SIT ਦੀ ਜਾਂਚ ਨੂੰ ਰੋਕਣ ਲਈ ਬਾਦਲ ਘੜ ਰਹੇ ਸਾਜ਼ਿਸਾਂ : ਸੁਨੀਲ ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕਈ ਹੋਰਨਾਂ ਮੰਤਰੀਆਂ ਦੇ ਨਾਲ ਪੁੱਜੇ ਚੋਣ ਕਮਿਸ਼ਨ ਦੇ ਦਫ਼ਤਰ

Punjab Congress Leaders

ਚੰਡੀਗੜ੍ਹ: ਲੋਕਸਭਾ ਚੋਣਾਂ ਦੇ ਵਿਚ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿੱਥੇ ਪਹਿਲਾਂ ਹੀ ਅਕਾਲੀ ਦਲ ਵਲੋਂ ਗੋਲੀਕਾਂਡ ਤੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਅਧਿਕਾਰੀਆਂ ਨੂੰ ਬਦਲਣ ਲਈ ਬੇਨਤੀ ਪੱਤਰ ਦਿਤਾ ਗਿਆ ਸੀ ਤਾਂ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕਈ ਹੋਰਨਾਂ ਮੰਤਰੀਆਂ ਦੇ ਨਾਲ ਚੋਣ ਕਮਿਸ਼ਨ ਦੇ ਦਫ਼ਤਰ ਪੁੱਜੇ, ਜਿੱਥੇ ਉਨ੍ਹਾਂ ਨੇ ਚੋਣ ਕਮਿਸ਼ਨ ਦੇ ਸਾਹਮਣੇ ਕਈ ਤੱਥ ਰੱਖਦੇ ਹੋਏ ਕਿਹਾ ਕਿ ਪਹਿਲਾਂ ਹੀ ਕਈ ਮਾਮਲਿਆਂ ਨੂੰ ਲੈ ਕੇ ਦੇ ਜਾਂਚ ਵਿਚ ਦੇਰੀ ਹੋ ਚੁੱਕੀ ਹੈ,

ਕਿਸੇ ਤਰ੍ਹਾਂ ਦੀ ਛੇੜਖਾਨੀ ਨਾ ਕੀਤੀ ਜਾਵੇ ਕਿਉਂਕਿ ਐਸਆਈਟੀ ਇਮਾਨਦਾਰੀ ਦੇ ਨਾਲ ਅਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਅਤੇ ਮੁਲਜ਼ਮਾਂ ਤੱਕ ਪਹੁੰਚਣ ਦੇ ਬਹੁਤ ਨੇੜੇ ਹੈ। ਕਾਂਗਰਸ ਦੇ ਕਈ ਨੇਤਾ ਮੁੱਖ ਚੋਣ ਅਧਿਕਾਰੀ ਨੂੰ ਮਿਲਣ ਲਈ ਉਨ੍ਹਾਂ ਦੇ ਦਫ਼ਤਰ ਪਹੁੰਚੇ, ਜਿੰਨ੍ਹਾਂ ਵਿਚ ਸੁਨੀਲ ਜਾਖੜ ਦੇ ਨਾਲ ਹੋਰ ਮੰਤਰੀ ਭਾਰਤ ਭੂਸ਼ਣ ਆਸ਼ੂ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਸੀਨੀਅਰ ਨੇਤਾ ਅਤੇ ਵਿਧਾਇਕ ਰਾਜਕੁਮਾਰ ਵੇਰਕਾ ਤੇ ਦਵਿੰਦਰ ਸਿੰਘ ਘੁਬਾਇਆ ਸ਼ਾਮਿਲ ਸਨ।

ਮੁੱਖ ਚੋਣ ਅਧਿਕਾਰੀ ਨੂੰ ਮਿਲ ਕੇ ਐਸਆਈਟੀ ਦੇ ਤਮਾਮ ਤੱਥ ਚੋਣ ਅਧਿਕਾਰੀ ਦੇ ਸਾਹਮਣੇ ਰੱਖੇ ਗਏ ਅਤੇ ਬੇਨਤੀ ਕੀਤੀ ਗਈ ਕਿ ਬੇਅਦਬੀ ਤੇ ਗੋਲੀਕਾਂਡ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਪਹਿਲੇ ਹੀ ਬਹੁਤ ਦੇਰੀ ਹੋ ਚੁੱਕੀ ਹੈ ਅਤੇ ਐਸਆਈਟੀ ਮੁਲਜ਼ਮਾਂ ਦੇ ਨਜ਼ਦੀਕ ਪਹੁਂਚ ਚੁੱਕੀ ਹੈ ਅਜਿਹੇ ਵਿਚ ਕਿਸੇ ਵੀ ਤਰ੍ਹਾਂ ਦੀ ਛੇੜਖਾਨੀ ਨਾ ਕੀਤੀ ਜਾਵੇ ਜਿਸ ਦੇ ਨਾਲ ਹੋਰ ਦੇਰੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਨਾ ਹੋ ਜਾਵੇ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਐਸਆਈਟੀ ਨੂੰ ਅਪਣੇ ਮਕਸਦ ਵਿਚ ਕਾਮਯਾਬ ਹੋਣ ਤੋਂ ਰੋਕਣ ਲਈ ਅਕਾਲੀ ਦਲ ਹੁਣ ਸਾਜ਼ਿਸ਼ਾਂ ਰਚ ਰਿਹਾ ਹੈ। ਅਕਾਲੀ ਦਲ ਨੂੰ ਡਰ ਹੈ ਕਿਉਂਕਿ ਉਹ ਹੁਣ ਐਸਆਈਟੀ ਦੇ ਸ਼ਿੰਕਜੇ ਵਿਚ ਫਸਦੇ ਜਾ ਰਹੇ ਹਨ, ਜਿਸ ਕਰਕੇ ਉਹ ਚੋਣ ਕਮਿਸ਼ਨ ਕੋਲ ਐਸਆਈਟੀ ਅਧਿਕਾਰੀਆਂ ਨੂੰ ਬਦਲਣ ਦੀ ਮੰਗ ਰੱਖ ਰਹੇ ਹਨ।