ਸੁਖਨਾ ਝੀਲ 'ਚ ਮੱਛੀਆਂ ਦੀ ਮੌਤ ਦਾ ਕਾਰਨ ਲੱਭੇਗਾ ਪਸ਼ੂ ਪਾਲਣ ਵਿਭਾਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਹੀ ਸੁਖਨਾ ਝੀਲ ਦੇ ਪਾਣੀ 'ਚ ਤੈਰਦੀਆਂ 15-20 ਮੱਛੀਆਂ ਐਤਵਾਰ ਨੂੰ ਮਰੀਆਂ ਹੋਈਆਂ ਮਿਲੀਆਂ ਹੋਣ ਕਾਰਨ ਪ੍ਰਸ਼ਾਸਨ...........

Sukhna Lake

ਚੰਡੀਗੜ੍ਹ : ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਹੀ ਸੁਖਨਾ ਝੀਲ ਦੇ ਪਾਣੀ 'ਚ ਤੈਰਦੀਆਂ 15-20 ਮੱਛੀਆਂ ਐਤਵਾਰ ਨੂੰ ਮਰੀਆਂ ਹੋਈਆਂ ਮਿਲੀਆਂ ਹੋਣ ਕਾਰਨ ਪ੍ਰਸ਼ਾਸਨ ਦਾ ਪਸ਼ੂ ਪਾਲਣ ਵਿਭਾਗ ਚਿੰਤਤ ਹੈ। ਵਿਭਾਗ ਦੇ ਇਕ ਅਧਿਕਾਰੀ ਅਨੁਸਾਰ ਇਨ੍ਹਾਂ ਮੱਛੀਆਂ ਦੀ ਮੌਤ ਦਾ ਕਾਰਨ ਪਤਾ ਲਗਾਉਣ ਲਈ ਵਿਭਾਗ ਜਾਂਚ-ਪੜਤਾਲ ਕਰੇਗਾ। ਸੂਤਰਾਂ ਅਨੁਸਾਰ ਸੁਖਨਾ ਝੀਲ 'ਚ ਬਰਸਾਤੀ ਪਾਣੀ ਨੱਕੋ-ਨੱਕ ਭਰ ਜਾਣ  ਬਾਅਦ ਇਥੇ ਆਉਣ ਵਾਲਾ ਪਾਣੀ ਜ਼ਹਿਰੀਲਾ ਵੀ ਸਕਦਾ ਹੈ ਅਤੇ ਗਰਮੀਆਂ ਦੇ ਦਿਨਾਂ 'ਚ ਆਕਸੀਜਨ ਦੀ ਮਾਤਰਾ ਪਾਣੀ 'ਚ ਤੈਰਨ ਵਾਲੇ ਜੀਵ ਜੰਤੂਆਂ ਨੂੰ ਘੱਟ ਮਿਲਦੀ ਹੈ ਜਿਸ ਨਾਲ ਵੀ ਮੱਛੀਆਂ ਦੀ ਮੌਤ ਹੋਈ ਹੋਵੇਗੀ।

ਉੁਨ੍ਹਾਂ ਕਿਹਾ ਕਿ ਫਿਰ ਵੀ ਇਹ ਇਕ ਗੰਭੀਰ ਮੁੱਦਾ ਬਣ ਗਿਆ ਹੈ। ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਦੇ ਪਸ਼ੂ ਪਾਲਣ ਵਿਭਾਗ ਅਤੇ ਫਿਸ਼ਰੀਜ਼ ਦੇ ਡਾਇਰੈਕਟਰ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਉਹ ਇਸ ਤਤਕਾਲੀ ਘਟਨਾ ਸਬੰਧੀ ਕਾਫ਼ੀ ਚੌਕਸੀ ਵਰਤ ਰਹੇ ਹਨ। ਉੁਨ੍ਹਾਂ ਕਿਹਾ ਕਿ ਕਈ ਤਜਰਬੇਕਾਰ ਲੋਕ ਅਤੇ ਅਧਿਕਾਰੀਆਂ ਨੇ ਦਸਿਆ ਕਿ ਸੁਖਨਾ ਝੀਲ ਦੇ ਉਪਰਲੇ ਤੇ ਉੱਚੀਆਂ ਪਹਾੜੀਆਂ ਵਾਲੇ ਪਾਸਿਉਂ ਆਉਂਦਾ ਪਾਣੀ ਕਾਫ਼ੀ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਹੋ ਸਕਦੈ ਇਹ ਮੱਛੀਆਂ ਗੰਦੇ ਪਾਣੀ 'ਚੋਂ ਹੀ ਰੁੜ ਕੇ ਝੀਲ 'ਚ ਪੁੱਜੀਆਂ ਹੋਣ।

ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਮੱਛੀਆਂ ਦੇ ਖੂਨ ਦੇ ਸੈਂਪਲ ਲੈ ਕੇ ਲੈਬਾਰਟਰੀ 'ਚ ਟੈਸਟ ਕੀਤੇ ਜਾ ਰਹੇ ਹਨ ਤਾਕਿ ਪਤਾ ਲੱਗ ਸਕੇ ਕਿ ਇਨ੍ਹਾਂ ਦੀ ਮੌਤ ਕਿਵੇਂ ਹੋਈ।
ਦਸਣਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪ੍ਰਸ਼ਾਸਨ ਵਲੋਂ ਦਿਤੇ ਹਲਫ਼ਨਾਮੇ 'ਚ ਕਿਹਾ ਗਿਆ ਹੈ ਕਿ ਉਹ ਚੰਡੀਗੜ੍ਹ ਦੀ ਸੁਖਨਾ ਝੀਲ ਨੂੰ ਸ਼ੁੱਧ ਵਾਤਾਵਰਣ ਵਾਲਾ ਤੇ ਜੀਵ-ਜੰਤੂਆਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਵੈਟਲੈਂਡ ਬਣਾਇਆ ਜਾਵੇਗਾ। ਦਸਣਯੋਗ ਹੈ ਕਿ 2016 'ਚ ਜਨਵਰੀ ਫ਼ਰਵਰੀ ਦੇ ਮਹੀਨੇ 'ਚ ਚੰਡੀਗੜ੍ਹ ਸੁਖਨਾ ਝੀਲ 'ਚ ਰਹਿੰਦੀਆਂ ਬੱਤਖਾਂ ਨੂੰ ਫਲੂ ਦੀ ਬੀਮਾਰੀ ਲੱਗ ਗਈ ਸੀ।

ਇਸ ਦੇ ਰੋਗ 'ਤੇ ਕਾਬੂ ਪਾਉਣ ਲਈ ਕੇਂਦਰੀ ਵੈਟਰਨਰੀ ਮੰਤਰਾਲੇ ਦੇ ਦਖ਼ਲ 'ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਪਾਣੀ 'ਚ ਦਵਾਈਆਂ ਲਗਾਤਾਰ ਪਾਈਆਂ ਗਈਆਂ ਸਨ ਅਤੇ 20-25 ਦੇ ਕਰੀਬ ਬੱਤਖਾਂ ਨੂੰ ਮਾਰ ਕੇ ਜਲਾ ਦਿਤਾ ਗਿਆ ਸੀ। ਇਸ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਵੀ ਲਗਾਤਾਰ ਸੁਖਨਾ ਨੂੰ ਬਚਾਉਣ ਲਈ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਦਿਤੀਆਂ ਜਾਂਦੀਆਂ ਹਨ।