ਪੰਜਾਬ ਦੇ ਕਿਸਾਨਾਂ ਦਾ ਨਰਮੇ ਤੋਂ ਹੋਇਆ ਮੋਹਭੰਗ, ਇਸ ਵਾਰੀ ਕਪਾਹ ਦੀ ਖੇਤੀ ਲਈ ਰਕਬਾ ਸਿਰਫ਼ 1.75 ਲੱਖ ਹੈਕਟੇਅਰ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪਿਛਲੇ ਸਾਲ ਇਹ ਅੰਕੜਾ ਸੀ 2.50 ਲੱਖ ਹੈਕਟੇਅਰ

PHOTO

 

ਚੰਡੀਗੜ੍ਹ: ਪੰਜਾਬ ’ਚ ਇਸ ਸਾਉਣੀ ਮੌਸਮ ’ਚ ਨਰਮੇ ਦੀ ਖੇਤੀ ਦਾ ਰਕਬਾ ਘਟ ਕੇ ਅਪਣੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ ਹੈ। ਖੇਤੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਵਾਰੀ ਕਪਾਹ ਦੀ ਖੇਤੀ ਲਈ ਰਕਬਾ ਤਿੰਨ ਲੱਖ ਹੈਕਟੇਅਰ ਦੇ ਟੀਚੇ ਮੁਕਾਬਲੇ ਸਿਰਫ਼ 1.75 ਲੱਖ ਹੈਕਟੇਅਰ ਹੈ। ਇਹ ਅੰਕੜਾ ਪਿਛਲੇ ਸਾਲ ਮੁਕਾਬਲੇ 25 ਫ਼ੀ ਸਦੀ ਘੱਟ ਹੈ। ਪਿਛਲੇ ਸਾਲ ਇਹ ਅੰਕੜਾ 2.50 ਲੱਖ ਹੈਕਟੇਅਰ ਸੀ।

ਇਹ ਵੀ ਪੜ੍ਹੋ: ਕੰਬਾਇਨ ਤੋਂ ਹੇਠਾਂ ਡਿੱਗਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ

ਨਰਮੇ ਦੀ ਖੇਤੀ ਦਾ ਰਕਬਾ ਪੰਜਾਬ ’ਚ ਇਸ ਸਾਲ ਪਹਿਲੀ ਵਾਰੀ ਦੋ ਲੱਖ ਹੈਕਟੇਅਰ ਤੋਂ ਘੱਟ ਹੋ ਗਿਆ ਹੈ। ਹਾਲਾਂਕਿ, ਸੂਬੇ ਦੇ ਖੇਤੀ ਵਿਭਾਗ ਨੇ ਪਾਣੀ ਦੀ ਖਪਤ ਕਰਨ ਵਾਲੀ ਝੋਨੇ ਦੀ ਫਸਲ ਦੇ ਬਦਲ ਵਜੋਂ ਇਸ ਨੂੰ ਉਤਸ਼ਾਹਿਤ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਸਨ। ਪੰਜਾਬ ਅੰਦਰ ਨਰਮੇ ਦੀ ਬਿਜਾਈ ’ਚ ਕਮੀ ਸੂਬਾ ਸਰਕਾਰ ਵਲੋਂ ਨਹਿਰਾਂ ’ਚ ਅਪ੍ਰੈਲ ਦੀ ਸ਼ੁਰੂਆਤ ਤੋਂ ਹੀ ਪਾਣੀ ਛੱਡੇ ਜਾਣ ਅਤੇ ਸਸਤੇ ਬੀਜ ਮੁਹਈਆ ਕਰਵਾਏ ਜਾਣ ਦੇ ਬਾਵਜੂਦ ਹੋਈ ਹੈ।

ਇਹ ਵੀ ਪੜ੍ਹੋ: ਜਲਵਾਯੂ ਤਬਦੀਲੀ ਦੇ ਅਸਰ ਕਾਰਨ ਬਦਲ ਰਿਹੈ ਚਾਹ ਦਾ ਸਵਾਦ

ਜਦਕਿ ਗੁਆਂਢੀ ਸੂਬੇ ਹਰਿਆਣਾ ਅਤੇ ਰਾਜਸਥਾਨ ’ਚ ਨਰਮੇ ਦੀ ਬਿਜਾਈ ਦਾ ਖੇਤਰ ਵਧਿਆ ਹੈ। ਹਰਿਆਣਾ ਵਿਚ ਇਸ ਵਾਰ ਨਰਮੇ ਦੀ ਬਿਜਾਈ 6.40 ਲੱਖ ਹੈਕਟੇਅਰ ’ਚ ਹੋਈ ਹੈ, ਜਦ ਕਿ ਪਿਛਲੇ ਸਾਲ ਬਿਜਾਈ 5.75 ਲੱਖ ਹੈਕਟੇਅਰ ਜ਼ਮੀਨ ’ਚ ਹੋਈ ਸੀ। ਇਸ ਤਰ੍ਹਾਂ ਹਰਿਆਣਾ ’ਚ ਨਰਮੇ ਦੀ ਬਿਜਾਈ ’ਚ ਇਸ ਸਾਲ 10 ਫ਼ੀ ਸਦੀ ਦਾ ਵਧਾ ਹੋਇਆ। ਇਕ ਹੋਰ ਗੁਆਂਢੀ ਸੂਬੇ ਰਾਜਸਥਾਨ ’ਚ ਇਸ ਸਾਲ 8.95 ਲੱਖ ਹੈਕਟੇਅਰ ’ਚ ਨਰਮੇ ਦੀ ਬਿਜਾਈ ਹੋਈ ਹੈ, ਜਦਕਿ ਪਿਛਲੇ ਸਾਲ ਇਹ 8.15 ਲੱਖ ਹੈਕਟੇਅਰ ਸੀ।

ਹਾਲਾਂਕਿ ਮੌਜੂਦਾ ਵਿੱਤੀ ਸਾਲ ਲਈ ਦਰਮਿਆਨਾ ਰੇਸ਼ਾ ਨਰਮਾ 6080 ਤੋਂ ਵਧਾ ਕੇ 6620 ਰੁਪਏ ਅਤੇ ਲੰਬਾ ਰੇਸ਼ਾ ਨਰਮਾ 6380 ਰੁਪਏ ਤੋਂ ਵਧਾ ਕੇ 7020 ਰੁਪਏ ਪ੍ਰਤੀ ਕੁਇੰਟਲ ਕੀਤਾ ਹੈ। ਪੰਜਾਬ ਅੰਦਰ ਜਿਨ੍ਹਾਂ ਇਲਾਕਿਆਂ ’ਚ ਨਰਮੇ ਦੀ ਖੇਤੀ ਵਧੀ ਹੈ, ਉਨ੍ਹਾਂ ’ਚ ਬਠਿੰਡਾ, ਮੁਕਤਸਰ, ਮਾਨਸਾ, ਫ਼ਾਜ਼ਿਲਕਾ, ਸੰਗਰੂਰ, ਮੋਗਾ ਅਤੇ ਫ਼ਰੀਦਕੋਟ ਸ਼ਾਮਲ ਹਨ। ਪੰਜਾਬ ਅੰਦਰ 90 ਦੇ ਦਹਾਕੇ ’ਚ 7 ਲੱਖ ਹੈਕਟੇਅਰ ’ਚ ਨਰਮੇ ਦੀ ਖੇਤੀ ਹੁੰਦੀ ਸੀ ਪਰ ਬਾਅਦ ਦੇ ਸਾਲਾਂ ’ਚ ਇਹ ਹੌਲੀ-ਹੌਲੀ ਘਟ ਹੁੰਦੀ ਗਈ।

ਸੂਬੇ ਅੰਦਰ ਨਰਮੇ ਦੀ ਬਿਜਾਈ ’ਚ ਕਮੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਾਰੀ ਹੈ ਜਦੋਂ 2015 ’ਚ ਨਰਮ ਦੀ ਫ਼ਸਲ ’ਤੇ ਚਿੱਟੀ ਮੱਖੀ ਨੇ ਹਮਲਾ ਕਰ ਦਿਤਾ ਸੀ। ਇਸ ਤੋਂ ਬਾਅਦ ਲਗਾਤਾਰ ਨਰਮੇ ਅਧੀਨ ਖੇਤਰ ਸੁੰਗੜ ਰਿਹਾ ਹੈ। 3-4 ਸਾਲਾਂ ਤਕ ਚਿੱਟੀ ਮੱਖੀ ਦੀ ਮਾਰ ਝੱਲਣ ਤੋਂ ਬਾਅਦ 2019 ’ਚ ਕੁਝ ਰਕਬਾ ਵਧਿਆ ਸੀ ਪਰ 2021 ’ਚ ਗੁਲਾਬੀ ਸੁੰਡੀ ਨੇ ਹਮਲਾ ਕਰ ਦਿਤਾ ਸੀ ਅਤੇ ਕਿਸਾਨਾਂ ਨੂੰ ਇਨ੍ਹਾਂ ਨਾਲ ਨਜਿੱਠਣਾ ਵੀ ਨਹੀਂ ਆਉਂਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਝਲਣਾ ਪਿਆ ਸੀ। ਲਗਾਤਾਰ ਨੁਕਸਾਨ ਝੱਲਣ ਕਾਰਨ ਹੀ ਕਿਸਾਨ ਹੁਣ ਝੋਨੇ ਅਤੇ ਬਾਸਮਤੀ ਵਰਗੀਆਂ ਫ਼ਸਲਾਂ ਵੱਧ ਬੀਜ ਰਹੇ ਹਨ।

ਸਾਲ ਪੰਜਾਬ ’ਚ ਨਰਮੇ ਦੀ ਬਿਜਾਈ ਅਧੀਨ ਰਕਬਾ (ਲੱਖ ਹੈਕਟੇਅਰ ’ਚ)
 2017-18 2.91
 2018-19 2.68
 2019-20 2.48
 2020-21 2.51
 2021-22 2.51