ਕਿਸਾਨੀ ਸੰਘਰਸ਼ ਕਾਰਨ ਪੰਜਾਬ 'ਚ ਬੇਹੱਦ ਪਤਲੀ ਹੋਈ ਭਾਜਪਾ ਦੀ ਹਾਲਤ, ਨੋਟਾ ਤੋਂ ਵੀ ਘੱਟ ਮਿਲੀਆਂ ਵੋਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਈ ਥਾਈ ਜ਼ਬਤ ਹੋਈਆਂ ਜ਼ਮਾਨਤਾਂ, ਆਪਣਿਆਂ ਨੇ ਵੀ ਫੇਰਿਆ ਮੂੰਹ

Municipal Election Results

ਸ੍ਰੀ ਮੁਕਤਸਰ ਸਾਹਿਬ : ਪੰਜਾਬ ਅੰਦਰ ਮਿਊਂਸੀਪਲ ਚੋਣ ਨਤੀਜਿਆਂ ਨੇ ਭਾਜਪਾ ਦੀਆਂ ਗਿਣਤੀਆਂ ਮਿਣਤੀਆਂ ਨੂੰ ਪਿਛਲਪੈਰੀ ਕਰ ਦਿੱਤਾ ਹੈ। ਪੰਜਾਬ ਵਿਚ ਕਈ ਥਾਵਾਂ ਅਜਿਹੀਆਂ ਵੀ ਹਨ ਜਿੱਥੇ ਭਾਜਪਾ ਉਮੀਦਵਾਰਾਂ ਨੂੰ ਉਨ੍ਹਾਂ ਦੇ ਨਜ਼ਦੀਕੀਆਂ ਨੇ ਵੀ ਵੋਟਾਂ ਨਹੀਂ ਪਾਈਆਂ। ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਉਲ ਦੇ ਇਲਾਕੇ ਵਿਚਲੀ ਇਕ ਹਾਰੀ ਹੋਈ ਭਾਜਪਾ ਉਮੀਦਵਾਰ ਵਲੋਂ ਏਵੀਐਮ 'ਤੇ ਸਵਾਲ ਚੁੱਕਣ ਦੀ ਵੀਡੀਓ ਸ਼ੋਸ਼ਲ ਮੀਡੀਆ 'ਚ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਉਸ ਦੇ ਨਜ਼ਦੀਕੀਆਂ ਦੀਆਂ ਵੋਟਾਂ ਵੀ ਨਾ ਪੈਣ ਦੀ ਦੁਹਾਈ ਦੇ ਰਹੀ ਹੈ। ਇਸ ਨੂੰ ਲੈ ਕੇ ਲੋਕ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਜ਼ਿਆਦਾਤਰ ਲੋਕ ਇਸ ਨੂੰ ਕਿਸਾਨੀ ਅੰਦੋਲਨ ਦਾ ਅਸਰ ਦੱਸ ਰਹੇ ਹਨ।

ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਕਈ ਵਾਰਡਾਂ ਅੰਦਰ ਭਾਜਪਾ ਉਮੀਦਵਾਰਾਂ ਨੂੰ ਨੋਟਾ ਤੋਂ ਵੀ ਘੱਟ ਵੋਟਾਂ ਮਿਲਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ।
ਸੂਤਰਾਂ ਮੁਤਾਬਕ ਭਾਜਪਾ ਨੇ 31 ’ਚੋਂ 22 ਵਾਰਡਾਂ ’ਚ ਆਪਣੇ  ਉਮੀਦਵਾਰ ਐਲਾਨੇ ਸਨ। ਵਾਰਡ ਨੰਬਰ 1 ’ਚ ਭਾਜਪਾ ਨੂੰ 30 ਅਤੇ ਨੋਟਾ ਨੂੰ 28 ਵੋਟ ਮਿਲੇ ਹਨ। ਵਾਰਡ ਨੰਬਰ 2 ਤੋਂ ਭਾਜਪਾ ਉਮੀਦਵਾਰ ਨੂੰ 20 ਜਦਕਿ ਨੋਟਾ ਨੂੰ 21 ਵੋਟਾਂ ਪਈਆਂ ਹਨ। ਵਾਰਡ ਨੰਬਰ 3 ਵਿਚ ਉਮੀਦਵਾਰ ਨੂੰ 18 ਤੇ ਨੋਟਾ ਨੂੰ 26, ਵਾਰਡ  ਨੰਬਰ 4 ’ਚ ਭਾਜਪਾ ਨੂੰ 4 ਅਤੇ ਨੋਟਾ ਨੂੰ 41, ਵਾਰਡ ਨੰਬਰ 5 ਵਿਚ ਨੋਟਾ ਅਤੇ ਭਾਜਪਾ ਨੂੰ ਬਰਾਬਰ 19 ਵੋਟ ਮਿਲੇ ਹਨ।

ਇਸੇ ਤਰ੍ਹਾਂ ਵਾਰਡ ਨੰਬਰ 6 ਵਿਚ ਨੋਟਾ ਨੂੰ 18 ਅਤੇ ਭਾਜਪਾ ਨੂੰ 71, ਜਦਕਿ 7 ਵਿਚ ਨੋਟਾ ਨੂੰ 31 ਤੇ ਭਾਜਪਾ ਨੂੰ 58,  ਵਾਰਡ 9 ’ਚ ਨੋਟਾ ਨੂੰ 17 ਅਤੇ ਭਾਜਪਾ ਨੂੰ 31, 10 ਵਿਚ ਭਾਜਪਾ  23 ਤੇ ਨੋਟਾ ਨੂੰ 14, ਵਾਰਡ ਨੰਬਰ 11 ਅਤੇ 12 ਵਿਚ ਭਾਜਪਾ ਦਾ ਉਮੀਦਵਾਰ ਨਹੀਂ ਸੀ। 13 ਵਾਰਡ ਨੰਬਰ ਵਿਚ ਨੋਟਾ ਨੂੰ 10, ਭਾਜਪਾ ਨੂੰ 30, 14 ਵਾਰਡ ਨੰਬਰ ਵਿਚ ਨੋਟਾ ਨੂੰ 12 ਤੇ ਭਾਜਪਾ ਨੂੰ 20, ਵਾਰਡ ਨੰਬਰ 15 ਵਿਚ ਨੋਟਾ ਨੂੰ 26 ਅਤੇ ਭਾਜਪਾ ਨੂੰ 37, ਵਾਰਡ ਨੰਬਰ 16 ਅਤੇ ਵਾਰਡ ਨੰਬਰ 17 ਵਿਚ ਵੀ ਭਾਜਪਾ ਦੇ ਉਮੀਦਵਾਰ ਨਹੀਂ ਸਨ। 18 ਵਾਰਡ ਨੰਬਰ ’ਚ ਭਾਜਪਾ ਨੂੰ 7 ਜਦਕਿ ਨੋਟਾ ਨੂੰ 9 ਵੋਟਾ ਪਈਆਂ ਹਨ। ਵਾਰਡ ਨੰਬਰ 19 ਵਿਚ  ਨੋਟਾ ਨੂੰ 24 ਅਤੇ ਭਾਜਪਾ ਨੂੰ 215,  ਵਾਰਡ ਨੰਬਰ 20 ’ਚ ਨੋਟਾ ਨੂੰ 10 ਅਤੇ ਭਾਜਪਾ ਨੂੰ 25, ਵਾਰਡ ਨੰਬਰ 21 ਵਿਚ ਵੀ ਭਾਜਪਾ ਦਾ ਉਮੀਦਵਾਰ ਨਹੀਂ ਸੀ।

ਇਸ ਤੋਂ ਇਲਾਵਾ 22 ਵਾਰਡ ਨੰਬਰ ਵਿਚ ਵੀ ਭਾਜਪਾ ਨੂੰ 15 ਅਤੇ ਨੋਟਾ  ਨੂੰ 14 ਵੋਟ ਮਿਲੇ।  24 ਵਿਚ ਭਾਜਪਾ ਦੇ ਉਮੀਦਵਾਰ ਨੇ 194 ਵੋਟਾਂ ਪ੍ਰਾਪਤ ਕੀਤੀਆਂ ਹਨ। ਜਦਕਿ 25 ਨੰਬਰ ਵਿਚ ਵੀ ਭਾਜਪਾ ਉਮੀਦਵਾਰ ਨਹੀਂ ਸੀ ਅਤੇ 26 ਵਿਚੋਂ ਭਾਜਪਾ ਉਮੀਦਵਾਰ ਜੇਤੂ ਰਿਹਾ ਹੈ। 27 ਵਿਚ ਭਾਜਪਾ ਨੂੰ 77 ਤੇ ਨੋਟਾ ਨੂੰ 17, 28 ਵਿਚ ਭਾਜਪਾ ਨੂੰ 15 ਅਤੇ ਨੋਟਾ ਨੂੰ 17, 29 ਅਤੇ 30 ਵਾਰਡ ’ਚ ਵੀ ਭਾਜਪਾ ਉਮੀਦਵਾਰ ਨਹੀਂ ਸੀ। ਜਦਕਿ 31 ਵਾਰਡ ਨੰਬਰ ਵਿਚ ਭਾਜਪਾ ਨੂੰ 10 ਅਤੇ ਨੋਟਾ ਨੂੰ 21 ਵੋਟ ਮਿਲੇ ਹਨ। ਇਹ ਨਤੀਜੇ ਦੇਖ ਇੰਝ ਜਾਪ ਰਿਹਾ ਜਿਵੇਂ ਇਸ ਦੌਰਾਨ ਭਾਜਪਾ ਅਤੇ ਨੋਟਾ ਦਾ ਮੁਕਾਬਲਾ ਚਲ ਰਿਹਾ ਹੋਵੇ। ਵਰਨਣਯੋਗ ਹੈ ਕਿ ਛੇ ਵਾਰਡਾਂ ’ਚ ਨੋਟਾ ਨੇ ਭਾਜਪਾ ਨਾਲੋਂ ਵਧ ਵੋਟਾਂ ਪ੍ਰਾਪਤ ਕੀਤੀਆਂ ਜਦਕਿ ਇਕ ਵਾਰਡ ’ਚ ਭਾਜਪਾ ਅਤੇ ਨੋਟਾ ਨੂੰ ਬਰਾਬਰ ਵੋਟਾਂ ਮਿਲੀਆ।