ਬਰਗਾੜੀ ਕਾਂਡ ਬਾਰੇ ਸੀ.ਬੀ.ਆਈ ਦੀ ਮਾਮਲਾ ਠੱਪ ਰੀਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਸਟਿਸ ਰਣਜੀਤ ਸਿੰਘ ਦਾ ਖਦਸ਼ਾ ਸੱਚ ਸਾਬਤ ਹੋਇਆ ਕਿ ਸੀ.ਬੀ.ਆਈ ਹੁਣ ਕਿਤੇ ਇਸ ਨੂੰ ਪੇਤਲਾ ਹੀ ਨਾ ਕਰ ਦੇਵੇ

Bargari Golikand

ਚੰਡੀਗੜ੍ਹ  (ਨੀਲ ਭਲਿੰਦਰ ਸਿੰਘ): ਸੀਬੀਆਈ ਵਲੋਂ ਪਹਿਲੀ ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਣ, ਉਸੇ ਵਰ੍ਹੇ 24 ਸਤੰਬਰ ਨੂੰ ਉਸ ਸਰੂਪ ਦੇ ਅੰਗ ਬਰਗਾੜੀ ਦੀਆਂ ਗਲੀਆਂ ਵਿਚ ਖਿਲਾਰਨ ਅਤੇ 12 ਅਕਤੂਬਰ ਨੂੰ ਪਿੰਡ ਬਰਗਾੜੀ ਵਿਚ ਇਤਰਾਜ਼ਯੋਗ ਪੋਸਟਰ ਲੱਗਣ ਦੇ ਮਾਮਲਿਆਂ  ਦੀ ਇੰਨੇ ਸਾਲ ਜਾਂਚ ਕਰਨ ਤੋਂ ਬਾਅਦ ਆਖ਼ਰਕਾਰ ਹੁਣ ਕਹਿ ਦਿਤਾ ਗਿਆ ਹੈ ਕਿ ਇਨ੍ਹਾਂ ਮਾਮਲਿਆਂ ਦੀ ਤਹਿ ਤਕ ਜਾਣਾ ਸੰਭਵ ਨਹੀਂ।

'ਰੋਜ਼ਾਨਾ ਸਪੋਕਸਮੈਨ' ਅਤੇ 'ਸਪੋਕਸਮੈਨ ਵੈਬ ਟੀਵੀ' ਵਲੋਂ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਦੀ ਸੀਬੀਆਈ ਬਾਰੇ ਇਹੋ ਜਿਹੀ ਖ਼ਦਸ਼ਾਨੁਮਾ ਟਿੱਪਣੀ ਕਿ ਏਜੰਸੀ ਹੁਣ ਕਿਤੇ ਇਸ ਕੇਸ ਨੂਂ ਪੇਤਲਾ ਹੀ ਨਾ ਕਰ ਦੇਵੇ, ਦੇ ਹਵਾਲੇ ਨਾਲ ਇਸ ਕੇਸ ਨੂੰ ਬੰਦ ਕਰਨ ਦੀ ਸਿਫ਼ਾਰਸ਼ ਤੇ ਇਨ੍ਹਾਂ ਦੇ ਅਣਸੁਲਝੇ ਹੀ ਰਹਿ ਜਾਣ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਸੀ ਜਿਸ ਮਗਰੋਂ ਲੋਕਾਂ ਖ਼ਾਸ ਕਰ ਕੇ ਸਿੱਖਾਂ 'ਚ ਚੇਤਨਾ ਜਾਗਣ ਲੱਗ ਪਈ ਹੈ। 

ਬਾਦਲਾਂ ਨੇ ਅਪਣੇ ਰਾਜ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਗੁੱਸੇ ਵਿਚ ਆਏ ਸਿੱਖਾਂ ਤੋਂ ਡਰ ਕੇ ਅਤੇ ਪੂਰੇ ਮਾਮਲੇ ਨੂੰ ਘੱਟੇ ਕੌਡੀਆਂ ਰੋਲਣ ਦੀ ਨੀਅਤ ਨਾਲ ਤਿੰਨ ਕੇਸ, ਐਫ਼ ਆਈ ਆਰ ਨੰ 63/15, 117,118/15 ਸੀਬੀਆਈ ਦੇ ਹਵਾਲੇ ਕਰ ਦਿਤੇ ਸਨ। ਉਸ ਵੇਲੇ ਬੇਅਦਬੀ ਮਾਮਲੇ ਵਿੱਚ ਬਾਦਲਾਂ ਦੀ ਪੁਲਿਸ ਵਲੋਂ ਫੜੇ ਸਾਰੇ ਸਿੱਖ ਦੁਹਾਈਆਂ ਦਿੰਦੇ ਰਹੇ ਕਿ ਬਰਗਾੜੀ ਵਿਚ ਦੁਕਾਨ ਕਰਦੇ ਬਲਦੇਵ ਪ੍ਰੇਮੀ ਨੂੰ ਫੜ ਲਵੋ, ਸਾਰਾ ਕੇਸ ਹੱਲ ਹੋ ਜਾਏਗਾ। ਬਾਅਦ ਵਿਚ ਉਸ ਪ੍ਰੇਮੀ ਦਾ ਕਤਲ ਹੋ ਗਿਆ ਜੋ ਅਜੇ ਤਕ ਇਕ ਬੁਝਾਰਤ ਹੈ। 

ਬਾਦਲ ਅੰਮ੍ਰਿਤਧਾਰੀ ਸਿੰਘਾਂ ਦੇ ਤਾਂ ਲਾਈ ਡਿਟੈਕਟ ਟੈਸਟ ਕਰਾਉਂਦੇ ਰਹੇ ਪਰ ਕਿਸੇ ਡੇਰਾ ਪ੍ਰੇਮੀ ਨੂੰ ਹੱਥ ਤਕ ਨਾ ਲਾਇਆ ਅਤੇ ਕੇਸ ਸੀਬੀਆਈ ਨੂੰ ਦੇ ਦਿਤਾ ਜਿਸ ਨੂੰ ਇਹ ਹਦਾਇਤ ਕੀਤੀ ਗਈ ਕਿ ਕੇਸ ਨੂੰ ਸਲੋਅ ਮੋਸ਼ਨ ਵਿਚ ਖ਼ਤਮ ਕਰਨਾ ਹੈ ਜੋ ਸੀਬੀਆਈ ਨੇ ਕਲੋਜ਼ਰ ਰੀਪੋਰਟ ਦਾਖ਼ਲ ਕਰ ਕੇ ਕਰ ਵਿਖਾਇਆ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਮਹਿੰਦਰਪਾਲ ਬਿੱਟੂ ਜਿਸ ਨੇ ਅਪਣੀ ਮਰਜ਼ੀ ਨਾਲ ਜੇਲ ਸੁਪਰਡੈਂਟ ਨੂੰ ਚਿੱਠੀ ਲਿਖ ਕੇ ਮੈਜਿਸਟਰੇਟ ਕੋਲ ਇਕਬਾਲੀਆ ਬਿਆਨ ਦਰਜ ਕਰਵਾਇਆ ਸੀ, ਸੀਬੀਆਈ ਉਸ ਦਾ ਰਿਮਾਂਡ ਲੈ ਕੇ ਵੀ ਕੁੱਝ ਨਾ ਕਰ ਸਕੀ ਅਤੇ ਬਿੱਟੂ ਦਾ ਸਕਿਉਰਿਟੀ ਜੇਲ ਵਿਚ ਕਤਲ ਕਰ ਦਿਤਾ ਗਿਆ। 

ਇਸ ਤੋਂ ਇਲਾਵਾ ਸਟੇਸ਼ਨਰੀ ਦੁਕਾਨ ਦਾ ਮਾਲਕ ਡੇਰਾ ਪ੍ਰੇਮੀ, ਜਿਸ ਨੇ ਖ਼ੁਦ ਪੁਲਿਸ ਤਕ ਪਹੁੰਚ ਕਰ ਕੇ ਦਸਿਆ ਸੀ ਕਿ ਜਿਸ ਪੇਪਰ ਉੱਤੇ ਧਮਕੀ ਪੱਤਰ ਲਿਖ ਕੇ ਸਿੱਖਾਂ ਨੂੰ ਚੈਲੰਜ ਕੀਤਾ ਗਿਆ, ਉਹ ਮੇਰੀ ਦੁਕਾਨ ਤੋਂ ਗੋਲਡੀ ਨਾਂ ਦਾ ਪ੍ਰੇਮੀ ਲੈ ਕੇ ਗਿਆ ਸੀ ਜਿਸ ਉਪਰ ਲਿਖਾਈ ਡੇਰਾ ਪ੍ਰੇਮੀ ਸੰਨੀ ਦੀ ਹੈ ਪਰ ਧਮਕੀ ਪੱਤਰ ਵਾਲੇ ਇਹ ਵਿਚਾਰ ਮਹਿੰਦਰਪਾਲ ਬਿੱਟੂ ਦੇ ਹਨ ਕਿਉਂਕਿ ਸਿੱਖਾਂ ਪ੍ਰਤੀ ਉਸ ਦੇ ਅੰਦਰ ਬਹੁਤ ਨਫ਼ਰਤ ਹੈ। ਇਹ ਸਾਰੇ ਸਬੂਤ ਬਾਦਲਾਂ ਵਲੋਂ ਬਣਾਈ ਸਿੱਟ ਦਾ ਮੁਖੀ ਰਣਬੀਰ ਸਿੰਘ ਖਟੜਾ ਪ੍ਰੈਸ ਨਾਲ ਵੀ ਸਾਂਝੇ ਕਰ ਚੁੱਕਾ ਹੈ ਪਰ ਸੀਬੀਆਈ ਨੇ ਇਹ ਕਹਿ ਕੇ ਕਲੋਜਰ ਰਿਪੋਰਟ ਦਾਖਲ ਕਰ ਦਿਤੀ ਹੈ ਕਿ ਇਨ੍ਹਾਂ ਕੇਸਾਂ ਵਿਚ ਕੋਈ ਸਬੂਤ ਨਹੀਂ ਮਿਲਿਆ। 

ਬੀਜੇਪੀ ਸਰਕਾਰ ਦਾ ਹਰਿਆਣਾ ਚੋਣਾਂ ਲਈ ਡੇਰਾ ਸਿਰਸਾ ਨਾਲ ਸਮਝੌਤਾ ਹੋ ਚੁੱਕਾ ਹੈ। ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਵਾਲੀ ਸਿੱਟ ਪਤਾ ਨਹੀਂ ਕਿਥੇ ਸੁੱਤੀ ਪਈ ਹੈ ਅਤੇ ਸਰਕਾਰਾਂ ਨਾਲ ਸਮਝੌਤਾ ਕਰ ਕੇ ਬਰਗਾੜੀ ਮੋਰਚਾ ਖ਼ਤਮ ਕਰਨ ਵਾਲੇ ਵੀ ਸਾਹਮਣੇ ਆ ਕੇ ਇਹ ਨਹੀਂ ਦੱਸ ਰਹੇ ਕਿ ਉਨ੍ਹਾਂ ਸਰਕਾਰ ਤੋਂ ਕਿਹੜੀ ਮੰਗ ਮਨਵਾ ਕੇ ਮੋਰਚਾ ਖ਼ਤਮ ਕੀਤਾ ਸੀ? 

23 ਤਰੀਕ ਨੂੰ ਕਲੋਜਰ ਰਿਪੋਰਟ ਪ੍ਰਵਾਨ ਹੋਣ ਤੋਂ ਬਾਅਦ ਬਾਦਲਕੇ ਚੈਨ ਦੀ ਨੀਂਦ ਸੌਣਗੇ। ਬੀਜੇਪੀ ਨੂੰ ਹਰਿਆਣੇ ਵਿਚ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਮਿਲ ਜਾਣਗੀਆਂ ਪਰ ਅਪਣੇ ਇਸ਼ਟ ਦੀ ਬੇਅਦਬੀ ਕਰਵਾ ਕੇ ਵਲੂੰਧਰੇ ਹਿਰਦਿਆਂ ਵਾਲੇ ਸਿੱਖ, ਬੇਅਦਬੀ ਕਰਨ ਵਾਲਿਆਂ ਤੋਂ ਖੁੱਲ੍ਹਾ ਚੈਲੰਜ ਮਿਲਣ ਦੇ ਬਾਵਜੂਦ ਬੇਵਸੀ ਵਿਚ ਹੱਥ ਮਲਦੇ ਹੀ ਰਹਿ ਜਾਣਗੇ। ਇਸ ਸਾਰੇ ਘਟਨਾਕ੍ਰਮ ਤੋਂ ਇਕ ਵਾਰ ਫਿਰ ਇਹ ਸਾਬਤ ਹੋਣ ਜਾ ਰਿਹਾ ਹੈ ਕਿ ਸਿੱਖਾਂ ਨੂੰ ਦਿੱਲੀ ਤੋਂ ਕਦੇ ਇਨਸਾਫ਼ ਨਹੀਂ ਮਿਲ ਸਕਦਾ।ਅਤੇ ਪੰਜਾਬ 'ਚ ਭਾਵੇਂ ਕਿਸੇ ਦੀ ਵੀ ਸਰਕਾਰ ਹੋਵੇ, ਉਹ ਸਿੱਖਾਂ ਨਾਲ ਖੜੇ ਰਹਿਣ ਦੀ ਬਜਾਇ ਦਿੱਲੀ ਨਾਲ ਵਫ਼ਾਦਾਰੀ ਨਿਭਾਉਂਦੀ ਹੈ।