ਲਾਰੈਂਸ ਦੇ ਨਵੇਂ ਇੰਟਰਵਿਊ ਨੇ ਖੜ੍ਹੇ ਕੀਤੇ ਸਵਾਲ, ਬਠਿੰਡਾ ਜੇਲ੍ਹ ਦੀ ਫੋਟੋ ਵਾਲੀ ਲੁੱਕ ’ਚ ਨਜ਼ਰ ਆਇਆ ਗੈਂਗਸਟਰ

ਏਜੰਸੀ

ਖ਼ਬਰਾਂ, ਪੰਜਾਬ

ਡੀਜੀਪੀ ਨੇ ਦਾਅਵਾ ਕੀਤਾ ਸੀ ਕਿ ਲਾਰੈਂਸ ਦੀ ਇਹ ਫੋਟੋ 16 ਮਾਰਚ ਨੂੰ ਹੀ ਬਠਿੰਡਾ ਜੇਲ੍ਹ ਵਿਚ ਲਈ ਗਈ ਸੀ।

New interview of Lawrence from jail raises many questions

 

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਅੰਦਰੋਂ ਨਵਾਂ ਇੰਟਰਵਿਊ ਦਿੱਤਾ ਹੈ। ਇਸ ਨੇ ਪੰਜਾਬ ਪੁਲਿਸ ਦੇ ਉਹਨਾਂ ਦਾਅਵਿਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਸ ਵਿਚ ਕਿਹਾ ਗਿਆ ਸੀ ਕਿ ਪੰਜਾਬ ਦੀ ਕਿਸੇ ਵੀ ਜੇਲ੍ਹ ਵਿਚ ਲਾਰੈਂਸ ਦੀ ਇੰਟਰਵਿਊ ਨਹੀਂ ਕੀਤੀ ਗਈ। ਨਵੀਂ ਇੰਟਰਵਿਊ 'ਚ ਲਾਰੈਂਸ ਉਸੇ ਸੰਤਰੀ ਟੀ-ਸ਼ਰਟ ਅਤੇ ਲੁੱਕ 'ਚ ਨਜ਼ਰ ਆਏ, ਜਿਸ ਦੀ ਤਸਵੀਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ 16 ਮਾਰਚ ਨੂੰ ਚੰਡੀਗੜ੍ਹ 'ਚ ਮੀਡੀਆ ਦੇ ਸਾਹਮਣੇ ਜਾਰੀ ਕੀਤੀ ਸੀ। ਡੀਜੀਪੀ ਨੇ ਦਾਅਵਾ ਕੀਤਾ ਸੀ ਕਿ ਲਾਰੈਂਸ ਦੀ ਇਹ ਫੋਟੋ 16 ਮਾਰਚ ਨੂੰ ਹੀ ਬਠਿੰਡਾ ਜੇਲ੍ਹ ਵਿਚ ਲਈ ਗਈ ਸੀ।

 

ਛੋਟੇ ਵਾਲਾਂ ਅਤੇ ਕੱਟੀ ਹੋਈ ਦਾੜ੍ਹੀ ਵਿਚ ਨਜ਼ਰ ਆਉਣ ਵਾਲੇ ਲਾਰੈਂਸ ਨੇ ਖੁਦ ਮੰਨਿਆ ਕਿ ਜੇਲ੍ਹ ਵਿਚ ਉਸ ਨੂੰ ਮੋਬਾਈਲ ਆਰਾਮ ਨਾਲ ਮਿਲ ਜਾਂਦਾ ਹੈ। ਇੰਟਰਵਿਊ 'ਚ ਲਾਰੈਂਸ ਨੂੰ ਹੱਸਦੇ ਅਤੇ ਨਿਡਰ ਹੋ ਕੇ ਗੱਲ ਕਰਦੇ ਦੇਖਿਆ ਗਿਆ ਹੈ। ਉਸ ਨੇ ਜੇਲ੍ਹ ਵਿਚ ਆਪਣੀ ਬੈਰਕ ਵੀ ਦਿਖਾਈ। ਇਸ ਵਾਰ ਲਾਰੈਂਸ ਨੇ ਵਿਰੋਧੀ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸ਼ੁਰੂ ਹੋਏ ਝਗੜੇ ਬਾਰੇ ਵੀ ਗੱਲ ਕੀਤੀ। ਪਹਿਲੀ ਇੰਟਰਵਿਊ 14 ਮਾਰਚ ਨੂੰ ਸਾਹਮਣੇ ਆਉਣ ਤੋਂ ਬਾਅਦ ਡੀਜੀਪੀ ਨੇ ਦਾਅਵਾ ਕੀਤਾ ਸੀ ਕਿ ਲਾਰੈਂਸ ਨੇ ਜੱਗੂ ਨਾਲ ਸ਼ੁਰੂ ਹੋਏ ਵਿਵਾਦ ਬਾਰੇ ਗੱਲ ਨਹੀਂ ਕੀਤੀ, ਇਸ ਲਈ ਉਸ ਦਾ ਇੰਟਰਵਿਊ ਪੁਰਾਣਾ ਹੈ। ਇਹਨਾਂ ਦਾਅਵਿਆਂ ’ਤੇ ਨਵੀਂ ਇੰਟਰਵਿਊ ਬਾਅਦ ਸਵਾਲ ਚੁੱਕੇ ਜਾ ਰਹੇ ਹਨ। 16 ਮਾਰਚ ਨੂੰ ਪੰਜਾਬ ਪੁਲਿਸ ਦੇ ਡੀਜੀਪੀ ਨੇ ਗੈਂਗਸਟਰ ਲਾਰੈਂਸ ਦੀਆਂ 5 ਫੋਟੋਆਂ ਜਾਰੀ ਕਰਦਿਆਂ ਦਾਅਵਾ ਕੀਤਾ ਸੀ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਉਸ ਦੀ ਇੰਟਰਵਿਊ ਨਹੀਂ ਕੀਤੀ ਗਈ।

 

ਪੰਜਾਬ ਦੇ ਡੀਜੀਪੀ ਦਾ ਦਾਅਵਾ

ਲਾਰੈਂਸ ਦੀ ਪਹਿਲੀ ਇੰਟਰਵਿਊ ਤੋਂ ਦੋ ਦਿਨ ਬਾਅਦ 16 ਮਾਰਚ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਸਥਿਤ ਪੁਲਿਸ ਹੈੱਡਕੁਆਰਟਰ ਵਿਚ ਇਹ ਦਾਅਵਾ ਕੀਤਾ ਸੀ। ਸਕਰੀਨ ’ਤੇ ਫੋਟੋਆਂ ਦਿਖਾਉਂਦੇ ਹੋਏ ਲਾਰੈਂਸ ਦੇ ਸਰੀਰ, ਵਧੀ ਹੋਈ ਦਾੜ੍ਹੀ ਅਤੇ ਪੀਲੀ ਟੀ-ਸ਼ਰਟ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਹ ਇੰਟਰਵਿਊ ਬਠਿੰਡਾ ਜਾਂ ਪੰਜਾਬ ਦੀ ਕਿਸੇ ਹੋਰ ਜੇਲ੍ਹ ਵਿਚ ਨਹੀਂ ਹੋਈ। ਤਲਾਸ਼ੀ ਦੌਰਾਨ ਬਠਿੰਡਾ ਜੇਲ੍ਹ ਵਿਚ ਬੰਦ ਲਾਰੈਂਸ ਕੋਲੋਂ ਪੁਲਿਸ ਨੂੰ ਕੋਈ ਪੀਲੀ ਟੀ-ਸ਼ਰਟ ਨਹੀਂ ਮਿਲੀ।

ਡੀਜੀਪੀ ਨੇ ਦਾਅਵਾ ਕੀਤਾ ਸੀ ਕਿ ਲਾਰੈਂਸ ਪੰਜਾਬ ਦੀ ਬਠਿੰਡਾ ਹਾਈ ਸਕਿਓਰਿਟੀ ਜੇਲ੍ਹ ਦੇ ਇਕ ਆਈਸੋਲੇਟਡ ਸੈੱਲ ਵਿਚ ਬੰਦ ਹੈ, ਜਿੱਥੇ ਹਾਈ-ਟੈਕ ਜੈਮਰ ਲਗਾਏ ਗਏ ਹਨ ਅਤੇ ਜੋ ਸੰਚਾਰ ਦੇ ਮਾਮਲੇ ਵਿਚ ਡੈੱਡ ਜ਼ੋਨ ਵਿਚ ਆਉਂਦਾ ਹੈ। ਉੱਥੋਂ ਦਾ ਜੇਲ੍ਹ ਸਟਾਫ ਰੋਜ਼ਾਨਾ 3 ਤੋਂ 4 ਵਾਰ ਮੋਬਾਈਲ ਸਿਗਨਲ ਚੈੱਕ ਕਰਦਾ ਹੈ। ਇਹਨਾਂ ਦਾਅਵਿਆਂ ਤੋਂ ਕੁਝ ਘੰਟਿਆਂ ਬਾਅਦ ਆਈ ਲਾਰੈਂਸ ਦੀ ਨਵੀਂ ਵੀਡੀਓ ਇੰਟਰਵਿਊ ਨੇ ਪੰਜਾਬ ਦੇ ਜੇਲ੍ਹ ਵਿਭਾਗ ’ਤੇ ਸਵਾਲ ਖੜ੍ਹੇ ਕੀਤੇ ਹਨ। ਨਵੇਂ ਇੰਟਰਵਿਊ ਵਿਚ ਲਾਰੈਂਸ ਨੇ ਕਿਹਾ ਕਿ ਉਹ ਰਾਤ ਨੂੰ ਜੇਲ੍ਹ ਦੇ ਅੰਦਰੋਂ ਗੱਲ ਕਰ ਰਿਹਾ ਹੈ। ਰਾਤ ਨੂੰ ਗਾਰਡ ਘੱਟ ਆਉਂਦੇ ਹਨ।

ਸਲਮਾਨ ਖਾਨ ਨੂੰ ਛੱਡ ਦਿਆਂਗੇ, ਜੇ ਮੁਆਫ਼ੀ ਮੰਗੇ

ਇਸ ਇੰਟਰਵਿਊ 'ਚ ਗੈਂਗਸਟਰ ਲਾਰੈਂਸ ਨੇ ਇਕ ਵਾਰ ਫਿਰ ਕਿਹਾ ਕਿ ਉਹ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਹੈ। ਲਾਰੈਂਸ ਨੇ ਕਿਹਾ ਕਿ ਉਸ ਦਾ ਜਿਉਣ ਦਾ ਇਕ ਹੀ ਮਕਸਦ ਹੈ ਅਤੇ ਉਹ ਹੈ ਹਿਰਨ ਦਾ ਸ਼ਿਕਾਰ ਕਰਕੇ ਉਹਨਾਂ ਦੇ ਸਮਾਜ ਨੂੰ ਅਪਮਾਨਿਤ ਕਰਨ ਵਾਲੇ ਸਲਮਾਨ ਨੂੰ ਮਾਰਨਾ। ਉਹਨਾਂ ਦਾ ਸਮਾਜ ਹਿਰਨ ਪਾਲਦਾ ਹੈ ਅਤੇ ਸਲਮਾਨ ਨੇ ਇਸ ਦਾ ਸ਼ਿਕਾਰ ਕਰਕੇ ਪੂਰੇ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਲਾਰੈਂਸ ਨੇ ਕਿਹਾ ਕਿ ਸਲਮਾਨ ਖਾਨ ਦੀ ਜ਼ਿਆਦਾ ਪੁਲਿਸ ਸੁਰੱਖਿਆ ਕਾਰਨ ਉਸ ਨੂੰ ਮਾਰਨ ਦਾ ਮੌਕਾ ਨਹੀਂ ਮਿਲ ਰਿਹਾ। ਉਹ ਨਹੀਂ ਚਾਹੁੰਦਾ ਕਿ ਪੁਲਿਸ ਨਾਲ ਕੋਈ ਵਿਵਾਦ ਹੋਵੇ। ਜਿਸ ਦਿਨ ਸਲਮਾਨ ਖਾਨ ਦੇ ਨਾਲ ਪੁਲਿਸ ਵਾਲੇ ਨਹੀਂ ਮਿਲੇ ਜਾਂ ਹਟਾਏ ਗਏ, ਉਹ ਆਪਣੀ ਯੋਜਨਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ।

ਸਲਮਾਨ ਨੂੰ ਮਾਰ ਕੇ ਮੈਂ ਗੁੰਡਾ ਬਣ ਜਾਵਾਂਗਾ

ਲਾਰੈਂਸ ਨੇ ਕਿਹਾ ਕਿ 20 ਸਾਲਾਂ ਤੋਂ ਸਲਮਾਨ ਖਾਨ ਨੇ ਅੜੀਅਲ ਰਵੱਈਆ ਅਪਣਾਇਆ ਹੈ। ਹੁਣ ਵੀ ਜੇਕਰ ਸਲਮਾਨ ਉਹਨਾਂ ਦੇ ਭਾਈਚਾਰੇ ਤੋਂ ਮੁਆਫੀ ਮੰਗਦੇ ਹਨ ਤਾਂ ਮਾਮਲਾ ਖਤਮ ਹੋ ਜਾਵੇਗਾ। ਲਾਰੈਂਸ ਨੇ ਹੱਸਦੇ ਹੋਏ ਕਿਹਾ ਕਿ ਸਲਮਾਨ ਖਾਨ ਨੂੰ ਮਾਰਨ ਤੋਂ ਬਾਅਦ ਹੀ ਉਹ ਅਸਲੀ ਗੁੰਡਾ ਬਣੇਗਾ।

ਮੂਸੇਵਾਲਾ ਦੇ ਪਿਤਾ ਨੂੰ ਧਮਕੀ ਨਹੀਂ ਦਿੱਤੀ

ਲਾਰੈਂਸ ਨੇ ਕਿਹਾ ਕਿ ਉਸ ਨੇ ਜਾਂ ਉਸ ਦੇ ਗੈਂਗ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਕੋਈ ਧਮਕੀ ਨਹੀਂ ਦਿੱਤੀ। ਬਲਕੌਰ ਸਿੰਘ ਦੀਆਂ ਤਾਜ਼ਾ ਧਮਕੀਆਂ ਦਾ ਉਸ ਦੇ ਗੈਂਗ ਨਾਲ ਕੋਈ ਸਬੰਧ ਨਹੀਂ ਹੈ। ਕੁਝ ਸਮਾਜ ਵਿਰੋਧੀ ਅਨਸਰ ਉਹਨਾਂ ਨੂੰ ਬਾਹਰੋਂ ਧਮਕੀਆਂ ਦੇ ਰਹੇ ਹੋਣਗੇ। ਉਸ ਨੇ ਕਿਹਾ ਕਿ ਅਸੀਂ ਅਜਿਹੀ ਘਟੀਆ ਹਰਕਤ ਕਦੇ ਨਹੀਂ ਕਰਾਂਗੇ।

ਗੋਲਡੀ ਨੂੰ ਨਹੀਂ ਕੀਤਾ ਗਿਆ ਡਿਟੇਨ

ਲਾਰੈਂਸ ਨੇ ਦੱਸਿਆ ਕਿ ਉਹ ਗੋਲਡੀ ਨਾਲ ਫੋਨ 'ਤੇ ਵੀ ਗੱਲ ਕਰਦਾ ਹੈ। ਗੋਲਡੀ ਨੂੰ ਕਿਤੇ ਵੀ ਨਜ਼ਰਬੰਦ ਨਹੀਂ ਕੀਤਾ ਗਿਆ।

ਨਸ਼ੇ ਰੋਕਣ ਦਾ ਦਾਅਵਾ

ਇਸ ਇੰਟਰਵਿਊ 'ਚ ਲਾਰੈਂਸ ਨੇ ਨਸ਼ਿਆਂ ਦੇ ਮੁੱਦੇ 'ਤੇ ਖੁਦ ਨੂੰ ਹੀਰੋ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ। ਲਾਰੈਂਸ ਦੇ ਸਾਥੀ ਗੋਲਡੀ ਬਰਾੜ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਕਿਹਾ ਸੀ ਕਿ ਉਸ ਦਾ ਗੈਂਗ ਪੰਜਾਬ 'ਚ ਨਸ਼ਾ ਤਸਕਰਾਂ ਨੂੰ ਰੋਕੇਗਾ। ਲਾਰੈਂਸ ਨੇ ਕਿਹਾ ਕਿ ਉਹ ਵੀ ਇਸ ਦਾ ਸਮਰਥਨ ਕਰਦਾ ਹੈ। ਉਹ ਪੰਜਾਬ ਵਿਚੋਂ ਨਸ਼ਿਆਂ ਨੂੰ ਖ਼ਤਮ ਕਰਨ ਵਿਚ ਜ਼ਰੂਰ ਯੋਗਦਾਨ ਪਾਉਣਗੇ।

ਅੰਮ੍ਰਿਤਪਾਲ ਨੇ ਖਾਲਿਸਤਾਨ ਦਾ ਪ੍ਰਚਾਰ ਕੀਤਾ

‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਬਾਰੇ ਲਾਰੈਂਸ ਨੇ ਕਿਹਾ ਕਿ ਉਹ ਪੰਜਾਬ ਵਿਚ ਰੋਟੀਆਂ ਸੇਕ ਰਿਹਾ ਹੈ। ਅੰਮ੍ਰਿਤਪਾਲ ਦੇ ਪੰਜਾਬ ਆਉਣ ਤੋਂ ਬਾਅਦ ਹੀ ਖਾਲਿਸਤਾਨ ਦਾ ਪ੍ਰਚਾਰ ਹੋਇਆ। ਲਾਰੈਂਸ ਨੇ ਕਿਹਾ ਕਿ ਉਹ ਖੁਦ ਬਲਵੰਤ ਸਿੰਘ ਰਾਜੋਆਣਾ ਅਤੇ ਹੋਰਾਂ ਨਾਲ ਤਿਹਾੜ ਅਤੇ ਪਟਿਆਲਾ ਜੇਲ੍ਹਾਂ ਵਿਚ ਰਿਹਾ ਹੈ। ਉਹ ਇਹਨਾਂ ਲੋਕਾਂ ਨਾਲ ਵਾਲੀਬਾਲ ਆਦਿ ਵੀ ਖੇਡਦਾ ਸੀ ਪਰ ਇਹਨਾਂ ਵਿਚੋਂ ਕਿਸੇ ਨੇ ਵੀ ਉਹਨਾਂ ਨਾਲ ਖਾਲਿਸਤਾਨ ਦੀ ਗੱਲ ਨਹੀਂ ਕੀਤੀ।

ਟੀਨੂੰ ਨੇ ਸਬ-ਇੰਸਪੈਕਟਰ ਪ੍ਰਿਤਪਾਲ ਨੂੰ ਫਰਾਰ ਹੋਣ ਦੀ ਪੇਸ਼ਕਸ਼ ਕੀਤੀ ਸੀ

ਲਾਰੈਂਸ ਨੇ ਆਪਣੇ ਸਾਥੀ ਅਤੇ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਵਿਚੋਂ ਫਰਾਰ ਹੋਣ ਦੀ ਕਹਾਣੀ ਦਾ ਵੀ ਪਰਦਾਫਾਸ਼ ਕੀਤਾ। ਉਸ ਨੇ ਕਿਹਾ ਕਿ ਦੀਪਕ ਟੀਨੂੰ ਨੇ ਮਾਨਸਾ ਦੇ ਸੀ.ਆਈ.ਏ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਬਹੁਤ ਐਸ਼ ਕਰਵਾਈ। ਪ੍ਰਿਤਪਾਲ ਹੀ ਟੀਨੂੰ ਨੂੰ ਉਸ ਦੀ ਪ੍ਰੇਮਿਕਾ ਨਾਲ ਮਿਲਾਉਣ ਲੈ ਗਿਆ ਸੀ। ਟੀਨੂੰ ਨੇ ਭੱਜਣ ਤੋਂ ਪਹਿਲਾਂ ਪ੍ਰਿਤਪਾਲ ਨੂੰ ਆਪਣੇ ਨਾਲ ਜਾਣ ਦੀ ਪੇਸ਼ਕਸ਼ ਕੀਤੀ ਸੀ। ਜਦੋਂ ਪ੍ਰਿਤਪਾਲ ਨੇ ਮਨ੍ਹਾ ਕੀਤਾ ਤਾਂ ਟੀਨੂੰ ਉਸ ਦੇ ਕਮਰੇ ਨੂੰ ਬਾਹਰੋਂ ਤਾਲਾ ਲਗਾ ਕੇ ਭੱਜ ਗਿਆ।

ਜੱਗੂ ਭਗਵਾਨਪੁਰੀਆ ਤੇ ਲਾਰੈਂਸ ਕਿਉਂ ਬਣੇ ਦੁਸ਼ਮਣ?

ਲਾਰੈਂਸ ਨੇ ਦੱਸਿਆ ਕਿ ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ ਦਾ ਜਿਹੜੀ ਥਾਂ 'ਤੇ ਐਨਕਾਊਂਟਰ ਹੋਇਆ ਸੀ, ਉਹਨਾਂ ਨੂੰ ਉੱਥੇ ਜੱਗੂ ਦੀ ਸਹੇਲੀ ਦਾ ਭਰਾ ਛੱਡ ਕੇ ਗਿਆ ਸੀ। ਇਸੇ ਗੱਲ 'ਤੇ ਸਾਡਾ ਝਗੜਾ ਸ਼ੁਰੂ ਹੋਇਆ ਸੀ। ਜੱਗੂ ਨੇ ਇਹਨਾਂ ਦੋਹਾਂ ਨੂੰ ਪਲਾਨਿੰਗ ਤਹਿਤ ਉੱਥੇ ਭੇਜਿਆ ਅਤੇ ਮਗਰੋਂ ਪੁਲਿਸ ਤੋਂ ਐਨਕਾਊਂਟਰ ਕਰਵਾ ਦਿੱਤਾ।

ਮੈਂ ਅੱਜ ਤਕ ਕਦੇ ਗੋਲੀ ਨਹੀਂ ਚਲਾਈ : ਲਾਰੈਂਸ

ਲਾਰੈਂਸ ਦਾ ਕਹਿਣਾ ਹੈ ਕਿ, “ਮੈਂ ਅੱਜ ਤਕ ਕਦੇ ਗੋਲੀ ਨਹੀਂ ਚਲਾਈ। ਹਥਿਆਰਾਂ ਨਾਲ ਕਦੇ-ਕਦੇ ਫ਼ੋਟੋਆਂ ਜ਼ਰੂਰ ਕਰਵਾਈਆਂ ਨੇ। ਮੈਂ ਕੋਈ ਕਤਲ ਨਹੀਂ ਕੀਤਾ। ਮੈਂ ਉਦੋਂ ਤੋਂ ਜੇਲ੍ਹ 'ਚ ਹਾਂ, ਜਦੋਂ ਯੂਨੀਵਰਸਿਟੀ 'ਚ ਪੜ੍ਹਦਾ ਸੀ। ਸਿੱਧੂ ਦਾ ਕਤਲ ਗੋਲਡੀ ਬਰਾੜ ਨੇ ਕਰਵਾਇਆ”।