ਪੰਜਾਬ 'ਚ ਭਾਜਪਾ ਦੀ ਹਾਰ: ਚਿਦੰਬਰਮ ਦਾ ਮੋਦੀ ਨੂੰ ਸਵਾਲ,ਅਜੇ ਵੀ ਕਹੋਗੇ ਖੇਤੀ ਕਾਨੂੰਨ ਹਰਮਨਪਿਆਰੇ ?
ਕਿਹਾ, ਕਿਸਾਨਾਂ ਵਾਂਗ ਬਾਕੀ ਵਰਗ ਵੀ ਭਾਜਪਾ ਖਿਲਾਫ ਕਰਨਗੇ ਵੋਟਿੰਗ
ਚੰਡੀਗੜ੍ਹ: ਕਿਸਾਨੀ ਅੰਦੋਲਨ ਨੇ ਭਾਜਪਾ ਦੀਆਂ ਗਿਣਤੀਆਂ-ਮਿਣਤੀਆਂ ਨੂੰ ਪਿਛਲਪੈਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿਚ ਹੋਈਆਂ ਨਗਰ ਨਿਗਮ ਚੋਣਾਂ ਵਿਚ ਭਾਜਪਾ ਦੀ ਹੋਈ ਕਰਾਰੀ ਹਾਰ ਨੂੰ ਇਸੇ ਸੰਦਰਭ ਵਿਚ ਵੇਖਿਆ ਜਾ ਰਿਹਾ ਹੈ। ਕਾਂਗਰਸ ਪਾਰਟੀ ਵੱਲੋਂ ਨਤੀਜਿਆਂ ਤੋਂ ਉਤਸ਼ਾਹਿਤ ਹੋ ਕੇ ਭਾਜਪਾ ਵੱਲ ਨਿਸ਼ਾਨੇ ਸਾਧੇ ਜਾ ਰਹੇ ਹਨ।
ਕਾਂਗਰਸ ਦੀ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਵੀ ਕੇਂਦਰ ਸਰਕਾਰ ਨੂੰ ਹਾਰ ਯਾਦ ਕਰਵਾਉਂਦਿਆਂ ਤਿੱਖੇ ਸਵਾਲ ਕੀਤੇ ਹਨ। ਪੀ. ਚਿਦੰਬਰਮ ਨੇ ਪੰਜਾਬ ਦੀਆਂ ਇਨ੍ਹਾਂ ਚੋਣਾਂ ’ਚ ਭਾਜਪਾ ਦੇ ਪ੍ਰਦਰਸ਼ਨ ਤੋਂ ਬਾਅਦ ਅੱਜ ਟਵੀਟ ਕਰ ਕੇ ਪੁੱਛਿਆ, ਕੀ ਮੋਦੀ ਸਰਕਾਰ ਹੁਣ ਵੀ ਮੰਨਦੀ ਹੈ ਕਿ ਖੇਤੀ ਕਾਨੂੰਨ ਹਰਮਨਪਿਆਰੇ ਹਨ ਤੇ ਪੰਜਾਬ ਦੇ ਕਿਸਾਨਾਂ ਦਾ ਇਕ ਛੋਟਾ ਜਿਹਾ ਵਰਗ ਹੀ ਉਨ੍ਹਾਂ ਵਿਰੁੱਧ ਪ੍ਰਦਰਸ਼ਨ ਕਰ ਰਿਹਾ ਹੈ।
ਚਿਦੰਬਰਮ ਨੇ ਕਿਹਾ ਕਿ ਕਿਸਾਨ ਵੋਟਰ ਹਨ, ਤਾਂ ਸਾਡੇ ਪ੍ਰਵਾਸੀ ਮਜ਼ਦੂਰਾਂ, ਐਮਐਸਐਮਈ, ਬੇਰੋਜ਼ਗਾਰ ਤੇ ਗ਼ਰੀਬ ਪਰਿਵਾਰਾਂ ਦੇ ਵੋਟ ਪਾਉਣ ਦੀ ਵਾਰੀ ਆਵੇਗੀ, ਤਾਂ ਉਹ ਪੰਜਾਬ ਦੇ ਵੋਟਰਾਂ ਵਾਂਗ ਭਾਜਪਾ ਦੇ ਵਿਰੁੱਧ ਹੀ ਵੋਟਿੰਗ ਕਰਨਗੇ। ਸਰਕਾਰ ਦੀਆ ਗ਼ਲਤ ਘਰੇਲੂ ਨੀਤੀਆਂ ਕਾਰਣ ਹੀ ਵਿਦੇਸ਼ ਮੰਤਰਾਲਾ ਤੇਜ਼ੀ ਨਾਲ ਭਰੋਸੇਯੋਗਤਾ ਗੁਆਉਂਦਾ ਜਾ ਰਿਹਾ ਹੈ।
ਪੀ. ਚਿਦੰਬਰਮ ਪਹਿਲਾਂ ਵੀ ਮੋਦੀ ਸਰਕਾਰ ਦੀ ਕਈ ਵਾਰ ਤਿੱਖੀ ਆਲੋਚਨਾ ਕਰ ਚੁੱਕੇ ਹਨ। ਅੱਜ ਵੀਰਵਾਰ ਨੂੰ ਉਨ੍ਹਾਂ ਆਪਣੇ ਬਿਆਨ ’ਚ ਕਿਹਾ ਕਿ ਪੰਜਾਬ ਦੀਆਂ ਸਥਾਨਕ ਚੋਣਾਂ ’ਚ ਹਾਰ ਨੇ ਇਹ ਦਰਸਾ ਦਿੱਤਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਦੇਸ਼ ਨੇ ਨਕਾਰ ਦਿੱਤਾ ਹੈ।