ਫਿੱਕੀ ਪੈ ਰਹੀ ਮੋਹਾਲੀ ਵਿਚ ਸਥਿਤ ਸਿੱਖਾਂ ਦੀ ਵਿਰਾਸਤ ਦੀ ਚਮਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਬਾ ਬੰਦਾ ਸਿੰਘ ਬਹਾਦਰ ਦੀ ਵਿਰਾਸਤੀ ਯਾਦਗਾਰ ਹੌਲੀ-ਹੌਲੀ ਆਪਣੀ ਚਮਕ ਖੋ ਰਹੀ ਹੈ।

Fateh Burj Chappar Chiri

ਮੋਹਾਲੀ: ਬਾਬਾ ਬੰਦਾ ਸਿੰਘ ਬਹਾਦਰ ਦੀ ਮੁਗਲ ਫੌਜ ‘ਤੇ ਜਿੱਤ ਦੀ ਯਾਦ ਦਿਵਾਉਣ ਵਾਲਾ ਭਾਰਤ ਦਾ ਸਭ ਤੋਂ ਵੱਡਾ ਮਿਨਾਰ, ਫਤਿਹ ਬੁਰਜ, ਮੋਹਾਲੀ ਜ਼ਿਲ੍ਹੇ ਦੇ ਚੱਪੜ ਚਿੜੀ ਪਿੰਡ ਵਿਚ ਸਥਿਤ ਹੈ। ਇਸ ਜਿੱਤ ਨੇ 1799 ਵਿਚ ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਰਸਤਾ ਦਿਖਾਇਆ ਸੀ। ਫਤਿਹ ਬੁਰਜ ਇਕ 328 ਫੁੱਟ ਉਚਾ ਟਾਵਰ ਹੈ, ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਅਤੇ ਮੋਹਾਲੀ ਦਾ ਇਕੋ ਇਕ ਵਿਰਾਸਤੀ ਸਮਾਰਕ ਹੈ, ਜਿਸਦਾ ਇਸ ਸਮੇਂ ਬਹੁਤ ਮੰਦਾ ਹਾਲ ਹੈ।

ਇਸ ਯਾਦਗਾਰ ਦਾ ਉਦਘਾਟਨ ਨਵੰਬਰ 2017 ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤਾ ਗਿਆ, ਪਰ ਸਮੇਂ ਦੇ ਨਾਲ-ਨਾਲ ਇਹ ਵਿਸ਼ਾਲ ਯਾਦਗਾਰ ਅੱਖੋਂ ਪਰੋਖੇ ਹੁੰਦੀ ਗਈ। ਮੋਹਾਲੀ ਵਿਕਾਸ ਅਥਾਰਿਟੀ ਨੇ ਹੁਣ ਤੱਕ ਇਸ ਵਿਸ਼ਾਲ ਟਾਵਰ ਵਿਚ ਲਿਫਟ ਵੀ ਨਹੀਂ ਲਗਾਈ, ਜੋ ਕਿ ਇਸ ਪ੍ਰੋਜੈਕਟ ਦਾ ਹਿੱਸਾ ਸੀ। ਇਹ ਬੁਰਜ ਤਿੰਨ ਜੰਗਾਂ ਦਾ ਪ੍ਰਤੀਕ ਹੈ: 67 ਫੁੱਟ ‘ਤੇ ਸਮਾਣੇ ਦੀ ਜੰਗ, 117 ਫੁੱਟ ‘ਤੇ ਸਢੌਰੇ ਦੀ ਜੰਗ ਅਤੇ 220 ਫੁੱਟ ‘ਤੇ ਚੱਪੜ ਚਿੜੀ ਦੀ ਜੰਗ। 

20 ਏਕੜ ਵਿਚ ਸਥਿਤ ਇਸ ਬੁਰਜ ਵਿਚ ਛੇ ਟਿੱਲੇ ਹਨ, ਜਿਨ੍ਹਾਂ ‘ਤੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਪੰਜ ਜਰਨੈਲਾਂ ਦੇ ਪੁਤਲੇ ਬਣਾਏ ਹੋਏ ਹਨ। ਪਰ ਇਹ ਪੁਤਲੇ ਹੁਣ ਆਪਣੀ ਚਮਕ ਗੁਆ ਰਹੇ ਹਨ। ਹੁਣ ਯਾਤਰੀਆਂ ਦਾ ਬੁਰਜ ਤੱਕ ਜਾਣਾ ਮਸ਼ਕਿਲ ਹੋ ਗਿਆ ਹੈ। ਇਸ ਬੁਰਜ ਦੀ ਹਾਲਤ ਬਹੁਤ ਬੁਰੀ ਹੈ, ਇਸ ਯਾਦਗਾਰ ਸਮਾਰਕ ਤੱਕ ਜਾਣ ਵਾਲੀ ਸੜਕ ਦੀ ਹਾਲਤ ਵੀ ਬਹੁਤ ਬੁਰੀ ਹੈ। ਇਸ ਸੜਕ ਵਿਚ ਬਹੁਤ ਟੋਏ ਹਨ।

ਚੱਪੜ ਚਿੜੀ ਪਿੰਡ ਖਰੜ-ਬਨੂੜ ਰੋਡ ‘ਤੇ ਸਥਿਤ ਹੈ, ਇਸ ਰੋਡ ਦਾ ਨਾਂਅ ਬਦਲ ਕੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਰੱਖਿਆ ਗਿਆ ਹੈ। ਇਹ ਪਿੰਡ ਲਾਂਡਰਾਂ ਤੋਂ ਕੁਝ ਕਿਲੋਮੀਟਰ ਅਤੇ ਸਰਹੰਦ ਤੋਂ 20 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਪਿੰਡ ਵਿਚ ਕਰੀਬ 50-60 ਘਰ ਅਤੇ ਲਗਭਗ 1000 ਨਿਵਾਸੀ ਰਹਿੰਦੇ ਹਨ।ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਨ ਵਾਲੇ ਸੁਧੀਰ ਸ਼ਰਮਾ ਨੇ ਕਿਹਾ ਕਿ ਪਿੰਡ ਵਾਲਿਆਂ ਦੇ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਮੋਹਾਲੀ ਪ੍ਰਸ਼ਾਸਨ ਵੱਲੋਂ ਸੜਕਾਂ ਦੀ ਹਾਲਤ ਸੁਧਾਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ।

ਪੰਚਾਇਤ ਕਮੇਟੀ ਦੇ ਮੈਂਬਰ ਮਿਲ ਕੇ ਪਿੰਡ ਦਾ ਗੁਰਦੁਆਰਾ ਚਲਾ ਰਹੇ ਹਨ। ਪੰਚਾਇਤ ਕਮੇਟੀ ਦੇ ਮੈਂਬਰ ਜੋਰਾ ਸਿੰਘ ਅਤੇ ਪ੍ਰੇਮ ਸਿੰਘ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਇੱਥੇ ਯਾਦਗਾਰ ਸਥਾਪਿਤ ਕੀਤੀ ਸੀ, ਜਿਸ ਨਾਲ ਸਾਡੇ ਪਿੰਡ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਇਹ ਵਿਰਾਸਤੀ ਯਾਦਗਾਰ ਹੌਲੀ-ਹੌਲੀ ਆਪਣੀ ਚਮਕ ਗੁਆ ਰਹੀ ਹੈ।