ਸੁਨੀਲ ਜਾਖੜ ਨੇ ਡੇਰਾ ਬਾਬਾ ਨਾਨਕ ਵਿਖੇ ਕੀਤਾ ਚੋਣ ਪ੍ਰਚਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਆਪਣਾ ਚੋਣ ਪ੍ਰਚਾਰ ਬਟਾਲਾ ਦੇ ਹਲਕਾ ਡੇਰਾ ਬਾਬਾ ਨਾਨਕ ਦੀਆਂ ਚਾਰ ਥਾਵਾਂ ਤੋਂ ਸ਼ੁਰੂ ਕੀਤਾ।

Sunil jakhar and Sukhjinder Ranjdhawa

ਡੇਰਾ ਬਾਬਾ ਨਾਨਕ: ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੇ ਸਿਆਸੀ ਆਗੂ ਚੋਣ ਪ੍ਰਚਾਰ ਵਿਚ ਜੁਟੇ ਹੋਏ ਹਨ, ਹਰ ਉਮੀਦਵਾਰ ਆਪਣੇ ਹੱਕ ਵਿਚ ਚੋਣ ਪ੍ਰਚਾਰ ਕਰਦੇ ਦਿਖਾਈ ਦੇ ਰਿਹਾ ਹੈ। ਜਿਸਦੇ ਚਲਦਿਆਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਆਪਣਾ ਚੋਣ ਪ੍ਰਚਾਰ ਬਟਾਲਾ ਦੇ ਹਲਕਾ ਡੇਰਾ ਬਾਬਾ ਨਾਨਕ ਦੀਆਂ ਚਾਰ ਥਾਵਾਂ ਤੋਂ ਸ਼ੁਰੂ ਕੀਤਾ। ਇਸ ਮੌਕੇ ਜਿੱਥੇ ਸੁਨੀਲ ਜਾਖੜ ਨੇ ਲੋਕਾਂ ਨੂੰ ਕਾਂਗਰਸ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਤਾਂ ਉਥੇ ਹੀ ਉਹਨਾਂ ਨੇ ਵਿਰੋਧੀ ਪਾਰਟੀਆਂ ‘ਤੇ ਤਿੱਖੇ ਨਿਸ਼ਾਨੇ ਵੀ ਸਾਧੇ।

ਇਸ ਮੌਕੇ ਉੱਥੇ ਡੇਰਾ ਬਾਬਾ ਨਾਨਕ ਦੇ ਕਾਂਗਰਸ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ। ਇਸ ਦੌਰਾਨ ਸੁਨੀਲ ਜਾਖੜ ਨੇ ਹਲਕਾ ਡੇਰਾ ਬਾਬਾ ਨਾਨਕ, ਸ਼ਾਹਪੁਰ ਜਾਜਨ, ਹਰੁਵਾਲ, ਕਲਾਨੌਰ ਅਤੇ ਘੁੰਮਣ ਕਲਾਂ ਕਸਬਿਆਂ ਵਿਚ ਚੋਣ ਰੈਲੀ ਕੀਤੀ। ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਉਹ ਪੰਜਾਬ ਕਾਂਗਰਸ ਵੱਲੋਂ 14 ਮਹੀਨਿਆਂ ਦੌਰਾਨ ਕਰਵਾਏ ਕੰਮਾਂ ਨੂੰ ਲੋਕਾਂ ਦੀ ਕਚਹਿਰੀ ਵਿਚ ਲੈ ਕੇ ਜਾਣਗੇ। ਇਸਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਆਪਣੇ ਵੱਲੋਂ ਕਰਵਾਏ ਕੰਮਾਂ ਦੀ ਤੁਲਨਾ ਹੋਰਨਾਂ ਪਾਰਟੀਆਂ ਵੱਲੋਂ ਕਰਵਾਏ ਕੰਮਾਂ ਨਾਲ ਕਰਨ ਲਈ ਕਿਹਾ। 

ਜਗਮੀਤ ਬਰਾੜ ਦੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਬਾਰੇ ਉਹਨਾਂ ਕਿਹਾ ਕਿ ਜਗਮੀਤ ਬਰਾੜ ਕਾਂਗਰਸ ਦੇ ਸੀਨੀਅਰ ਲੀਡਰ ਰਹੇ ਹਨ ਅਤੇ ਸਾਨੂੰ ਅਫਸੋਸ ਹੈ ਕਿ ਪਾਰਟੀ ਵੱਲੋਂ ਉਹਨਾਂ ਨੂੰ ਵਧੀਆ ਅਹੁਦੇ ਦੇਣ ਦੇ ਬਾਵਜੂਦ ਵੀ ਉਹ ਪਾਰਟੀ ਨਾਲ ਨਰਾਜ਼ਗੀ ਜ਼ਾਹਿਰ ਕਰਦੇ ਰਹੇ। ਉਹਨਾਂ ਇਹ ਵੀ ਕਿਹਾ ਕਿ ਜਗਮੀਤ ਸਿੰਘ ਨੇ ਕਈ ਵਾਰ ਸਟੇਜਾਂ ਤੋਂ ਇਹ ਵੀ ਕਿਹਾ ਕਿ ਉਹਨਾਂ ਦੇ ਪਿਤਾ ਦਾ ਕਤਲ ਬਾਦਲਾਂ ਨੇ ਕਰਵਾਇਆ ਹੈ। 

ਰਾਜਾ ਵੜਿੰਗ ਦੀ ਸ਼ਮਸ਼ਾਨ ਘਾਟ ਵਾਲੀ ਵਾਇਰਲ ਵੀਡੀਓ ਨੂੰ ਲੈ ਕੇ ਉਹਨਾਂ ਕਿਹਾ ਕਿ ਹਰੇਕ ਜ਼ਿੰਮੇਵਾਰ ਵਿਅਕਤੀ ਨੂੰ ਭਾਵੂਕ ਹੋ ਕੇ ਨਹੀਂ ਬੋਲਣਾ ਚਾਹੀਦਾ। ਉਥੇ ਹੀ ਉਹਨਾਂ ਨੇ ਕਾਂਗਰਸ ਪਾਰਟੀ ਵਿਚ ਚਲ ਰਹੀਆਂ ਨਰਾਜ਼ਗੀਆਂ ਨੂੰ ਲੈ ਕੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਅੰਦਰ ਕੋਈ ਨਰਾਜ਼ਗੀ ਹੈ, ਉਸ ਨਰਾਜ਼ਗੀ ਨੂੰ ਬੈਠ ਕੇ ਹੱਲ਼ ਕੀਤਾ ਜਾ ਰਿਹਾ ਹੈ, ਕਿਉਂਕਿ ਪੰਜਾਬ ਦੀਆਂ 13 ਸੀਟਾਂ ‘ਤੇ 175 ਵਿਅਕਤੀਆਂ ਨੂੰ ਐਡਜਸਟ ਨਹੀਂ ਕੀਤਾ ਜਾ ਸਕਦਾ।

ਇਸਦੇ ਨਾਲ ਹੀ ਉਹਨਾਂ ਨੇ ਪੰਜਾਬ ਦੀਆਂ 13 ਸੀਟਾਂ ‘ਤੇ ਕਾਂਗਰਸ ਦੀ ਜਿੱਤ ਦਾ ਦਾਅਵਾ ਵੀ ਕੀਤਾ। ਡੇਰਾ ਬਾਬਾ ਨਾਨਕ ਤੋਂ ਕਾਂਗਰਸ ਵਿਧਾਇਕ ਅਤੇ ਕੈਬਨਿਟ ਮੰਤਰੀ ਸੁੱਖਜਿੰਦਰ ਰੰਧਾਵਾ ਨੇ ਕਿਹਾ ਕਿ ਲੋਕ ਮੋਦੀ ਸਰਕਾਰ ਤੋਂ ਤੰਗ ਆ ਗਏ ਹਨ ਅਤੇ ਹੁਣ ਉਹ ਪੰਜਾਬ ਸਰਕਾਰ ਵੱਲੋਂ 14 ਮਹੀਨਿਆਂ ਦੌਰਾਨ ਕੀਤੇ ਕੰਮਾ ਨੂੰ ਲੈ ਕੇ ਲੋਕਾਂ ਕੋਲੋ ਵੋਟ ਮੰਗਣਗੇ।