ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਭਾਈ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਵਿਰੁਧ ਮੰਗ ਪੱਤਰ ਸੌਂਪਿਆ

ਏਜੰਸੀ

ਖ਼ਬਰਾਂ, ਪੰਜਾਬ

ਤਖ਼ਤਾਂ ਦੇ ਹੋਏ ਅਪਮਾਨ ਤੇ ਮਰਿਆਦਾ ’ਤੇ ਪ੍ਰਗਟਾਇਆ ਰੋਸ, ਤਨਖ਼ਾਹੀਆ ਕਰਾਰ ਦੇਣ ਦੀ ਮੰਗ ਕੀਤੀ

ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਭਾਈ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਵਿਰੁਧ ਮੰਗ ਪੱਤਰ ਸੌਂਪਿਆ

ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਥੇਦਾਰ ਦੀ ਦਸਤਾਰਬੰਦੀ ਦੌਰਾਨ ਤਖ਼ਤਾਂ ਦੇ ਹੋਏ ਅਪਮਾਨ ਤੇ ਮਰਿਆਦਾ ਦੀ ਕੀਤੀ ਗਈ ਦੇ ਰੋਸ ਵਜੋਂ ਅੱਜ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਗ੍ਰੰਥੀ ਸਾਹਿਬਾਨ ਨੂੰ ਮੰਗ ਪੱਤਰ ਸੌਂਪਿਆ। 

ਮੰਗ ਪੱਤਰ ’ਚ ਕਿਹਾ ਗਿਆ ਹੈ, ‘‘ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਗੁਰਮਤ ਮਰਿਆਦਾ ਅਨੁਸਾਰ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਨਿਭਾਈ ਜਾਂਦੀ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਆਰੰਭ ਤੋਂ ਲੈ ਕੇ ਸੰਪੂਰਨਤਾ ਤੱਕ ਨਿਰਵਿਘਨ ਪ੍ਰਵਾਹ ਚੱਲਣ ਦੀ ਮਰਿਆਦਾ ਹੈ। ਜਿਸ ਦੌਰਾਨ ਕੋਈ ਵੀ ਸਮਾਗਮ ਨਹੀਂ ਕੀਤਾ ਜਾ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੀ ਸੰਪੂਰਨਤਾ ਉਪਰੰਤ ਹੀ ਕੋਈ ਸਮਾਗਮ ਕੀਤਾ ਜਾ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਿਤ ਗੁਰਿਮਤ ਰਹਿਤ ਮਰਿਆਦਾ ਦੇ ਖਰੜੇ ਵਿਚ ਵੀ ਦਰਜ ਹੈ ਕਿ ਸੰਗਤ ਵਿਚ ਇਕ ਵਕਤ ਇਕੋ ਗੱਲ ਹੋਣੀ ਚਾਹੀਏ-ਕੀਰਤਨ ਜਾਂ ਕਥਾ, ਵਖਿਆਨ ਜਾਂ ਪਾਠ। ਇਸ ਪ੍ਰਕਾਰ ਜਥੇਦਾਰ ਵਜੋਂ ਤਾਜਪੋਸ਼ੀ ਦੀ ਇਹ ਸਮੁਚੀ ਕਾਰਵਾਈ ਗੁਰਿਮਤ ਰਹਿਤ ਮਰਿਆਦਾ ਦੇ ਸੰਵਿਧਾਨ ਦੀ ਉਲੰਘਣਾ ਹੈ ਅਤੇ ਐਸ.ਜੀ.ਪੀ.ਸੀ. ਦੇ ਪ੍ਰਬੰਧ ਵਿੱਚ ਇਸ ਤਰ੍ਹਾਂ ਦੀ ਕੁਤਾਹੀ ਨਾ ਬਖਸ਼ਣ ਯੋਗ ਮੰਨੀ ਜਾਂਦੀ ਹੈ। ਜਦੋਂ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਐਸ.ਜੀ.ਪੀ.ਸੀ. ਦੇ ਕੁਝ ਅਹੁਦੇਦਾਰਾਂ ਨੇ ਮਿਤੀ 10 ਮਾਰਚ 2025 ਨੂੰ 2:30 ਵਜੇ ਦੇ ਕਰੀਬ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਵਾਹ ਦੌਰਾਨ ਸਿਰੋਪਾਓ ਦੇ ਕੇ ਤਖਤ ਸ੍ਰੀ ਕੇਸਗੜ ਸਾਹਿਬ ਜੀ ਦਾ ਜਥੇਦਾਰ ਨਿਯੁਕਤ ਕਰਨ ਦੀ ਘੋਰ ਅਵੱਗਿਆ ਕੀਤੀ। ਉਸ ਸਮੇਂ ਨਾ ਤਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਨ, ਨਾ ਹੀ ਸ਼ਸ਼ਤਰ ਸੁਭਾਏਮਾਨ ਸਨ ਅਤੇ ਨਾ ਹੀ ਪੰਜ ਪਿਆਰੇ ਸਾਹਿਬਾਨ ਹਾਜਰ ਸਨ। ਜਿਵੇਂ ਕਿ ਅੰਮ੍ਰਿਤ ਸੰਚਾਰ ਦੀ ਮਰਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰੇ ਸਾਹਿਬਾਨ ਤੋਂ ਬਿਨਾਂ ਸੰਪੂਰਨ ਨਹੀਂ ਹੋ ਸਕਦੀ ਤਿਵੇਂ ਹੀ ਤਖਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਤੇ ਸਿੱਖ ਪੰਥ ਦੇ ਨੁਮਾਇੰਦਿਆਂ ਦੀ ਹਾਜ਼ਰੀ ਤੋਂ ਬਿਨਾਂ ਨਹੀਂ ਹੋ ਸਕਦੀ ਭਾਵ ਪੂਰੀ ਮਰਿਆਦਾ ਤੋਂ ਬਿਨਾਂ ਕਿਸੇ ਨੂੰ ਵੀ ਜਥੇਦਾਰੀ ਦਾ ਸਿਰੋਪਾਓ ਨਹੀਂ ਦਿੱਤਾ ਜਾ ਸਕਦਾ।’’

ਮੰਗ ਪੱਤਰ ’ਚ ਅੱਗੇ ਕਿਹਾ ਗਿਆ ਹੈ, ‘‘ਕੀ ਭਾਈ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਦਾ ਦਾਅਵਾ ਕਰਨ ਵਾਲੇ ਲੋਕ ਇਸ ਗੱਲ ਦਾ ਸਪਸ਼ਟੀਕਰਨ ਦੇ ਸਕਦੇ ਹਨ। ਕਿ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ ਅਤੇ ਸ਼ਸ਼ਤਰ ਸੁਭਾਏਮਾਨ ਸਨ। ਜਿਸ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ, ਉਸੇ ਤਖਤ ਦਾ ਹੀ ਨਿਰਾਦਰ ਅਤੇ ਅਪਮਾਨ ਕੀਤਾ ਗਿਆ। ਭਾਈ ਕੁਲਦੀਪ ਸਿੰਘ ਗੜਗੱਜ ਆਪਣੇ ਆਪ ਨੂੰ ਜਿਸ ਐਸ.ਜੀ.ਪੀ.ਸੀ. ਦੀ ਸਿੱਖ ਰਹਿਤ ਮਰਿਆਦਾ ਦਾ ਕਥਾਕਾਰ ਤੇ ਪੰਥਕ ਵਿਦਵਾਨ ਹੋਣ ਦਾ ਦਾਅਵਾ ਕਰਦੇ ਹਨ। ਉਹਨਾਂ ਨੇ ਉਸੇ ਗੁਰਮਤ ਰਹਿਤ ਮਰਿਆਦਾ ਨੂੰ ਹੀ ਛਿੱਕੇ ਟੰਗ ਦਿੱਤਾ ਹੈ। ਸ੍ਰੀ ਅਖੰਡ ਪਾਠ ਸਾਹਿਬ ਵਾਲੇ ਕਮਰੇ ਵਿਚ ਪਹਿਲਾਂ ਤੋਂ ਹੀ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਵਾਹ ਦੌਰਾਨ ਭਾਈ ਕੁਲਦੀਪ ਸਿੰਘ ਗੜਗੱਜ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਲਿਆਂਦੀ ਗਈ। ਫਿਰ ਉੱਚੀ ਸੁਰ ਵਿੱਚ ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਕੀਤਾ ਗਿਆ, ਅਰਦਾਸ ਕੀਤੀ ਗਈ ਅਤੇ ਡਿਊਟੀ ਬੈਠੇ ਪਾਠੀ ਸਿੰਘ ਨੂੰ ਉਠਾ ਕੇ ਗ੍ਰੰਥੀ ਗੁਰਮੀਤ ਸਿੰਘ ਨੇ ਚੱਲ ਰਹੇ ਗੁਰਬਾਣੀ ਦੇ ਪ੍ਰਵਾਹ ਵਿੱਚੋਂ ਸਾਰਿਆਂ ਨੂੰ ਸ੍ਰੀ ਮੁਖਵਾਕ ਸੁਣਾਉਣ ਦੇ ਮੰਤਵ ਨਾਲ ਉੱਚੀ ਸੁਰ ਵਿੱਚ ਹੁਕਮਨਾਮਾ ਸਾਹਿਬ ਲਿਆ। ਇਸ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਮਰਿਆਦਾ ਨੂੰ ਵੀ ਖੰਡਿਤ ਕੀਤਾ ਗਿਆ। ਚਾਹੀਦਾ ਤਾਂ ਸੀ ਭਾਈ ਕੁਲਦੀਪ ਸਿੰਘ ਗੜਗੱਜ ਹੋ ਰਹੀ ਮਰਿਆਦਾ ਦੀ ਉਲੰਘਣਾ ਦਾ ਵਿਰੋਧ ਕਰਦੇ, ਮਰਿਆਦਾ ਅਨੁਸਾਰ ਸਾਰੇ ਕਾਰਜ ਕਰਨ ਦੀ ਪਹਿਰੇਦਾਰੀ ਕਰਦੇ, ਪਰ ਉਹ ਪਦਵੀ ਦੀ ਲਾਲਸਾ ਅਧੀਨ ਸਭ ਕੁਝ ਨਜਰ ਅੰਦਾਜ ਕਰ ਗਏ ਜੋ ਵੱਡਾ ਗੁਨਾਹ ਹੈ ਅਤੇ ਭਵਿੱਖ ਵਿਚ ਗਲਤ ਪਿਰਤਾਂ ਦਾ ਰਾਹ ਖੋਲ੍ਹਣ ਲਈ ਰਸਤਾ ਅਖਤਿਆਰ ਕਰ ਗਏ ਜਿਸ ਨਾਲ ਮਰਿਆਦਾ ਨੂੰ ਬੜੀ ਵੱਡੀ ਢਾਹ ਲੱਗੀ। ਤਖਤ ਸ੍ਰੀ ਕੇਸਗੜ ਸਾਹਿਬ ਜੀ ਵਿਖੇ ਹੋਲੇ ਮੱਹਲੇ ਦੇ ਕੌਮੀ ਤਿਉਹਾਰ ਤੇ ਭਾਈ ਕੁਲਦੀਪ ਸਿੰਘ ਗੜਗੱਜ ਵੱਲੋਂ ਸੰਦੇਸ਼ ਦਿੱਤਾ ਗਿਆ। ਉਸ ਸਮੇਂ ਉਹ ਗੁਰਮਤਿ ਰਹਿਤ ਮਰਿਆਦਾ ਅਨੁਸਾਰ ਤਨਖਾਹੀਏ ਵੀ ਸਨ। ਇਹ ਉਪਰੋਕਤ ਕੁਤਾਹੀਆਂ ਉਸ ਵਿਅਕਤੀ (ਭਾਈ ਕੁਲਦੀਪ ਸਿੰਘ ਗੜਗੱਜ) ਵਲੋਂ ਕੀਤੀਆਂ ਗਈਆਂ ਹਨ, ਜੋ ਆਪਣੇ ਆਪ ਨੂੰ ਉਚ ਕੋਟੀ ਦਾ ਪ੍ਰਚਾਰਕ, ਗੁਰਬਾਣੀ, ਗੁਰ ਇਤਿਹਾਸ ਦਾ ਉਚ ਕੋਟੀ ਦਾ ਵਿਦਵਾਨ ਅਤੇ ਗੁਰਮਤਿ ਰਹਿਤ ਮਰਿਆਦਾ ਦਾ ਗਿਆਤਾ ਮੰਨਦਾ ਹੈ। ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਹ ਵਿਅਕਤੀ ਤਖਤ ਸਾਹਿਬ ਦਾ ਜਥੇਦਾਰ ਲੱਗਣ ਦੇ ਯੋਗ ਹੀ ਨਹੀਂ ਹੈ।’’

ਮੰਗ ਪੱਤਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਅਤੇ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ , ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਐਡੀਸ਼ਨਲ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਮੂਹ ਮੈਂਬਰ ਅੰਤ੍ਰਿਗ ਕਮੇਟੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸੌਪਿਆ ਗਿਆ, ਜਿਸ ’ਚ ਮੰਗ ਕੀਤੀ ਗਈ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਦੀ ਉੱਤਮ ਪਦਵੀ ਤੇ ਸਥਿਤ ਹੋਣ ਕਰਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ ਭਾਈ ਕੁਲਦੀਪ ਸਿੰਘ ਗੜਗੱਜ ਅਤੇ ਉਸ ਸਮੇਂ ਦੌਰਾਨ ਹਾਜ਼ਰ ਐਸ.ਜੀ.ਪੀ.ਸੀ. ਦੇ ਕੁਝ ਅਹੁਦੇਦਾਰਾਂ ਨੂੰ ਤਨਖਾਹੀਆ ਕਰਾਰ ਦਿਤਾ ਜਾਵੇ ਅਤੇ ਜਦੋਂ ਉਹ ਲੱਗੀ ਹੋਈ ਤਨਖਾਹ ਪੂਰੀ ਕਰ ਲੈਣ। ਫਿਰ ਐਸ.ਜੀ.ਪੀ.ਸੀ. ਅਤੇ ਸਮੁਚਾ ਸਿੱਖ ਪੰਥ ਆਪ ਫੈਸਲਾ ਲਵੇ ਕਿ ਇਸ ਬਾਰੇ ਕੀ ਨਿਰਣਾ ਲੈਣਾ ਹੈ।