ਆਪ ਤੇ ਕਾਂਗਰਸ ਦਾ ਗੱਠਜੋੜ ਹੋਇਆ ਤਾਂ ਅਕਾਲੀ ਦਲ ਟਕਸਾਲੀ ਨਹੀਂ ਹੋਵੇਗਾ ਹਿੱਸਾ : ਪੀਰ ਮੁਹੰਮਦ
ਪੰਜਾਬ ਕਾਂਗਰਸ ਸਰਕਾਰ ਹਰ ਖੇਤਰ ਵਿਚ ਅਸਫ਼ਲ : ਕਰਨੈਲ ਸਿੰਘ ਪੀਰ ਮੁਹੰਮਦ
ਚੰਡੀਗੜ੍ਹ : ਪੰਜਾਬ ਵਿਚ 2019 ਲੋਕ ਸਭਾ ਚੋਣਾਂ ਕਿਸੇ ਸਿਆਸੀ ਦੰਗਲ ਤੋਂ ਘੱਟ ਨਹੀਂ ਲੱਗ ਰਹੀਆਂ ਅਤੇ ਰਾਜਨੀਤਕ ਦਲਾਂ ਗੱਠਜੋੜ ਕਰਨ ਲਈ ਮੁਲਾਕਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਰੱਖ ਰਹੇ ਹਨ ਪਰ ਗੱਠਜੋੜ ਦੇ ਆਸਾਰ ਕਿਸੇ ਕਿਨਾਰੇ ਨਹੀਂ ਲੱਗ ਰਹੇ ਹਨ। ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਸਪੱਸ਼ਟ ਲਫ਼ਜ਼ਾਂ ਵਿਚ ਕਿਹਾ ਕਿ ਅਕਾਲੀ ਦਲ ਟਕਸਾਲੀ ਅਤੇ ਆਮ ਆਦਮੀ ਪਾਰਟੀ ਵਿਚਾਲੇ ਮੀਟਿੰਗਾਂ ਦਾ ਦੌਰ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਿਹਾ ਹੈ
ਪਰ ਜੇਕਰ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਹਿੰਦੁਸਤਾਨ ਦੇ ਕਿਸੇ ਵੀ ਸੂਬੇ ਵਿਚ ਗੱਠਜੋੜ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਕਿਸੇ ਵੀ ਕੀਮਤ ਤੇ ਆਪ ਨਾਲ ਗੱਠਜੋੜ ਨਹੀਂ ਕਰੇਗਾ ਕਿਉਂਕਿ ਅੱਜ ਪੰਜਾਬ ਦਾ ਬੱਚਾ-ਬੱਚਾ ਜਾਣੂੰ ਹੈ ਕਿ ਕਾਂਗਰਸ ਪਾਰਟੀ ਨੇ ਸਿੱਖਾਂ ਦੇ ਸਰਬ ਉੱਚ ਧਾਰਮਿਕ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰ ਢਹਿ-ਢੇਰੀ ਕੀਤਾ ਹੈ ਜਿਸ ਕਾਰਨ ਅੱਜ ਵੀ ਸਿੱਖ ਕੌਮ ਵਿਚ ਕਾਂਗਰਸ ਪ੍ਰਤੀ ਭਾਰੀ ਨਫ਼ਰਤ ਮਹਿਸੂਸ ਕੀਤੀ ਜਾਂਦੀ ਹੈ
ਅਜਿਹੇ ਵਿਚ ਜੇਕਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਰਮਿਆਨ ਸਮਝੋਤਾ ਹੁੰਦਾ ਹੈ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਸਿੱਖ ਕੌਮ ਦੀ ਭਾਵਨਾਵਾਂ ਦੀ ਕੋਈ ਕਦਰ ਨਹੀਂ ਅਤੇ ਨਾ ਹੀ ਪੰਜਾਬ ਦੇ ਹਿੱਤਾਂ ਦੀ ਕੋਈ ਪ੍ਰਵਾਹ ਹੈ। ਪੰਜਾਬ ਕੈਪਟਨ ਸਰਕਾਰ ਦੇ ਦੋ ਵਰਿਆਂ ਦਾ ਕਾਰਜਕਾਲ ਪੂਰਾ ਹੋਣ ਤੇ ਟਿੱਪਣੀ ਕਰਦਿਆਂ ਸ੍ਰ. ਪੀਰ ਮੁਹੰਮਦ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਸਭ ਤੋਂ ਘੱਟੀਆ ਸਾਬਿਤ ਹੋਈ ਹੈ ਕਿਉ ਜੋ ਕਿਸਾਨਾਂ ਦੇ ਕਿਸੇ ਵੀ ਤਰ੍ਹਾਂ ਦੇ ਕਰਜ਼ੇ ਮਾਫ਼ ਨਹੀਂ ਕੀਤੇ,
ਨੌਜਵਾਨਾਂ ਨੂੰ ਨਾ ਸਮਾਰਟ ਫੋਨ, ਨਾ ਹੀ ਨੌਜਵਾਨਾਂ ਲਈ ਬੇਰੋਜ਼ਗਾਰੀ ਸਮਸਿਆਵਾਂ ਦਾ ਹੱਲ ਕੀਤਾ ਅਤੇ ਨਾ ਹੀ ਨਸ਼ਿਆਂ ਦੇ ਕਾਰੋਬਾਰ ਤੇ ਕੋਈ ਠੱਲ ਪਾਈ, ਰੇਤਾ ਬੱਜਰੀ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਅਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ 51000/- ਸ਼ਗਨ ਸਕੀਮ ਦੀ ਕੋਈ ਸਹਾਇਤਾ ਦਿੱਤੀ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਅਪਣੇ 2 ਵਰਿਆਂ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਭਵਿੱਖ ਵਿਚ ਵੀ ਪੰਜਾਬ ਕੈਪਟਨ ਸਰਕਾਰ ਤੋਂ ਕੋਈ ਆਸ ਨਹੀਂ ਹੈ।