ਸ਼ਾਹਕੋਟ ਜ਼ਿਮਨੀ ਚੋਣ : ਕੀ ਕਾਂਗਰਸ ਅਤੇ 'ਆਪ' ਢਾਹ ਸਕਣਗੀਆਂ ਅਕਾਲੀਆਂ ਦਾ ਕਿਲ੍ਹਾ?
ਇਸ ਸਮੇਂ ਸਾਰੇ ਪੰਜਾਬ ਦੀ ਰਾਜਨੀਤੀ ਸ਼ਾਹਕੋਟ ਜ਼ਿਮਨੀ ਚੋਣ 'ਤੇ ਕੇਂਦਰਤ ਹੈ। ਅਕਾਲੀ ਦਲ ਦੇ ਵਿਧਾਇਕ ਅਜੀਤ ਸਿੰਘ ਕੁਹਾੜ ਦੀ ਮੌਤ ਤੋਂ ਬਾਅਦ ਸ਼ਾਹਕੋਟ ਹਲਕਾ ਦੀ ਖਾਲੀ ਹੋਈ...
ਸ਼ਾਹਕੋਟ : ਇਸ ਸਮੇਂ ਸਾਰੇ ਪੰਜਾਬ ਦੀ ਰਾਜਨੀਤੀ ਸ਼ਾਹਕੋਟ ਜ਼ਿਮਨੀ ਚੋਣ 'ਤੇ ਕੇਂਦਰਤ ਹੈ। ਅਕਾਲੀ ਦਲ ਦੇ ਵਿਧਾਇਕ ਅਜੀਤ ਸਿੰਘ ਕੁਹਾੜ ਦੀ ਮੌਤ ਤੋਂ ਬਾਅਦ ਸ਼ਾਹਕੋਟ ਹਲਕਾ ਦੀ ਖਾਲੀ ਹੋਈ ਸੀਟ ਲਈ ਚੋਣਾਂ 28 ਮਈ ਨੂੰ ਹੋਣਗੀਆਂ ਅਤੇ 31 ਮਈ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਸ਼ਾਹਕੋਟ ਅਕਾਲੀਆਂ ਦਾ ਵੱਡਾ ਗੜ੍ਹ ਰਿਹਾ ਹੈ। ਇੱਥੋਂ ਹਰ ਵਾਰ ਅਕਾਲੀ ਦਲ ਦਾ ਉਮੀਦਵਾਰ ਜਿੱਤਦਾ ਰਿਹਾ ਹੈ।
ਇਸ ਵੇਲੇ ਪੰਜਾਬ ਦੀਆਂ ਤਿੰਨ ਵੱਡੀਆਂ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਸ਼ਾਹਕੋਟ ਤੋਂ ਆਪਣੇ ਉਮੀਦਵਾਰ ਐਲਾਨ ਕਰ ਦਿਤੇ ਹਨ। ਤਿੰਨੋਂ ਪਾਰਟੀਆਂ ਵਲੋਂ ਆਪੋ-ਅਪਣੀ ਜਿੱਤ ਦਾ ਦਾਅਵਾ ਕੀਤੇ ਜਾ ਰਿਹਾ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਅਕਾਲੀ ਦਲ ਦੇ ਇਸ ਗੜ੍ਹ ਵਿਚ ਸੰਨ੍ਹ ਲਗਾਉਣ ਵਿਚ ਕਾਮਯਾਬ ਹੋ ਸਕਣਗੇ ਜਾਂ ਨਹੀਂ?
ਕਾਂਗਰਸ ਵਲੋਂ ਹਰਦੇਵ ਸਿੰਘ ਲਾਡੀ ਨੂੰ ਅਪਣਾ ਉਮੀਦਵਾਰ ਐਲਾਨਿਆ ਗਿਆ ਹੈ, ਜਿਸ ਦਾ ਨਾਂਅ ਕਥਿਤ ਮਾਈਨਿੰਗ ਮਾਫ਼ੀਆ ਦਾ ਸਟਿੰਗ ਸਾਹਮਣੇ ਆਉਣ ਤੋਂ ਬਾਅਦ ਉਸ 'ਤੇ ਪਰਚਾ ਦਰਜ ਹੋ ਗਿਆ ਸੀ। ਜਿਸ ਤੋਂ ਬਾਅਦ ਹੁਣ ਇਸ ਸੀਟ ਤੋਂ ਚੋਣ ਜਿੱਤਣਾ ਕਾਂਗਰਸ ਲਈ ਵੱਡੀ ਚੁਣੌਤੀ ਬਣ ਗਿਆ ਹੈ। ਕਾਂਗਰਸ ਨੂੰ ਪੰਜਾਬ ਦੀ ਸੱਤਾ ਵਿਚ ਆਇਆਂ ਇਕ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ, ਅਜਿਹੇ ਵਿਚ ਕਾਂਗਰਸ ਇਸ ਸੀਟ ਨੂੰ ਅਪਣੇ ਕਬਜ਼ੇ ਵਿਚ ਕਰਨਾ ਚਾਹੁੰਦੀ ਹੈ।
ਸ਼ਾਹਕੋਟ ਚੋਣ ਲਈ ਕਾਂਗਰਸ ਨੇ ਸਾਲ 2017 ਵਿਧਾਨ ਸਭਾ ਵਿਚ ਉਮੀਦਵਾਰ ਰਹੇ ਹਰਦੇਵ ਸਿੰਘ ਲਾਡੀ ਸ਼ੋਰੋਵਾਲੀਆ ਨੂੰ ਫਿਰ ਤੋਂ ਟਿਕਟ ਦਿਤੀ ਹੈ। ਦਸ ਦਈਏ ਕਿ 2017 ਵਿਚਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਲਾਡੀ ਦੀ ਹਾਰ ਹੋਈ ਸੀ ਅਤੇ ਉਸ ਨੂੰ ਕੁਲ 42008 ਵੋਟਾਂ ਹਾਸਲ ਹੋਈਆਂ ਸਨ ਪਰ ਇਸ ਵਾਰ ਉਹ ਕੀ ਰੰਗ ਦਿਖਾਉਂਦੇ ਹਨ ਤਾਂ ਇਹ ਚੋਣ ਨਤੀਜੇ ਤੋਂ ਬਾਅਦ ਹੀ ਪਤਾ ਚਲੇਗਾ।
ਉਧਰ ਅਕਾਲੀ ਦਲ ਨੇ ਅਪਣੇ ਮਰਹੂਮ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨਾਇਬ ਸਿੰਘ ਨੂੰ ਹੀ ਅਪਣਾ ਉਮੀਦਵਾਰ ਐਲਾਨਿਆ ਹੈ ਜੋ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਹਨ। ਅਕਾਲੀ ਦਲ ਨੂੰ ਇਸ ਸੀਟ ਤੋਂ ਅਪਣੀ ਜਿੱਤ ਦੀ ਪੂਰੀ ਉਮੀਦ ਹੈ ਕਿਉਂਕਿ ਇਹ ਹਲਕਾ ਅਕਾਲੀ ਦਲ ਦਾ ਗੜ੍ਹ ਹੈ ਪਰ ਨਾਇਬ ਸਿੰਘ ਚੋਣ ਜਿੱਤ ਸਕਣਗੇ, ਫਿਲਹਾਲ ਇਸ ਬਾਰੇ ਪਹਿਲਾਂ ਕੁੱਝ ਕਹਿਣਾ ਸਹੀ ਨਹੀਂ ਹੋਵੇਗਾ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ (ਆਪ) ਨੇ ਰਤਨ ਸਿੰਘ ਕਾਕੜਕਲਾਂ ਨੂੰ ਸ਼ਾਹਕੋਟ ਤੋਂ ਅਪਣਾ ਉਮੀਦਵਾਰ ਐਲਾਨਿਆ ਹੈ। ਰਤਨ ਸਿੰਘ ਕਾਕੜਕਲਾਂ ਦਾ ਦੁਬਈ 'ਚ ਐਨਆਰਆਈ ਅਪਣਾ ਚੰਗਾ ਕਾਰੋਬਾਰ ਹੈ ਅਤੇ ਉਹ ਇਲਾਕੇ ਵਿਚ ਲੋਕ ਭਲਾਈ ਦੇ ਕੰਮ ਵੀ ਕਰਦੇ ਰਹਿੰਦੇ ਹਨ। ਰਤਨ ਸਿੰਘ ਪਾਰਟੀ ਦੇ ਜਨਰਲ ਸਕੱਤਰ ਹਨ ਅਤੇ ਪਿਛਲੇ ਚਾਰ ਸਾਲ ਤੋਂ ਪਾਰਟੀ ਨਾਲ ਜੁੜੇ ਹੋਏ ਹਨ।
ਦਸ ਦਈਏ ਕਿ ਇਸ ਤੋਂ ਪਹਿਲਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਵਲੋਂ ਡਾ. ਅਮਰਜੀਤ ਸਿੰਘ ਥਿੰਦ ਨੇ ਚੋਣ ਲੜੀ ਸੀ ਜੋ ਇਸ ਵਾਰ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿਚ 35 ਸਾਲਾ ਐਮਬੀਬੀਐਸ ਡਾਕਟਰ ਅਮਰਜੀਤ ਨੇ ਅਕਾਲੀ ਦਲ ਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਤਕੜੀ ਟੱਕਰ ਦਿਤੀ ਸੀ ਅਤੇ ਉਨ੍ਹਾਂ ਨੂੰ 41,010 ਵੋਟਾਂ ਮਿਲੀਆਂ ਸਨ।
ਇਸ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸ਼ਾਹਕੋਟ ਜ਼ਿਮਨੀ ਚੋਣ ਲਈ ਬਹੁਜਨ ਮੁਕਤੀ ਪਾਰਟੀ ਨਾਲ ਸਮਝੌਤਾ ਕੀਤਾ ਹੈ। ਦੋਹਾਂ ਪਾਰਟੀਆਂ ਨੇ ਸਾਂਝੇ ਤੌਰ 'ਤੇ ਸ਼ਾਹਕੋਟ ਦੇ ਰਹਿਣ ਵਾਲੇ ਸੁਲੱਖਣ ਸਿੰਘ ਨੂੰ ਆਪਣਾ ਸਾਂਝਾ ਉਮੀਦਵਾਰ ਐਲਾਨਿਆ ਹੈ।
ਇਹ ਕਾਰਨ ਬਣ ਸਕਦੈ ਕਾਂਗਰਸ ਲਈ ਅੜਿੱਕਾ : ਕਾਂਗਰਸ ਆਗੂ ਹਰਦੇਵ ਸਿੰਘ ਲਾਡੀ ਦੀ ਕਥਿਤ ਤੌਰ 'ਤੇ ਇਕ ਵੀਡੀਓ ਵਾਇਰਲ ਹੋਈ ਸੀ, ਵਿਚ ਲਾਡੀ ਇਨ੍ਹਾਂ ਠੇਕੇਦਾਰਾਂ ਨਾਲ ਖੱਡਾਂ 'ਚੋਂ ਰੇਤੇ ਦੀ ਮਾਈਨਿੰਗ ਲਈ ਕਥਿਤ ਤੌਰ 'ਤੇ ਸੌਦੇਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਭੂਚਾਲ ਆ ਗਿਆ ਸੀ ਜੋ ਅਜੇ ਤਕ ਵੀ ਸ਼ਾਂਤ ਨਹੀਂ ਹੋਇਆ ਹੈ। ਇਸ ਦੌਰਾਨ ਜਸਬੀਰ ਸਿੰਘ ਨਾਮ ਦੇ ਇਕ ਵਿਅਕਤੀ ਨੇ ਹਰਦੇਵ ਲਾਡੀ 'ਤੇ 10 ਲੱਖ ਰਿਸ਼ਵਤ ਦਾ ਇਲਜ਼ਾਮ ਲਗਾਇਆ ਹੈ। ਇੰਨਾ ਹੀ ਨਹੀਂ ਉਸ ਨੇ ਕਾਂਗਰਸੀ ਉਮੀਦਵਾਰ ਹਰਦੇਵ ਲਾਡੀ 'ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਵੀ ਇਲਜ਼ਾਮ ਲਗਾਏ ਹਨ।
ਇਸ ਸਭ ਦੇ ਬਾਵਜੂਦ ਕਾਂਗਰਸ ਨੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਉਮੀਦਵਾਰ ਐਲਾਨਿਆ ਪਰ ਇਸ ਐਲਾਨ ਦੇ 24 ਘੰਟਿਆਂ ਅੰਦਰ ਸ਼ਾਹਕੋਟ ਦੇ ਹੀ ਥਾਣਾ ਮੁਖੀ ਨੇ ਉਸ ਵਿਰੁਧ ਰੇਤ ਦੀ ਗ਼ੈਰ ਕਾਨੂੰਨੀ ਮਾਈਨਿੰਗ ਦੇ ਦੋਸ਼ਾਂ ਹੇਠ ਐਫ਼ਆਈਆਰ ਦਰਜ ਕਰ ਦਿਤੀ। ਦਬਾਅ ਦੇ ਚਲਦੇ ਐੱਫ਼ਆਈਆਰ ਦਰਜ ਕਰਨ ਵਾਲੇ ਇਸ ਥਾਣਾ ਮੁਖੀ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿਤਾ। ਫਿਰ ਬਦਨਾਮੀ ਟਾਲਣ ਲਈ ਕਥਿਤ ਤੌਰ 'ਤੇ ਜਲੰਧਰ ਦੇ ਜ਼ਿਲ੍ਹਾ ਪੁਲਿਸ ਮੁਖੀ ਰਾਹੀਂ ਉਸ 'ਤੇ ਅਸਤੀਫ਼ਾ ਵਾਪਸ ਲੈਣ ਲਈ ਦਬਾਅ ਪਾਇਆ ਗਿਆ।
ਇਸ ਤੋਂ ਬਾਅਦ ਇਹ ਵਿਵਾਦ ਘਟਣ ਦੀ ਬਜਾਏ ਹੋਰ ਜ਼ਿਆਦਾ ਵਧ ਗਿਆ। ਐਸਐਚਓ ਨੇ ਪੰਜਾਬ ਸਰਕਾਰ 'ਤੇ ਬਹੁਤ ਸਾਰੇ ਇਲਜ਼ਾਮ ਲਗਾਏ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਐਸਐਚਓ ਨੂੰ ਆੜੇ ਹੱਥੀਂ ਲਿਆ। ਕੈਪਟਨ ਨੇ ਐਸਐਚਓ ਦੇ ਆਪ ਆਗੂ ਸੁਖਪਾਲ ਖਹਿਰਾ ਤੇ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨਾਲ ਸਬੰਧ ਹੋਣ ਦੀ ਗੱਲ ਕਰਦਿਆਂ ਮਾਮਲੇ ਨੂੰ ਜਾਣਬੁੱਝ ਕੇ ਹਵਾ ਦੇਣ ਦੇ ਇਲਜ਼ਾਮ ਲਗਾਏ। ਫਿਲਹਾਲ ਸ਼ਾਹਕੋਟ ਦੀ ਜ਼ਿਮਨੀ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਸਿਰ ਧੜ ਦੀ ਬਾਜ਼ੀ ਲਗਾਈ ਹੋਈ ਹੈ। ਹੁਣ ਦੇਖਣਾ ਹੋਵੇਗਾ ਕਿ ਇਥੋਂ ਦੀ ਜਨਤਾ ਕਿਸ ਪਾਰਟੀ ਦੇ ਸਿਰ ਜਿੱਤ ਦਾ ਤਾਜ ਸਜਾਉਂਦੀ ਹੈ?