ਲੌਕਡਾਊਨ ਦੀ ਉਲੰਘਣਾ ਕਰਨ 'ਤੇ LPU ਨੂੰ ਕਾਰਨ ਦੱਸੋ ਨੋਟਿਸ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ, ਨੂੰ ਦੇਸ਼ ਭਰ ਅੰਦਰ ਲਾਗੂ 'ਲਾਕਡਾਊਨ' ਨਿਯਮਾਂ ਦੀ ਉਲੰਘਣਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

Photo

ਜਲੰਧਰ: ਯੂਨੀਵਰਸਿਟੀ, ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ, ਨੂੰ ਦੇਸ਼ ਭਰ ਅੰਦਰ ਲਾਗੂ 'ਲਾਕਡਾਊਨ' ਨਿਯਮਾਂ ਦੀ ਉਲੰਘਣਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

ਨੋਟਿਸ ਅਨੁਸਾਰ 'ਲਾਕ ਡਾਊਨ' ਦੀਆਂ ਕੇਂਦਰ ਅਤੇ ਰਾਜ ਸਰਕਾਰ ਦੀਆਂ ਹਦਾਇਤਾਂ ਗਾਈਡਲਾਈਨਜ਼ ਦੀ ਉਲੰਘਣਾ ਕਰਦਿਆਂ ਯੂਨੀਵਰਸਿਟੀ ਦੇ ਅੰਦਰ ਵਿਦਿਆਰਥੀ ਅਤੇ ਸਟਾਫ਼ ਮਿਲਾ ਕੇ 3200 ਦੇ ਕਰੀਬ ਲੋਕਾਂ ਨੂੰ ਰੱਖ਼ਿਆ ਗਿਆ ਜੋ ਕਿ ਕੋਰੋਨਾ ਦੇ ਪਸਾਰ ਲਈ ਖ਼ਤਰਨਾਕ ਮੰਨਿਆ ਜਾ ਰਿਹਾ ਹੈ।

ਇਸ ਨੋਟਿਸ ਵਿਚ ਕਿਹਾ ਗਿਆ ਹੈ ਕਿ ਇਹ ਦੱਸਿਆ ਜਾਵੇ ਕਿ ਇਨ੍ਹਾਂ ਗੰਭੀਰ ਉਲੰਘਣਾਵਾਂ ਦੇ ਮੱਦੇਨਜ਼ਰ ਯੂਨੀਵਰਸਿਟੀ ਦੀ 'ਐਨ.ਉ.ਸੀ.' ਰੱਦ ਕਿਉਂ ਨਾ ਕਰ ਦਿੱਤੀ ਜਾਵੇ। ਇਸ ਨੋਟਿਸ ਦੀ ਕਾਪੀ ਕਪੂਰਥਲਾ ਦੀ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੂੰ ਭੇਜੀ ਗਈ ਹੈ। 

ਦੋ ਸਫ਼ਿਆਂ ਦੇ ਅੰਗਰੇਜ਼ੀ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਨਾਂਅ ਜਾਰੀ ਇਸ ਨੋਟਿਸ ਵਿਚ ਯੂਨੀਵਰਸਿਟੀ 'ਤੇ ਲਗਾਇਆ ਗਿਆ ਸਭ ਤੋਂ ਗੰਭੀਰ ਦੋਸ਼ ਇਹ ਹੈ ਕਿ ਯੂਨੀਵਰਸਿਟੀ ਨੇ ਕੇਵਲ ਪ੍ਰਧਾਨ ਮੰਤਰੀ, ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਹੀ ਨਹੀਂ ਕੀਤੀ ਸਗੋਂ ਪ੍ਰਸ਼ਾਸ਼ਨ ਨੂੰ ਇਹ ਸੂਚਿਤ ਕੀਤਾ ਸੀ ਕਿ ਯੂਨੀਵਰਸਿਟੀ ਬੰਦ ਹੈ ਅਤੇ ਵਿਦਿਆਰਥੀਆਂ ਤੋਂ ਖ਼ਾਲੀ ਕਰਵਾ ਲਈ ਗਈ ਹੈ, ਜਦਕਿ ਅਸਲ ਵਿਚ ਇੰਜ ਨਹੀਂ ਕੀਤਾ ਗਿਆ ਸੀ।

ਸਾਬਕਾ ਐਮ.ਪੀ., ਸਾਬਕਾ ਮੰਤਰੀ ਅਤੇ ਕਪੂਰਥਲਾ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇਸ ਯੂਨੀਵਰਸਿਟੀ ਵੱਲੋਂ ਲਾਕਡਾਊਨ ਅਤੇ ਪੰਜਾਬ ਵਿਚ ਕਰਫ਼ਿਊ ਦੌਰਾਨ ਸਰਕਾਰੀ ਹਦਾਇਤਾਂ ਦੇ ਉਲਟ ਹਜ਼ਾਰਾਂ ਵਿਦਿਆਰਥੀਆਂ ਅਤੇ ਕੁਝ ਸਟਾਫ਼ ਮੈਂਬਰਾਂ ਨੂੰ ਕਥਿਤ ਤੌਰ 'ਤੇ ਬਿਨਾਂ ਸੋਸ਼ਲ ਡਿਸਟੈਂਸਿੰਗ ਅਤੇ ਹੋਰ ਇਹਤਿਆਤ ਲਏ ਹੋਸਟਲ ਦੇ ਅੰਦਰ ਰੱਖਣ ਸੰਬੰਧੀ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਸੀ।