ਅੱਖੋਂ ਪਰੋਖੀ ਹੋਈ ਸਿੱਖ ਵਿਰਾਸਤ ਨੂੰ ਸਾਂਭ ਰਹੀ ਪਾਕਿਸਤਾਨੀ ਸੰਸਥਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜਿਹਲਮ ਵਿਚ ਲੱਭਿਆ ਅਣਮੁੱਲੀ ਸਿੱਖ ਵਿਰਾਸਤ ਦਾ ਗੁਆਚਿਆ ਇਤਿਹਾਸ

Gurudwara Karam Singh, Jhelum

ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਪਾਕਿਸਤਾਨ ‘ਚ ਜਿਹਲਮ ਦੇ ਹਿੱਸੇ ਵਿਚ ਸਿੱਖਾਂ ਦੀ ਗਿਣਤੀ ਖਤਮ ਹੋ ਗਈ ਕਿਉਂਕਿ ਵੰਡ ਤੋਂ ਬਾਅਤ ਅੱਧੇ ਤੋਂ ਜ਼ਿਆਦਾ ਸਿੱਖ ਭਾਰਤ ਆ ਗਏ ਅਤੇ ਬਾਕੀ ਪਾਕਿਸਤਾਨ ਵਿਚ ਹੀ ਹੋਰ ਥਾਵਾਂ ‘ਤੇ ਵਸ ਗਏ ਤੇ ਜਿਹਲਮ ਵਿਚ ਸਿੱਖ ਧਰਮ ਦੇ ਇਤਿਹਾਸਕ ਸਥਾਨਾਂ ਦੀ ਸੇਵਾ ਸੰਭਾਲ ਲਈ ਕੋਈ ਸਿੱਖ ਨਾ ਬਚਿਆ। 

ਪਾਕਿਸਤਾਨ ਵਿਚ ਜਿਹਲਮ ਹੈਰੀਟੇਜ ਫਾਊਂਡੇਸ਼ਨ ਵੱਲੋਂ ਜਿਹਲਮ ਵਿਖੇ ਗੁਰੂ ਨਾਨਕ ਦੇਵ ਜੀ ਅਤੇ ਹੋਰ ਮਹਾਨ ਸਿੱਖ ਸਖਸ਼ੀਅਤਾਂ ਨਾਲ ਸੰਬੰਧਿਤ ਖੰਡਰ ਹੋ ਚੁੱਕੇ ਗੁਰਦੁਆਰਿਆਂ ਨੂੰ ਮੁੜ ਸੰਭਾਲ਼ਣ ਦੇ ਯਤਨ ਕਰ ਰਹੀ ਹੈ। ਜਿਹਲਮ ਵਿਚ ਬਹੁਤ ਹੀ ਪਵਿੱਤਰ ਅਸਥਾਨ ਜਿਵੇਂ ਮਾਤਾ ਸਾਹਿਬ ਕੌਰ ਦਾ ਜਨਮ ਸਥਾਨ, ਗੁਰਦੁਆਰਾ ਚੋਆ ਸਾਹਿਬ, ਭਾਈ ਕਰਮ ਸਿੰਘ ਗੁਰਦੁਆਰਾ ਅਤੇ ਟਿੱਲਾ ਜੋਗੀਆਂ ਸ਼ਾਮਿਲ ਹਨ। 

ਇਹ ਫਾਊਂਡੇਸ਼ਨ ਸਥਾਨਕ ਨੇਤਾਵਾਂ ਦੀ ਸਹਾਇਤਾ ਨਾਲ ਪਾਕਿ ਪੰਜਾਬ ਵਿਚ ਸਥਿਤ ਇਤਿਹਾਸਕ ਸਥਾਨਾਂ, ਕੀਮਤੀ ਜ਼ਮੀਨਾਂ, ਇਤਿਹਾਸਕ ਇਮਾਰਤਾਂ ਅਤੇ ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ ਦੀ ਦੇਖ ਰੇਖ ਕਰ ਰਹੀ ਹੈ। ਇਹ ਸੰਸਥਾ ਨੇ ਇਸ ਉੱਦਮ ਦੀ ਸ਼ੁਰੂਆਤ ਜਿਹਲਮ ਦੇ ਸਿੱਖ ਗੁਰਦੁਆਰਿਆਂ ਤੋਂ ਕਰੇਗੀ।

ਪਾਕਿਸਤਾਨ ਨੇ ਇਨ੍ਹਾਂ ਗੁਰੂ ਘਰਾਂ ਦੀ ਮੁਰੰਮਤ ਕਰਕੇ ਪੁਰਾਣਾ ਰੂਪ ਬਹਾਲ ਕਰਨ ਦਾ ਜ਼ਿੰਮਾ ਲਾਹੌਰ ਅਥਾਰਟੀ ਨੂੰ ਸੋਂਪਿਆ ਹੈ। ਲਾਹੌਰ ਦੇ ਪੁਰਾਣੇ ਘਰਾਂ, ਗਲੀਆਂ ਦੀ ਸਾਂਭ ਸੰਭਾਲ ਲਈ ਇਹ ਅਥਾਰਟੀ ਕੁਝ ਸਾਲ ਪਹਿਲਾਂ ਹੀ ਬਣਾਈ ਗਈ ਸੀ। ਇਸ ਅਥਾਰਟੀ ਨੂੰ ਇਤਿਹਾਸਕ ਇਮਾਰਤਾਂ ਦੀ ਮੁਰੰਮਤ ਵਿਚ ਮੁਹਾਰਤ ਹਾਸਿਲ ਹੈ।

ਪਾਕਿਸਤਾਨ ਦੀ ਜਿਹਲਮ ਹੈਰੀਟੇਜ ਫਾਊਂਡੇਸ਼ਨ ਦੇ ਮੈਂਬਰ ਰਾਜਾ ਵੱਕਾਰ, ਤਾਹਿਰ ਖਾਨ ਕਿਯਾਨੀ, ਉਸਦੇ ਸਾਥੀ ਅਤੇ ਸਥਾਨਕ ਅਧਿਕਾਰੀ ਵੀ ਇਸ ਕੰਮ ਨੂੰ ਪੂਰਾ ਕਰਨ ਦੀ ਯੋਜਨਾ ਬਣਾ ਰਹੇ ਹਨ।

ਜਿਹਲਮ ਵਿਚ ਸਿੱਖ ਧਰਮ ਦੇ ਪ੍ਰਮੁੱਖ ਗੁਰਦੁਆਰੇ

ਗੁਰਦੁਆਰਾ ਚੋਆ ਸਾਹਿਬ: ਰੋਹਤਾਸ ਕਿਲੇ ਦੀ ਉੱਤਰੀ ਦਿਵਾਰ ਤੋਂ ਬਾਹਰ ਇਹ ਗੁਰਦੁਆਰਾ ਸਥਿਤ ਹੈ, ਇਸ ਇਤਿਹਾਸਕ ਸਥਾਨ 'ਤੇ ਗੁਰੂ ਨਾਨਕ ਮੱਕੇ ਵੱਲ ਜਾਣ ਸਮੇਂ ਰਾਹ ਵਿਚ ਇੱਥੇ ਰੁਕੇ ਅਤੇ ਕੁਝ ਦੇਰ ਆਰਾਮ ਕੀਤਾ ਸੀ। ਇਸ ਸਥਾਨ ‘ਤੇ ਗੁਰੂ ਸਾਹਿਬ ਨੇ ਪਾਣੀ ਦੀ ਖੋਜ ਲਈ ਚਸ਼ਮਾ ਕੱਢਿਆ ਸੀ। ਉਸੇ ਚਸ਼ਮੇ (ਚੋਏ) ਨੂੰ ਸਮਰਪਿਤ ਹੈ ਗੁਰਦੁਆਰਾ ਚੋਆ ਸਾਹਿਬ। ਇਸ ਚਸ਼ਮੇ ਦੇ ਪਾਣੀ ਦੀ ਵਰਤੋਂ ਅੱਜ ਵੀ ਲੋਕ ਕਰਦੇ ਹਨ।

ਮਾਤਾ ਸਾਹਿਬ ਕੌਰਾਂ ਜਨਮ ਅਸਥਾਨ: ਮਾਤਾ ਸਾਹਿਬ ਕੌਰ ਦਾ ਜਨਮ ਅਸਥਾਨ ਗੁਰਦੁਆਰਾ ਰੋਹਤਾਸ ਕਿਲ੍ਹੇ ਦੇ ਅੰਦਰ ਇਕ ਛੋਟੇ ਜਿਹੇ ਕਮਰੇ ਵਿਚ ਸਥਿਤ ਹੈ। ਇਸ ਇਲਾਕੇ ਵਿਚ ਸਿੱਖ ਨਾ ਹੋਣ ਕਾਰਣ ਇਹ ਅਸਥਾਨ ਨਜ਼ਰ ਅੰਦਾਜ਼ ਹੀ ਰਿਹਾ। ਫਾਊਂਡੇਸ਼ਨ ਨੇ ਇਸ ਅਸਥਾਨ ਦਾ ਨਿਰੀਖਣ ਵਰਲਡ ਸਿਟੀ ਆਫ ਲਾਹੌਰ  ਨਾਮਕ ਸੰਸਥਾ ਤੋਂ ਕਰਵਾਇਆ ਹੈ ਜੋ ਕਿ ਅਜਿਹੀਆਂ ਇਮਾਰਤਾਂ ਦੀ ਸਾਂਭ ਸੰਭਾਲ ਵਿਚ ਮੁਹਾਰਤ ਰੱਖਦੀ ਹੈ।

ਟਿੱਲਾਂ ਜੋਗੀਆਂ: ਟਿੱਲਾਂ ਜੋਗੀਆਂ ਉਹ ਅਸਥਾਨ ਹੈ ਜਿੱਥੇ ਲੋਕ ਜੋਗੀ ਦੀ ਸਿੱਖਿਆ ਲੈਣ ਜਾਂਦੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਰਾਂਝੇ ਨੇ ਵੀ ਉੱਥੋਂ ਹੀ ਮੁੰਦਰਾ ਪਵਾਈਆਂ ਸੀ। ਕਿਹਾ ਜਾਂਦਾ ਹੈ ਕਿ ਇਸ ਅਸਥਾਨ ‘ਤੇ ਹੀ ਗੁਰੂ ਨਾਨਕ ਦੇਵ ਜੀ ਨੇ ਜੋਗੀਆਂ ਨਾਲ ਮੁਲਾਕਾਤ ਕੀਤੀ ਸੀ। ਇਥੇ ਗੁਰੂ ਜੀ ਦੀ ਯਾਦ ਵਿਚ ਦਰਬਾਰ ਬਣਿਆ ਹੋਇਆ ਹੈ।

ਇਹ ਅਸਥਾਨ 3200 ਫੁੱਟ ਦੀ ਉਚਾਈ ‘ਤੇ ਸਥਿਤ ਹੈ, ਇਥੋਂ ਗੁਜਰਾਤ, ਰਾਵਲਪਿੰਡੀ, ਜਿਹਲਮ ਆਦਿ ਇਲਾਕੇ ਦਿਖਾਈ ਦਿੰਦੇ ਹਨ। ਟਿੱਲਾ ਜੋਗੀਆਂ ਬਹੁਤ ਬੁਰੀ ਹਾਲਤ ਵਿਚ ਹੈ ਅਤੇ ਜਿਹਲਮ ਹੈਰੀਟੇਜ ਫਾਊਂਡੇਸ਼ਨ ਇਸਦੀ ਮੁਰੰਮਤ ਕਰਨਾ ਚਾਹੁੰਦੀ ਹੈ।

ਭਾਈ ਕਰਮ ਸਿੰਘ ਗੁਰਦੁਆਰਾ: ਭਾਈ ਕਰਮ ਸਿੰਘ ਗੁਰਦੁਆਰਾ 1930-40 ਵਿਚ ਸਥਾਨਕ ਸਿੱਖ ਭਾਈਚਾਰੇ ਨੇ ਭਾਈ ਕਰਮ ਸਿੰਘ ਦੀ ਯਾਦ ਵਿਚ ਆਪਣਾ ਯੋਗਦਾਨ ਪਾ ਕੇ ਬਣਾਇਆ ਸੀ। ਭਾਈ ਕਰਮ ਸਿੰਘ ਬ੍ਰਿਟਿਸ਼ ਫੌਜਾਂ ਨਾਲ ਨਾਲ ਲੜਦੇ ਸ਼ਹੀਦ ਹੋਏ ਸਨ।

ਰੋਹਤਾਸ ਦੇ ਕਿਲ੍ਹੇ ਦੀ ਉਸਾਰੀ ਸ਼ੇਰ ਸ਼ਾਹ ਸੂਰੀ ਨੇ 15ਵੀਂ ਸਦੀ ਵਿਚ ਕਰਵਾਈ ਸੀ। ਇਸ ਦੀ ਦੇਖ ਰੇਖ ਸੰਯੁਕਤ ਰਾਸ਼ਟਰ ਵੱਲੋਂ ਕੀਤੀ ਜਾਂਦੀ ਹੈ। ਇਹਨਾਂ ਸਥਾਨਾਂ ਦੀ ਮੁਰੰਮਤ ਲਈ ਲਗਭਗ 40 ਮਿਲੀਅਨ ਰੁਪਏ ਦਾ ਖਰਚ ਆਵੇਗਾ, ਇਸ ਕੰਮ ਲਈ ਪਾਕਿਸਤਾਨ ਸਰਕਾਰ ਨੇ ਵੀ ਸਹਿਮਤੀ ਦਿਖਾਈ ਹੈ। ਪਾਕਿਸਤਾਨ ਸੂਚਨਾ ਮੰਤਰੀ ਵੀ ਜਿਹਲਮ ਤੋਂ ਹੀ ਹਨ ਅਤੇ ਉਹਨਾਂ ਨੇ ਵੀ ਇਸ ਕੰਮ ਲਈ ਹਾਮੀ ਭਰੀ ਹੈ। ਇਸ ਕਾਰਜ ਨੂੰ ਪੂਰਾ ਕਰਨ ਲਈ ਲਗਭਗ ਇਕ ਸਾਲ ਦਾ ਸਮਾਂ ਲੱਗ ਸਕਦਾ ਹੈ।

ਤਾਹਿਰ ਕਿਯਾਨੀ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੂਰਬ ਮੌਕੇ ਭਾਰਤ-ਪਾਕਿ ਦੇ ਸਬੰਧਾਂ ਨੂੰ ਵਧੀਆਂ ਬਣਾਉਣ ਦਾ ਮੌਕਾ ਬਹੁਤ ਉਚਿਤ ਹੈ। ਇਸ ਦਾ ਕਾਰਨ ਕਰਤਾਰਪੁਰ ਲਾਂਘਾ ਖੁੱਲਣਾ ਹੈ ਅਤੇ ਉਹਨਾਂ ਕਿਹਾ ਕਿ ਉਹ ਇਸ ਕੰਮ ਵਿਚ ਵਾਧਾ ਕਰਨਾ ਚਾਹੁੰਦੇ ਹਨ ਅਤੇ ਇਸ ਲਾਂਘੇ ਨੂੰ ਆਉਣ ਵਾਲੇ ਸਮੇਂ ਵਿਚ ਜਿਹਲਮ ਤੱਕ ਲਿਜਾਉਣਾ ਚਾਹੁੰਦੇ ਹਨ।

ਰਾਜਾ ਵੱਕਾਰ ਅਨੁਸਾਰ ਉਹਨਾਂ ਦੀ ਫਾਊਂਡੇਸ਼ਨ ਚਾਹੁੰਦੀ ਹੈ ਕਿ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੇ ਸਿੱਖ ਸ਼ਰਧਾਲੂ ਕਰਤਾਰਪੁਰ ਸਾਹਿਬ, ਡੇਰਾ ਬਾਬਾ ਨਾਨਕ, ਨਨਕਾਣਾ ਸਾਹਿਬ ਦੇ ਨਾਲ ਨਾਲ ਇਹਨਾਂ ਸਥਾਨਾਂ ਦੇ ਵੀ ਦਰਸ਼ਨ ਕਰਨ। ਉਹ ਕਹਿੰਦੇ ਹਨ ਕਿ ਇਹ ਸਾਰੇ ਅਸਥਾਨ ਵਰਲਡ ਹੈਰੀਟੇਜ ਬਣਾਉਣ ਦੇ ਯੋਗ ਹਨ।

ਪੱਤਰਕਾਰ ਰਾਜਾ ਵਕਾਰ ਵੱਲੋਂ ਇਹਨਾਂ ਸਥਾਨਾਂ ਦੀ ਸੰਭਾਲ ਲਈ ਜਿਹਲਮ ਹੈਰੀਟੇਜ ਫਾਊਂਡੇਸ਼ਨ ਬਣਾਈ ਗਈ ਅਤੇ ਉਹਨਾਂ ਨੇ ਅੰਤਰਰਾਸ਼ਟਰੀ ਮੀਡੀਏ ਦੀ ਸਹਾਇਤਾ ਨਾਲ ਇਸ ਇਲਾਕੇ ਦੀ ਕਵਰੇਜ ਕਰਵਾਈ ਅਤੇ ਇਸ ‘ਤੇ ਰਿਪੋਰਟ ਤਿਆਰ ਕਰਵਾਈ। ਅੰਤਰਰਾਸ਼ਟਰੀ ਮੀਡੀਏ ਦੀ ਰਿਪੋਰਟ ਤੋਂ ਬਾਅਦ ਇਹ ਅਣਮੁੱਲੀ ਵਿਰਾਸਤ ਨਾਲ ਭਰਪੂਰ ਇਲਾਕਾ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਸਿੱਖ ਭਾਈਚਾਰੇ ਦੀ ਨਜ਼ਰ ਵਿਚ ਆ ਗਿਆ ਹੈ।

ਅਦਾਰਾ ਸਪੋਕਸਮੈਨ ਵੱਲੋਂ ਕਮਲਜੀਤ ਕੌਰ ਅਤੇ ਰਵਿਜੋਤ ਕੌਰ