'ਦੇਸ਼ ਦੀ ਵੰਡ ਵੇਲੇ ਕਤਲ ਹੋਏ ਲੋਕਾਂ ਦੀ ਅੰਤਮ ਅਰਦਾਸ ਦਾ ਪ੍ਰਬੰਧ ਕਰੇ ਸ਼੍ਰੋਮਣੀ ਕਮੇਟੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਦੇਸ਼ ਦੀ ਵੰਡ ਵੇਲੇ 10 ਲੱਖ ਤੋਂ ਵੱਧ ਲੋਕਾਂ ਦਾ ਕਤਲ ਹੋਇਆ, ਕਿਸੇ ਨੂੰ ਵੀ ਅੰਤਮ ਅਰਦਾਸ ਨਸੀਬ ਨਹੀਂ ਹੋਈ

Diljit Singh Bedi

ਅੰਮ੍ਰਿਤਸਰ  (ਚਰਨਜੀਤ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਦੇਸ਼ ਦੀ ਵੰਡ ਵੇਲੇ 10 ਲੱਖ ਤੋਂ ਵੱਧ ਲੋਕਾਂ ਦਾ ਕਤਲ ਹੋਇਆ, ਕਿਸੇ ਨੂੰ ਵੀ ਅੰਤਮ ਅਰਦਾਸ ਨਸੀਬ ਨਹੀਂ ਹੋਈ। ਇਸ ਕਤਲੇਆਮ ਵਿਚ ਵੱਖ-ਵੱਖ ਧਰਮਾਂ ਦੇ ਪੰਜਾਬੀ ਲੋਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਸਮੂਹਕ ਕਤਲ ਹੋਏ ਲੋਕਾਂ ਦੀ ਅੰਤਮ ਅਰਦਾਸ ਦਾ ਪ੍ਰਬੰਧ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਕਰਨਾ ਚਾਹੀਦਾ ਹੈ।


ਅੱਜ ਇਥੋਂ ਜਾਰੀ ਬਿਆਨ ਵਿਚ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੰਜਾਬੀ ਅਕਾਦਮੀ ਦੇ ਸਾਬਕਾ ਪ੍ਰਧਾਨ ਅਤੇ ਉਘੇ ਵਿਦਵਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਵਿਸ਼ੇਸ਼ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ 15 ਅਗੱਸਤ ਵਾਲੇ ਦਿਨ ਸ਼੍ਰੋਮਣੀ ਕਮੇਟੀ ਇਨ੍ਹਾਂ ਲਾਵਾਰਸ ਕਤਲ ਹੋਏ ਲੋਕਾਂ ਦੇ ਨਮਿਤ ਅਰਦਾਸ ਸਮਾਗਮ ਆਯੋਜਤ ਕਰੇ ਤਾਂ ਜੋ ਇਨ੍ਹਾਂ ਵਿਛੜੀਆਂ ਰੂਹਾਂ ਨੂੰ ਅੰਤਮ ਅਰਦਾਸ ਰਸ ਪ੍ਰਾਪਤ ਹੋ ਸਕੇ। 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇਸ਼ ਵਿਦੇਸ਼ ਦੀਆਂ ਗੁਰਦਵਾਰਾ ਕਮੇਟੀਆਂ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ, ਚੀਫ਼ ਖ਼ਾਲਸਾ ਦੀਵਾਨ, ਸਭਾ ਸੁਸਾਇਟੀਆਂ ਨੂੰ ਵੀ 15 ਅਗੱਸਤ ਵਾਲੇ ਦਿਨ ਉਨ੍ਹਾਂ 10 ਲੱਖ ਤੋਂ ਵੱਧ ਕਤਲ ਹੋਏ ਲੋਕਾਂ ਦੇ ਅੰਤਮ ਅਰਦਾਸ ਦਿਹਾੜੇ ਵਜੋਂ ਮਨਾਉਣ ਲਈ ਪ੍ਰੇਰਤ ਕਰੇ।