ਕਾਂਗਰਸ ਬਠਿੰਡਾ, ਫ਼ਿਰੋਜ਼ਪੁਰ ਤੋਂ ਬਿਨਾਂ ਦੇਰੀ ਉਮੀਦਵਾਰ ਉਤਾਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਆਗੂਆਂ ਦਾ ਸੁਝਾਅ ; ਬਿਨਾਂ ਉਮੀਦਵਾਰਾਂ ਦੋਹਾਂ ਹਲਕਿਆਂ 'ਚ ਚੋਣ ਮੁਹਿੰਮ ਜਾਰੀ 

Amarinder Singh & Rahul Gandhi

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਵਲੋਂ ਪਾਰਟੀ ਉਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਫ਼ਿਰੋਜ਼ਪੁਰ ਅਤੇ ਬਠਿੰਡਾ ਹਲਕਿਆਂ ਤੋਂ ਪਾਰਟੀ ਦੇ ਉਮੀਦਵਾਰ ਬਿਨਾਂ ਹੋਰ ਦੇਰੀ ਮੈਦਾਨ ਵਿਚ ਉਤਾਰੇ ਜਾਣ। ਉਨ੍ਹਾਂ ਦਾ ਤਰਕ ਹੈ ਕਿ ਹੋਰ ਦੇਰੀ ਹੋਣ ਨਾਲ ਉਮੀਦਵਾਰ ਪ੍ਰਚਾਰ ਵਿਚ ਪਿਛੜ ਜਾਣਗੇ। ਅਕਾਲੀ ਦਲ ਜਾਣ ਬੁਝ ਕੇ ਅਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕਰ ਰਿਹਾ ਤਾਂ ਜੋ ਕਾਂਗਰਸ ਪਾਰਟੀ ਹੋਰ ਸਮਾਂ ਅਪਣੇ ਉਮੀਦਵਾਰਾਂ ਦਾ ਐਲਾਨ ਨਾ ਕਰੇ ਅਤੇ ਉਨ੍ਹਾਂ ਕੋਲ ਪ੍ਰਚਾਰ ਲਈ ਸਮਾਂ ਬਹੁਤ ਹੀ ਘੱਟ ਰਹਿ ਜਾਵੇ।

ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੋਹਾਂ ਹਲਕਿਆਂ ਵਿਚ ਲਈ ਉਮੀਦਵਾਰਾਂ ਦਾ ਐਲਾਨ ਕਰਨ ਵਿਚ ਅਜੇ ਦੋ ਤਿੰਨ ਦਿਨ ਹੋਰ ਲੱਗ ਸਕਦੇਹਨ। ਉਮੀਦਵਾਰਾਂ ਦੀ ਚੋਣ ਲਈ ਅਜੇ ਹਾਈਕਮਾਨ ਨਾਲ ਮੀਟਿੰਗ ਦਾ ਸਮਾਂ ਤਹਿ ਨਹੀਂ ਹੋਇਆ। ਕਾਂਗਰਸ ਪਾਰਟੀ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਬੇਸ਼ਕ ਇਨ੍ਹਾਂ ਦੋਵਾਂ ਹਲਕਿਆਂ ਤੋਂ ਅਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪ੍ਰੰਤੂ ਇਨ੍ਹਾਂ ਦੋਹਾਂ ਹਲਕਿਆਂ ਵਿਚ ਅਕਾਲੀ ਦਲ ਵਲੋਂ ਪਿਛਲੇ ਇਕ ਮਹੀਨੇ ਤੋਂ ਅਪਣੀ ਚੋਣ ਮੁਹਿੰਮ ਵਿੱਢੀ ਹੋਈ ਹੈ। 

ਇਹ ਵੀ ਲਗਦਾ ਹੈ ਕਿ ਅਕਾਲੀ ਦਲ ਜਾਣ-ਬੁਝ ਕੇ ਅਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕਰ ਰਿਹਾ ਕਿਉਂਕਿ ਪਾਰਟੀ ਵਲੋਂ ਦੋਹਾਂ ਹੀ ਹਲਕਿਆਂ ਵਿਚ ਚੋਣ ਪ੍ਰਚਾਰ ਜਾਰੀ ਹੈ। ਅਕਾਲੀ ਦਲ ਦੀ ਇਹ ਵੀ ਕੋਸ਼ਿਸ਼ ਹੋ ਸਕਦੀ ਹੈ ਕਿ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਅਪਣੇ ਉਮੀਦਵਾਰਾਂ ਦੇ ਕਾਗ਼ਜ਼ ਦਾਖ਼ਲ ਕਰਵਾਏ ਜਾਣ। ਪ੍ਰੰਤੂ ਕਾਂਗਰਸ ਪਾਰਟੀ ਲਈ ਦੇਰੀ ਦੀ ਨੀਤੀ ਲਾਹੇਵੰਦ ਨਹੀਂ। 22 ਅਪ੍ਰੈਲ ਤੋਂ ਨਾਮਜ਼ਦਗੀਆਂ ਆਰੰਭ ਹੋ ਰਹੀਆਂ ਹਨ ਅਤੇ 29 ਅਪ੍ਰੈਲ ਕਾਗ਼ਜ਼ ਦਾਖ਼ਲ ਕਰਨ ਦਾ ਆਖ਼ਰੀ ਦਿਨ ਹੈ। 19 ਮਈ ਨੂੰ ਵੋਟਾਂ ਪੈਣੀਆਂ ਹਨ। ਕਾਗ਼ਜ਼ ਦਾਖ਼ਲ ਕਰਨ ਦੇ ਆਖ਼ਰੀ ਦਿਨ ਤੋਂ ਬਾਅਦ ਪ੍ਰਚਾਰ ਲਈ ਸਿਰਫ਼ 15-16 ਦਿਨਾਂ ਦਾ ਸਮਾਂ ਹੀ ਬਚੇਗਾ।

ਇਸ ਤਰ੍ਹਾਂ ਕਾਂਗਰਸ ਦੇ ਉਮੀਦਵਾਰ ਲਈ ਸਾਰੇ ਪਿੰਡਾਂ ਅਤੇ ਸ਼ਹਿਰਾਂ ਤਕ ਪਹੁੰਚ ਲਈ ਸਮਾਂ ਹੀ ਨਹੀਂ ਬਚੇਗਾ। ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿਚ 9 ਅਸੈਂਬਲੀ ਹਲਕੇ ਫ਼ਿਰੋਜ਼ਪੁਰ ਸ਼ਹਿਰੀ, ਫ਼ਿਰੋਜ਼ਪੁਰ ਦਿਹਾਤੀ, ਗੁਰੂਸਹਾਏ, ਜਲਾਲਾਬਾਦ, ਫ਼ਾਜ਼ਿਲਕਾ, ਅਬੋਹਰ, ਬਲੂਆਣਾ, ਮਲੋਟੇ ਅਤੇ ਮੁਕਤਸਰ ਦੇ ਲਗਭਗ 1200 ਪਿੰਡ ਹਨ ਅਤੇ ਲਗਭਗ 14 ਲੱਖ ਵੋਟ ਇਸ ਲੋਕ ਸਭਾ ਹਲਕੇ ਦੀ ਹੈ। ਕਾਂਗਰਸੀ ਨੇਤਾਵਾਂ ਵਲੋਂ ਪਾਰਟੀ ਨੂੰ ਜਾਣੂੰ ਕਰਵਾਇਆ ਗਿਆ ਹੈ ਕਿ ਜਦ ਤਕ ਇਨ੍ਹਾਂ ਦੋਹਾਂ ਹਲਕਿਆਂ ਵਿਚ ਪਾਰਟੀ ਅਪਣੇ ਉਮੀਦਵਾਰ ਨਹੀਂ ਉਤਾਰਦੀ ਉਦੋਂ ਤਕ ਚੋਣ ਪ੍ਰਚਾਰ ਦੀ ਮੁਹਿੰਮ ਭੱਖ ਨਹੀਂ ਸਕੇਗੀ। ਉਮੀਦਵਾਰਾਂ ਦੀ ਗ਼ੈਰ ਹਾਜ਼ਰੀ ਕਾਰਨ ਅਜੇ ਤਕ ਕੋਈ ਠੋਸ ਪ੍ਰਚਾਰ ਮੁਹਿੰਮ ਨਹੀਂ ਚਲ ਸਕੀ। ਕਿਸੀ ਵੀ ਅਸੈਂਬਲੀ ਹਲਕੇ ਦੇ ਮੁਖੀ ਵਲੋਂ ਬਕਾਇਦਾ ਦਫ਼ਤਰ ਖੋਲ੍ਹ ਕੇ ਪ੍ਰਚਾਰ ਦਾ ਕੰਮ ਨਹੀਂ ਆਰੰਭਿਆ ਗਿਆ।