ਦੇਸ਼ ਭਰ ’ਚ ਰੇਲਾਂ ਦਾ ਚੱਕਾ ਜਾਮ, ਵੱਖ-ਵੱਖ ਥਾਈਂ ਕਿਸਾਨਾਂ ਨੇ ਰੇਲਵੇ ਲਾਈਨਾਂ ’ਤੇ ਲਾਏ ਧਰਨੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਯੁਕਤ ਮੋਰਚੇ ਦੇ ਸੱਦੇ ਨੂੰ ਦੇਸ਼ ਭਰ ਵਿਚ ਮਿਲ ਰਿਹਾ ਭਰਵਾਂ ਹੁੰਗਾਰਾ

Farmers Protest

ਚੰਡੀਗੜ੍ਹ: ਖੇਤੀ ਕਾਨੂੰਨਾਂ ਕਿਸਾਨੀ ਸੰਘਰਸ਼ ਜਾਰੀ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੇਸ਼-ਵਿਆਪੀ ਰੇਲ ਰੋਕੋ ਪ੍ਰੋਗਰਾਮ ਦਾ ਸੱਦਾ ਦਿੱਤਾ ਗਿਆ। ਸੰਯੁਕਤ ਮੋਰਚੇ ਦੇ ਸੱਦੇ ਨੂੰ ਦੇਸ਼ ਭਰ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਲੁਧਿਆਣਾ ਵਿਖੇ ਰੋਕੀਆਂ ਗਈਆਂ ਰੇਲਾਂ

ਇਸ ਦੌਰਾਨ ਪੰਜਾਬ ਹਰਿਆਣਾ ਤੋਂ ਇਲਾਵਾ ਹੋਰ ਸੂਬਿਆਂ ਵਿਚ ਵੀ ਕਿਸਾਨਾਂ ਵੱਲੋਂ ਰੇਲਾਂ ਰੋਕੀਆਂ ਜਾ ਰਹੀਆਂ ਹਨ। ਇਸ ਦੌਰਾਨ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿਚ ਵੀ ਕਿਸਾਨ ਜਥੇਬੰਦੀਆਂ ਨੇ ਰੇਲਵੇ ਸਟੇਸ਼ਨ ‘ਤੇ ਜਾ ਕੇ ਰੋਲਾਂ ਰੋਕੀਆਂ।

ਹੁਸ਼ਿਆਪੁਰ ਵਿਖੇ ਕਿਸਾਨਾਂ ਨੇ ਰਲਵੇ ਲਾਈਨਾਂ ‘ਤੇ ਲਾਇਆ ਧਰਨਾ

ਰੇਲ ਰੋਕੋ ਪ੍ਰੋਗਰਾਮ ਦੇ ਚਲਦਿਆਂ ਅੱਜ ਹੁਸ਼ਿਆਰਪੁਰ ਦੇ ਮੰਡਿਆਲਾ ਵਿਖੇ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ 'ਤੇ ਧਰਨਾ ਲਾਇਆ ਗਿਆ ਹੈ। ਧਰਨੇ ‘ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਕਿਸਾਨਾਂ ਵਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਫਿਰੋਜ਼ਪੁਰ-ਲੁਧਿਆਣਾ ਰੇਲ ਮਾਰਗ 'ਤੇ ਧਰਨਾ ਲਾਇਆ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੀਤਾ ਗਿਆ ਚੱਕਾ ਜਾਮ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮਾਨਸਾ ਵਿਖੇ ਰੇਲਵੇ ਲਾਈਨਾਂ ਰੋਕ ਕੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਔਰਤਾਂ, ਨੌਜਵਾਨ ਅਤੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ।

ਪਟਨਾ ਵਿਚ ਜਨ ਅਧਿਕਾਰ ਪਾਰਟੀ ਨੇ ਰੋਕੀਆਂ ਰੇਲਾਂ

ਇਸ ਤੋਂ ਇਲਾਵਾ ਬਿਹਾਰ ਦੇ ਪਟਨਾ ਵਿਚ ਵੀ ਜਨ ਅਧਿਕਾਰ ਪਾਰਟੀ ਦੇ ਵਰਕਰਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਰੇਲਾਂ ਰੋਕੀਆਂ। ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਨੂੰ ਦੇਖਦਿਆਂ ਦੇਸ਼ ਭਰ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਵੱਖ-ਵੱਖ ਥਾਵਾਂ ‘ਤੇ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਦੱਸ ਦਈਏ ਕਿ ਅੱਜ ਕਿਸਾਨਾਂ ਵੱਲੋਂ ਅੱਜ 12 ਤੋਂ ਸ਼ਾਮ 4 ਵਜੇ ਤਕ ਰੇਲਾਂ ਰੋਕਣ ਦਾ ਪ੍ਰੋਗਰਾਮ ਦਿੱਤਾ ਗਿਆ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਸੰਘਰਸ਼ ਨੂੰ ਹੋਰ ਤੇਜ਼ ਕਰੇਗਾ ਅਤੇ ਇਸ ਦੇ ਸਮਰਥਨ ਵਿਚ ਵਧੇਰੇ ਕਿਸਾਨਾਂ ਨੂੰ ਲਾਮਬੰਦ ਕਰੇਗਾ। ਸੰਯੁਕਤ ਕਿਸਾਨ ਮੋਰਚੇ ਨੇ ਦੇਸ਼-ਵਿਆਪੀ ਰੇਲ-ਰੋਕੋ ਪ੍ਰੋਗਰਾਮ ਦੌਰਾਨ ਸ਼ਾਂਤਮਈ ਪ੍ਰਦਰਸ਼ਨ ਲਈ ਸਾਰਿਆਂ ਨੂੰ ਅਪੀਲ ਕੀਤੀ ਹੈ।