ਪਟਿਆਲਾ ‘ਚ ਨਾਜਾਇਜ਼ ਸ਼ਰਾਬ ਦਾ ਜ਼ਖ਼ੀਰਾ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਚੋਣਾਂ ਵਿਚ ਵੋਟਰਾਂ ਨੂੰ ਵੰਡਣ ਲਈ ਸਮਾਣਾ ਵਿਚ ਲਿਆਂਦੀ ਗਈ ਸ਼ਰਾਬ ਬਰਾਮਦ ਹੋਣ ਸਬੰਧੀ ਖ਼ਬਰ ਹੈ...

Illegal Whishky

ਪਟਿਆਲਾ: ਲੋਕ ਸਭਾ ਚੋਣਾਂ ਵਿਚ ਵੋਟਰਾਂ ਨੂੰ ਵੰਡਣ ਲਈ ਸਮਾਣਾ ਵਿਚ ਲਿਆਂਦੀ ਗਈ ਸ਼ਰਾਬ ਬਰਾਮਦ ਹੋਣ ਸਬੰਧੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦੇਰ ਰਾਤ ਸਮਾਣਾ ਦੇ ਨੇੜੇ ਇਕ ਸ਼ੈਲਰ ਵਿਚੋਂ ਸ਼ਰਾਬ ਦਾ ਜ਼ਖੀਰਾ ਫ਼ੜਿਆ ਗਿਆ। ਜਿਸ ਦੀ ਖ਼ਬਰ ਮਿਲਦਿਆਂ ਹੀ ਪਟਿਆਲਾ ਲੋਕ ਸਭਾ ਸੀਟ ਤੋਂ ਸਾਂਝਾ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਅਤੇ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਵੀ ਆਪਣੇ ਆਪਣੇ ਸਮਰਥਾਂ ਸਮੇਤ ਸ਼ੈਲਰ ਕੋਲ ਪਹੁੰਚ ਗਈ।

ਉਮੀਦਵਾਰਾਂ ਵੱਲੋਂ ਦੋਸ਼ ਲਗਾਇਆ ਗਿਆ ਕਿ ਕਾਂਗਰਸ ਵੱਲੋਂ ਇਹ ਸ਼ਰਾਬ ਵੋਟਰਾਂ ਨੂੰ ਵੰਡਣ ਲਈ ਲਿਆਂਦੀ ਗਈ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਸਾਹਮਣੇ ਸਟੋਰ ਦੀ ਤਲਾਸੀ ਲਈ ਜਾਵੇ, ਪ੍ਰੰਤੂ ਜਦੋਂ ਤਲਾਸੀ ਨਾ ਲਈ ਗਈ ਤਾਂ ਦੋਵੇਂ ਪਾਰਟੀਆਂ ਦੇ ਉਮੀਦਵਾਰਾਂ ਅਤੇ ਸਮਰਥਕਾਂ ਨੇ ਰਾਤ ਦੇ 3 ਵਜੇ ਸਮਾਣਾ ਰੋਡ ਜਾਮ ਕਰ ਦਿੱਤਾ। ਇਸ ਮੌਕੇ ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਇਸ ਤਾਕ ਵਿਚ ਹੈ ਕਿ ਇੱਥੋਂ ਸ਼ਰਾਬ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਜਾਵੇ।

ਧਰਨੇ ਦੇ ਦਬਾਅ ਦੇ ਚਲਦਿਆਂ ਜਦੋਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਹਾਜ਼ਰੀ ਵਿਚ ਸ਼ੈਲਰ ਦੇ ਜਿੰਦੇ ਤੋੜ ਕੇ ਤਲਾਸ਼ੀ ਲਈ ਗਈ ਤਾਂ ਵੱਡੀ ਮਾਤਰਾ ਵਿਚ ਸ਼ਰਾਬ ਦੀਆਂ ਪੇਟੀਆਂ ਮਿਲੀਆਂ। ਮਿਲੀ ਜਾਣਕਾਰੀ ਅਨੁਸਾਰ 200 ਸ਼ਰਾਬ ਦੀਆਂ ਫੜੀਆਂ ਪੇਟੀਆਂ ਵਿਚ ਅੰਗਰੇਜ਼ੀ ਤੇ ਦੇਸ਼ੀ ਸਰਾਬ ਸ਼ਾਮਲ ਹੈ। ਸੂਤਰਾਂ ਮੁਤਾਬਕ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ੈਲਰ ਵਿਚੋਂ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਦੇ ਪੋਸਟਰ ਵੀ ਮਿਲੇ ਹਨ।