ਡਾ. ਗੁਰਪਾਲ ਸਿੰਘ ਵਾਲੀਆ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਨਿਯੁਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਡਾ. ਗੁਰਪਾਲ ਸਿੰਘ ਵਾਲੀਆ ਨੂੰ ......................

Dr. Gurpal Singh Walia

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਡਾ. ਗੁਰਪਾਲ ਸਿੰਘ ਵਾਲੀਆ ਨੂੰ ਪਸ਼ੂ ਪਾਲਣ ਵਿਭਾਗ ਪੰਜਾਬ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਅੱਜ ਇੱਥੇ ਵਿਭਾਗ ਦੇ ਮੁੱਖ ਦਫਤਰ ਲਾਈਵਸਟਾਕ ਭਵਨ ਵਿਖੇ ਉਨ੍ਹਾਂ ਅਹੁਦਾ ਸੰਭਾਲ ਲਿਆ।

ਡਾ. ਵਾਲੀਆ ਨੇ ਅਹੁਦਾ ਸੰਭਾਲਣ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਪਸ਼ੂ ਧਨ ਨੂੰ ਸਹਾਇਕ ਕਿਤੇ ਵਜੋਂ ਵਿਕਸਤ ਕਰਨ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਨੂੰ ਹੋਰ ਸੁਹਿਰਦਤਾ ਨਾਲ ਅਮਲੀ ਜਾਮਾ ਪਹਿਨਾਇਆ ਜਾਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ  ਪਸ਼ੂ ਪਾਲਕਾਂ ਦੀ ਆਮਦਨ ਦੁੱਗਣੀ ਕਰਨ ਲਈ ਵਿਭਾਗ ਵਲੋਂ ਪਸ਼ੂ ਪਾਲਕਾਂ ਲਈ ਚਲਾਈਆਂ ਜਾ ਰਹੀਆਂ ਸਾਰੀਆਂ ਸਕੀਮਾਂ ਦਾ ਲਾਭ ਯਕੀਨੀ ਬਣਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸੂਬੇ ਦਾ ਪਸ਼ੂ ਧਨ ਬਿਮਾਰੀ ਰਹਿਤ ਰੱਖਣ ਅਤੇ ਰਾਜ ਦੇ ਪਸ਼ੂਆਂ ਦੀ ਨਸਲ ਸੁਧਾਰ ਸਬੰਧੀ ਵਧੀਆ ਪ੍ਰੋਗਰਾਮ ਨੂੰ ਲਾਗੂ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸੂਬੇ ਦੀ ਆਰਥਿਕਤਾ ਨੂੰ ਹੋਰ ਹੁਲਾਰਾ ਦੇਣ ਲਈ ਬੱਕਰੀ ਪਾਲਣ, ਸੂਰ ਪਾਲਣ ਅਤੇ ਮੁਰਗੀ ਪਾਲਣ ਸਬੰਧੀ ਕਿੱਤਿਆਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਡਾ. ਵਾਲੀਆ ਇਸ ਤੋਂ ਪਹਿਲਾ ਮੁੱਖ ਦਫਤਰ ਵਿਖੇ ਸੰਯੁਕਤ ਨਿਰਦੇਸ਼ਕ ਵਜੋਂ ਤਇਨਾਤ ਸਨ ਅਤੇ ਇਸ ਤੋਂ ਪਹਿਲਾਂ ਡਿਪਟੀ ਡਾਇਰੈਕਟਰ ਬਰਨਾਲਾ ਅਤੇ ਸ੍ਰੀ ਫਤਿਹਗੜ ਸਾਹਿਬ ਤਇਨਾਤ ਰਹੇ ਹਨ।

ਡਾ. ਵਾਲੀਆ ਨੇ ਬੀ.ਵੀ.ਐਸ.ਸੀ (1985) ਅਤੇ ਐਮ.ਵੀ.ਐਸ (1997) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਕੀਤੀ ਅਤੇ ਪੋਸਟ ਗਰੈਜੂਏਸ਼ਨ ਦੌਰਾਨ ਉਹ ਯੂਨੀਵਰਸਿਟੀ ਦੀ ਮੈਰਿਟ ਵਿੱਚ ਆਏ ਸਨ।