ਜਾਣੋ ਕਿਉਂ ਨਹੀਂ ਹੋਇਆ 'ਆਪ' ਤੇ 'ਟਕਸਾਲੀਆਂ' 'ਚ ਗਠਜੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲਾਂ ਬਹੁਜਨ ਸਮਾਜ ਪਾਰਟੀ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਨੇਤਾਵਾਂ ਦੇ ਨਾਲ ਵੀ ਆਪ ਨੇਤਾਵਾਂ ਦੇ ਗਠਜੋੜ ਨੂੰ ਲੈ ਕੇ ਗੱਲ ਸਿਰੇ ਨਹੀਂ ਚੜ੍ਹ ਸਕੀ...

Bhagwant Maan with Ranjit Singh Brahmpura

ਸੰਗਰੂਰ : ਹਰ ਪਾਸੇ ਸੰਭਾਵਨਾਵਾਂ ਦੀ ਭਾਲ ਤੋਂ ਬਾਅਦ ਆਖਿਰਕਾਰ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਲੋਕ ਸਭਾ ਚੋਣ ਇਕੱਲਿਆ ਹੀ ਅਪਣੇ ਦਮ ‘ਤੇ ਲੜਨੀਆਂ ਹੋਣਗੀਆਂ। ਪਹਿਲਾਂ ਬਹੁਜਨ ਸਮਾਜ ਪਾਰਟੀ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਨੇਤਾਵਾਂ ਦੇ ਨਾਲ ਵੀ ਆਪ ਨੇਤਾਵਾਂ ਦੇ ਗਠਜੋੜ ਨੂੰ ਲੈ ਕੇ ਗੱਲ ਸਿਰੇ ਨਹੀਂ ਚੜ੍ਹ ਸਕੀ। ਮਾਮਲਾ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਨੂੰ ਲੈ ਕੇ ਉਲਝਿਆ, ਹਾਲਾਂਕਿ ਆਮ ਆਦਮੀ ਪਾਰਟੀ ਦਾ ਇਹ ਵੀ ਪ੍ਰਸਤਾਵ ਸੀ ਕਿ ਇਸ ਇਕ ਸੀਟ ਨੂੰ ਛੱਡ ਕੇ ਬਾਕੀ 12 ਦੇ ਲਈ ਗਠਜੋੜ ਕਰ ਲਿਆ ਜਾਵੇ, ਪਰ ਟਕਸਾਲੀ ਨੇਤਾਵਾਂ ਨੇ ਇਸ ਨੂੰ ਅਣਦੇਖਿਆ ਕੀਤਾ।

ਉੱਧਰ, ਗਠਜੋੜ ਦੀ ਗੱਲ ਸਿਰੇ ਨਾ ਚੜ੍ਹਨ ਸਬੰਧੀ ਪੁਛੇ ਜਾਣ ‘ਤੇ ਵਿਰੋਧੀ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਪੂਰਾ ਯਤਨ ਕੀਤਾ, ਪਰ ਬ੍ਰਹਮਪੁਰਾ ਦਾ ਮੋਦੀ ਪ੍ਰੇਮ ਆੜੇ ਆ ਗਿਆ। ਚੀਮਾ ਨੇ ਕਿਹਾ ਕਿ ਭਲਾ ਹੀ ਸ਼੍ਰੀ ਆਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਗੱਲਬਾਤ ਉਲਝ ਰਹੀ, ਪਰ ਅਸੀਂ ਸਪੱਸ਼ਟ ਕਰ ਦਿੱਤਾ ਸੀ ਕਿ ਕਿਉਂਕਿ ਆਪ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦਾ ਐਲਾਨ ਪੰਜ ਮਹੀਨੇ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ, ਇਸ ਲਈ ਉੱਥੋਂ ਉਮੀਦਵਾਰ ਕਿਸੇ ਵੀ ਤਰ੍ਹਾਂ ਨਾਲ ਬਦਲਿਆ ਨਹੀਂ ਜਾਵੇਗਾ।

ਚੀਮਾ ਨੇ ਕਿਹਾ ਅਸੀਂ ਅਕਲੀ ਦਲ ਟਕਸਾਲੀ ਤੇ ਬਹੁਜਨ ਸਮਾਜ ਪਾਰਟੀ ਨੂੰ ਦੱਸਿਆ ਸੀ ਕਿ ਉਮੀਦਵਾਰ ਨਰਿੰਦਰ ਸ਼ੇਰਗਿੱਲ ਪੂਰੀ ਮਿਹਨਤ ਨਾਲ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਹਲਕੇ ਦਾ ਕਾਫ਼ੀ ਹਿੱਸਾ ਕਵਰ ਕਰ ਚੁੱਕੇ ਹਨ ਹੁਣ ਇਸ ਮੋੜ ਉੱਤੇ ਆ ਕੇ ਉਮੀਦਵਾਰ ਬਦਲਨ ਨਾਲ ਪੂਰੇ ਰਾਜ ਦੇ ਵਰਕਰਾਂ ‘ਤੇ ਬੁਰਾ ਅਸਰ ਪਵੇਗਾ। ਚੀਮਾ ਨੇ ਕਿਹਾ ਕਿ ਅਕਾਲੀ ਦਲ ਟਕਸਾਲੀ ਨੂੰ ਬੇਹਤਰ ਵਿਕਲਪ ਦਿੱਤੇ ਗਏ ਸੀ।

ਜਿਨ੍ਹਾਂ ਵਿਚ ਬੀਰ ਦਵਿੰਦਰ ਸਿੰਘ ਨੂੰ ਬਠਿੰਡਾ ਜਾਂ ਪਟਿਆਲਾ ਤੋਂ ਚੋਣ ਲੜਾਉਣ ਦੀ ਪੇਸ਼ਕਸ਼ ਵੀ ਕੀਤੀ ਸੀ, ਕਿਉਂਕਿ ਬੀਰ ਦਵਿੰਦਰ ਸਿੰਘ ਬਠਿੰਡਾ ਵਿਚ ਬਾਦਲ ਪਰਵਾਰ ਅਤੇ ਪਟਿਆਲਾ ਵਿਚ ਸ਼ਾਹੀ ਪਰਵਾਰ ਦੇ ਵਿਰੁੱਧ ਲੜਨ ਦੀ ਹੈਸੀਅਸ ਰੱਖਦੇ ਹਨ ਤੇ ਦੋਨਾਂ ਸਥਾਨਾਂ ਉੱਤੇ ਆਮ ਆਦਮੀ ਪਾਰਟੀ ਦਾ ਵੀ ਪ੍ਰਭਾਵ ਹੈ। ਅਸੀਂ ਇਹ ਵੀ ਵਿਕਲਪ ਦਿੱਤਾ ਸੀ ਕਿ ਜੇਕਰ ਬੀਰ ਦਵਿੰਦਰ ਸਿੰਘ ਨਹੀਂ ਮੰਨ ਰਹੇ ਤਾਂ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਸੀਟ ਨੂੰ ਛੱਡ ਕੇ ਬਾਕੀ 12 ਸੀਟਾਂ ਉੱਤੇ ਗਠਜੋੜ ਕੀਤੇ ਜਾ ਸਕਦਾ ਹੈ, ਪਰ ਬੀਰ ਦਵਿੰਦਰ ਸਿੰਘ ਨਹੀਂ ਮੰਨੇ।

ਚੀਮਾ ਨੇ ਦਾਅਵਾ ਕੀਤਾ ਕਿ ਸ਼੍ਰੀ ਆਨੰਦਪੁਰ ਸਾਹਿਬ ਸੀਟ ਨੂੰ ਲੈ ਕੇ ਵਿਵਾਦ ਤਾਂ ਇਕ ਬਹਾਨਾ ਸੀ, ਕਿਉਂਕਿ ਆਪ ਦੇ ਗਠਜੋੜ ਦੇ ਲਈ ਸ਼ਰਤ ਸੀ ਕਿ ਬ੍ਰਹਮਪੁਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਰੁੱਧ ਪ੍ਰਚਾਰ ਕਰਨਗੇ, ਪਰ ਬ੍ਰਹਮਪੁਰਾ ਨਹੀਂ ਮੰਨੇ।