ਜੈਜੀਤ ਜੌਹਲ ਦਾ ਅਕਾਲੀਆਂ ’ਤੇ ਹਮਲਾ, 'ਮਹਾਂਮਾਰੀ ਦੇ ਦੌਰ ’ਚ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਸਿਆਸਤਦਾਨ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੈਜੀਤ ਜੌਹਲ ਨੇ ਅਕਾਲੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਮਹਾਂਮਾਰੀ ਦੇ ਭਿਆਨਕ ਦੌਰ ਵਿਚ ਵੀ ਅਕਾਲੀ ਆਗੂ ਬਿਆਨਬਾਜ਼ੀ ਕਰਕੇ ਸਿਆਸਤ ਕਰਨ ਤੋਂ ਬਾਜ਼ ਨਹੀਂ ਆ ਰਹੇ

Jaijeet Singh Johal

ਬਠਿੰਡਾ: ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਨੇ ਅਕਾਲੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਭਿਆਨਕ ਦੌਰ ਵਿਚ ਵੀ ਅਕਾਲੀ ਆਗੂ ਬਿਆਨਬਾਜ਼ੀ ਕਰਕੇ ਸਿਆਸਤ ਕਰਨ ਤੋਂ ਬਾਜ਼ ਨਹੀਂ ਆ ਰਹੇ। ਉਹਨਾਂ ਕਿਹਾ ਕਿ ਇਸ ਸਮੇਂ ਸਭ ਨੂੰ ਇਕੱਠੇ ਹੋ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ।

ਦਰਅਸਲ ਜੈਜੀਤ ਸਿੰਘ ਜੌਹਲ ਨੇ ਬੀਤੇ ਦਿਨੀਂ ਇਕ ਬਿਆਨ ਜਾਰੀ ਕੀਤਾ ਸੀ  ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਬਠਿੰਡਾ ਵਿਚ ਬਣ ਰਹੇ ਕੋਵਿਡ  ਕੇਅਰ ਸੈਂਟਰ ਵਿਚ ਡੇਰਾ ਸਿਰਸਾ ਵੱਲੋਂ ਲੰਗਰ ਦੀ ਸੇਵਾ ਕੀਤੀ ਜਾਵੇਗੀ। ਇਸ ਤੋਂ ਬਾਅਦ ਅਕਾਲੀ ਦਲ ਦੇ ਆਗੂਆਂ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕਾਂਗਰਸ ਕੋਰੋਨਾ ਦੀ ਆੜ ਵਿਚ ਡੇਰਾ ਸਿਰਸਾ ਨਾਲ ਆਪਣੀ ਯਾਰੀ ਨਿਭਾਅ ਰਹੀ ਹੈ।

ਅਕਾਲੀ ਆਗੂਆਂ ਦਾ ਦੋਸ਼ ਸੀ ਕਿ ਕਾਂਗਰਸ ਸਿਆਸੀ ਲਾਹਾ ਲੈਣ ਲਈ ਅਜਿਹੇ ਕਦਮ ਚੁੱਕ ਰਹੀ ਹੈ। ਪਰ ਉੱਧਰ ਕਾਂਗਰਸੀ ਆਗੂ ਜੌਹਲ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕੀ ਅਜਿਹੇ ਵੇਲੇ ਸਿਆਸਤ ਨਹੀਂ ਕਰਨੀ ਚਾਹੀਦੀ ਜੇਕਰ ਕੋਈ ਸੰਸਥਾ ਅੱਗੇ ਆ ਕੇ ਲੋਕਾਂ ਦੀ ਸਹਾਇਤਾ ਕਰ ਰਹੀ ਹੈ ਤਾਂ ਉਸ ਦੀ ਸ਼ਲਾਘਾ ਵੀ ਬਣਦੀ ਹੈ। ਜੌਹਲ ਨੇ ਸਪੱਸ਼ਟ ਕੀਤਾ ਕਿ ਉਹਨਾਂ ਨੇ ਗਲਤੀ ਨਾਲ ਡੇਰਾ ਸਿਰਸਾ ਦਾ ਨਾਮ ਲੈ ਦਿੱਤਾ ਜਦਕਿ ਲੰਗਰ ਦੀ ਸੇਵਾ ਆਸਰਾ ਫਾਊਂਡੇਸ਼ਨ ਵੱਲੋਂ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਜੌਹਲ ਨੇ ਇਹ ਵੀ ਕਿਹਾ ਕਿ ਉਹ ਡੇਰਾ ਸਿਰਸਾ ਦੇ ਸਮਰਥਕ ਨਹੀਂ ਸੀ ਪਰ ਇਸ ਸਮੇਂ ਜੋ ਸਿਆਸੀ ਬਿਆਨਬਾਜ਼ੀ ਹੋ ਰਹੀ ਹੈ ਉਸ ਤੋਂ ਸਿਆਸਤਦਾਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ।  ਜੌਹਲ ਨੇ ਦੱਸਿਆ ਕਿ ਬਠਿੰਡਾ ਵਿਚ 25 ਬੈੱਡ ਵਾਲਾ ਇਕ ਕੋਵਿਡ ਕੇਅਰ ਸੈਂਟਰ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿਚ ਕੋਰੋਨਾ ਮਰੀਜ਼ਾਂ ਨੂੰ ਬਿਲਕੁਲ ਮੁਫ਼ਤ ਇਲਾਜ ਮਿਲੇਗਾ। ਇਸ ਸੈਂਟਰ ਲਈ ਤਕਰੀਬਨ 25 ਸਮਾਜ ਸੇਵੀ ਸੰਸਥਾਵਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।