40 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਸਮੇਤ 1 ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਵਲੋਂ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ

Arrest with 40 bottles of Alcohol

ਕਲਾਨੌਰ: ਲੋਕਸਭਾ ਚੋਣਾਂ ਨੂੰ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਸਬੰਧੀ ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੀ ਪੁਲਿਸ ਚੌਕੀ ਵਡਾਲਾ ਬਾਂਗਰ ਦੇ ਕਰਮਚਾਰੀਆਂ ਵਲੋਂ ਚੈਕਿੰਗ ਦੌਰਾਨ ਇਕ ਨੌਜਵਾਨ ਨੂੰ 40 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਵਡਾਲਾ ਬਾਂਗਰ ਦੇ ਏਐਸਆਈ ਗੁਰਵਿੰਦਰ ਸਿੰਘ ਨੇ ਦੱਸਿਆ

ਕਿ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਵਲੋਂ ਪੁਲਿਸ ਕਰਮਚਾਰੀਆਂ ਸਮੇਤ ਅੱਡਾ ਕੋਟ ਮੀਆਂ ਸਾਹਿਬ ਨੇੜੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਨੌਜਵਾਨ ਕਲਾਨੌਰ ਵਾਲੇ ਪਾਸਿਓਂ ਬਟਾਲਾ ਸਾਈਡ ਵੱਲ ਨੂੰ ਆ ਰਿਹਾ ਸੀ। ਪੁਲਿਸ ਕਰਮਚਾਰੀਆਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਸਵਾਰ ਨੌਜਵਾਨ ਘਬਰਾ ਗਿਆ।

ਇਸ ਦੌਰਾਨ ਉਸ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਮੋਟਰਸਾਈਕਲ ਤੋਂ ਇਕ ਕੈਨ ਬਰਾਮਦ ਕੀਤਾ ਗਿਆ, ਜਿਸ 'ਚੋਂ 40 ਬੋਤਲਾਂ ਦੇਸੀ ਰੂੜੀ ਮਾਰਕਾ ਨਾਜਾਇਜ਼ ਸ਼ਰਾਬ, ਜੋ ਪਾਲੀਥੀਨ ਵਿਚ ਪਾਈ ਹੋਈ ਸੀ ਬਰਾਮਦ ਕੀਤੀ ਗਈ। ਏਐਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਮੇਤਲਾ ਵਜੋਂ ਹੋਈ ਹੈ। ਇਸ ਸਬੰਧੀ ਪੁਲਿਸ ਵਲੋਂ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।