ਮੈਗਜ਼ੀਨ ਬੰਨ੍ਹੇ ਹੋਏ ਮਿਲੇ।

ਇਹ ਵੀ ਪੜ੍ਹੋ: ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਦੀਆਂ ਤਰੀਕਾਂ ’ਚ ਬਦਲਾਅ 

ਬੀਐਸਐਫ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐਸਐਫ ਦੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ ਅਤੇ ਜਵਾਨਾਂ ਨੇ ਕਰੀਬ 17 ਰਾਉਂਡ ਫਾਇਰ ਕੀਤੇ। ਇਸ ਦੌਰਾਨ ਡਰੋਨ ਤੋਂ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ। ਬੀਐਸਐਫ ਨੇ ਦੱਸਿਆ ਕਿ ਜਦੋਂ ਤਲਾਸ਼ੀ ਲਈ ਗਈ ਤਾਂ 1 ਪੈਕਟ ਬਰਾਮਦ ਹੋਇਆ, ਜਿਸ ਵਿਚੋਂ 4 ਚੀਨੀ ਪਿਸਤੌਲ, 8 ਮੈਗਜ਼ੀਨ ਅਤੇ 47 ਰੌਂਦ ਬਰਾਮਦ ਹੋਏ। ਉਹਨਾਂ ਕਿਹਾ ਕਿ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ।