ਫਰੀਦਕੋਟ ਦੇ ਕਾਂਗਰਸੀ ਯੂਥ ਪ੍ਰਧਾਨ ਗੁਰਲਾਲ ਭਲਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਰੀਦਕੋਟ ਤੋਂ ਬਹੁਤ ਦੁਖਦਾਈ ਖਬਰ ਸਾਹਮਣੇ ਆਈ ਹੈ...

Gurlal Bhalwan

ਫਰੀਦਕੋਟ: ਫਰੀਦਕੋਟ ਤੋਂ ਬਹੁਤ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿਸ ਵਿਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਜ਼ਿਲ੍ਹਾ ਫਰੀਦਕੋਟ ਦੇ ਯੂਥ ਪ੍ਰਧਾਨ ਕਾਂਗਰਸੀ ਆਗੂ ਗੁਰਲਾਲ ਭਲਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।

ਸੂਤਰਾਂ ਅਨੁਸਾਰ ਗੁਰਲਾਲ ਭਲਵਾਨ ਜਦੋਂ ਸਥਾਨਕ ਦੁਕਾਨ ਤੋਂ ਬਾਹਰ ਨਿਕਲ ਕੇ ਗੱਡੀ ਵਿਚ ਬੈਠਣ ਲੱਗੇ ਤਾਂ ਪਿਛੋਂ ਆਏ ਮੋਟਰਸਾਇਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੀ ਪਿੱਠ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਉਸਤੋਂ ਬਾਅਦ ਹਮਲਾਵਰ ਬਹੁਤ ਤੇਜ਼ੀ ਨਾਲ ਕੋਟਕਪੂਰਾ ਵਾਲੀ ਸਾਈਡ ਨੂੰ ਭੱਜ ਗਏ।

ਗੋਲੀਆਂ ਲੱਗਣ ਨਾਲ ਗੰਭੀਰ ਜਖ਼ਮੀ ਹੋਏ ਗੁਰਲਾਲ ਭਲਵਾਨ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਭਲਵਾਨ ਨੂੰ ਮ੍ਰਿਤਕ ਐਲਾਨਿਆ ਗਿਆ। ਦੱਸ ਦਈਏ ਕਿ ਇਹ ਘਟਨਾ ਜੁਬਲੀ ਸਿਨੇਮਾ ਘਰ ਦੇ ਨੇੜੇ ਹੋਈ ਹੈ। ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਤੋਂ ਪਹਿਲਾਂ ਵੀ ਅਜਿਹੇ ਕਈਂ ਮਾਮਲੇ ਸਾਹਮਣੇ ਆ ਚੁੱਕੇ ਹਨ ਜੋ ਪੰਜਾਬ ਦੇ ਲੋਕਾਂ ‘ਚ ਸਹਿਮ ਦਾ ਮਾਹੌਲ ਪੈਦਾ ਕਰ ਗਏ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ੀਆਂ ਖਿਲਾਫ਼ ਜਾਰੀ ਕੀਤੇ ਸਖਤ ਹੁਕਮ

ਫਰੀਦਕੋਟ 'ਚ ਗੋਲੀਆਂ ਮਾਰ ਕਤਲ ਕੀਤੇ ਗੁਰਲਾਲ ਭਲਵਾਨ ਦੀ ਮੌਤ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਨੂੰ ਦੋਸ਼ੀਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਕਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟ 'ਚ ਕਿਹਾ ਕਿ ਸਾਡੇ ਫਰੀਦਕੋਟ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ‘ਤੇ ਜਾਨਲੇਵਾ ਹਮਲੇ ਦੀ ਘਟਨਾ ਤੋਂ ਸਦਮਾ ਪਹੁੰਚਿਆ ਹੈ। ਘਟਨਾ ਦੀ ਤੇਜ ਜਾਂਚ ਨੂੰ ਯਕੀਨੀ ਬਣਾਉਣ ਅਤੇ ਇਸ ਘਿਨਾਉਣੇ ਕੰਮ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਫੜਨ ਲਈ ਡੀਜੀਪੀ ਪੰਜਾਬ ਨੂੰ ਨਿਰਦੇਸ਼ ਦਿੱਤੇ ਹਨ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।