ਯੂਨਾਈਟਿਡ ਸਿੱਖ ਪਾਰਟੀ ਨੇ ਸਕੂਲ ਵਿਰੁਧ ਕਾਰਵਾਈ ਨਾ ਕਰਨ 'ਤੇ ਐਸਜੀਪੀਸੀ ਦਾ ਕੀਤਾ ਬਾਈਕਾਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਿਆ ਸ਼ਹਿਰ ਬਡਾਲਾ ਦੇ ਪ੍ਰਿੰਸੀਪਲ ਵਲੋਂ ਬੱਚਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਭੱਖਿਆ

United Sikh Party

ਐਸ.ਏ.ਐਸ.ਨਗਰ: ਖਰੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਨਿਆ ਸ਼ਹਿਰ ਬਡਾਲਾ ਦੇ ਪ੍ਰਿੰਸੀਪਲ ਵਲੋਂ ਬੱਚਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਯੂਨਾਈਟਿਡ ਸਿੱਖ ਪਾਰਟੀ ਵਲੋਂ ਅੱਜ ਮੋਹਾਲੀ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਅਪਣਾ ਵੋਟ ਬੈਂਕ ਵਧਾਉਣ ਲਈ ਇਸ ਮਾਮਲੇ 'ਚ ਹੁਣ ਐਸਜੀਪੀਸੀ ਸਿਆਸੀ ਰੋਟੀਆਂ ਸੇਕ ਰਹੀ ਹੈ

ਜਦੋਂਕਿ ਧਾਰਮਿਕ ਭਾਵਨਾਵਾਂ ਤੋਂ ਆਹਤ ਸਕੂਲ ਦੇ ਬੱਚਿਆਂ 'ਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਵਲੋਂ ਕਰੀਬ ਇਕ ਮਹੀਨਾ ਪਹਿਲਾਂ ਐਫ਼ੀਡੇਵਿਟ ਦੇ ਕੇ ਸ਼ਿਕਾਇਤ ਕੀਤੀ ਗਈ ਸੀ। ਯੂਨਾਈਟਿਡ ਸਿੱਖ ਪਾਰਟੀ ਦੇ ਨੇਤਾ ਜਸਵਿੰਦਰ ਸਿੰਘ ਨੇ ਦੋਸ਼ ਲਾਏ ਕਿ ਉਸ ਸ਼ਿਕਾਇਤ 'ਤੇ ਐਸਜੀਪੀਸੀ ਪਾਰਟੀ ਨੇ ਸਕੂਲ ਪ੍ਰਿੰਸੀਪਲ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਪਰ ਹੁਣ ਜਦੋਂ ਉਨ੍ਹਾਂ ਦੀ ਪਾਰਟੀ ਇਸ ਮੁੱਦੇ 'ਤੇ ਸੰਘਰਸ਼ ਕਰ ਰਹੀ ਹੈ ਤਾਂ ਹੁਣ ਆਪ ਕ੍ਰੈਡਿਟ ਲੈਣ ਲਈ ਐਸਜੀਪੀਸੀ ਨੇ ਹੁਣ ਜਾਂਚ ਕਮੇਟੀ ਦਾ ਗਠਨ ਕਰ ਦਿਤਾ।

ਉਨ੍ਹਾਂ ਕਿਹਾ ਕਿ ਯੂਨਾਈਟਿਡ ਸਿੱਖ ਪਾਰਟੀ ਐਸਪੀਪੀਸੀ ਵਲੋਂ ਬਣਾਈ ਗਈ ਜਾਂਚ ਕਮੇਟੀ ਦਾ ਪੂਰੀ ਤਰ੍ਹਾਂ ਬਾਈਕਾਟ ਕਰਦੀ ਹੈ। ਉਨ੍ਹਾਂ ਇਸ ਮਾਮਲੇ 'ਚ ਐਸਐਸਪੀ ਮੋਹਾਲੀ ਨੂੰ ਸ਼ਿਕਾਇਤ ਦਿਤੀ ਹੈ। ਉਨ੍ਹਾਂ ਸ਼ਿਕਾਇਤ ਵਿਚ ਦੱਸਿਆ ਸੀ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਨਿਆ ਸ਼ਹਿਰ ਬਡਾਲਾ ਦੇ ਪ੍ਰਿੰਸੀਪਲ ਵਲੋਂ ਸਿੱਖ ਬੱਚਿਆਂ ਨੂੰ ਦਾੜੀ ਕੱਟ ਕੇ ਆਉਣ ਅਤੇ ਦਸਤਾਰ ਤੇ ਕੜਾ ਨਾ ਪਾ ਕੇ ਆਉਣ ਲਈ ਮਜਬੂਰ ਕੀਤਾ ਜਾਂਦਾ ਹੈ ਜਿਸ ਕਾਰਨ ਸਕੂਲ ਦੇ ਸਿੱਖ ਬੱਚਿਆਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਉਨ੍ਹਾਂ ਕਿਹਾ ਜਦੋਂ ਇਸ ਸਬੰਧੀ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਖਰੜ ਨਿਵਾਸੀਆਂ ਵਲੋਂ ਉਕਤ ਪ੍ਰਿੰਸੀਪਲ ਨੂੰ ਮਿਲ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਇਕ ਵਾਰ ਪ੍ਰਿੰਸੀਪਲ ਵਲੋਂ ਲਿਖਤੀ ਮਾਫ਼ੀ ਮੰਗ ਲਈ ਗਈ ਪਰ ਦੋ ਦਿਨ ਬਾਅਦ ਹੀ ਬੱਚਿਆਂ ਨੂੰ ਫੇਰ ਪੇਪਰਾਂ 'ਚ ਫੇਲ ਕਰਨ ਦੀਆਂ ਧਮਕੀਆਂ ਮਿਲਣ ਲੱਗ ਪਈਆਂ। ਉਨ੍ਹਾਂ ਮੰਗ ਕੀਤੀ ਹੈ ਕਿ ਸਕੂਲ ਪ੍ਰਿੰਸੀਪਲ ਵਿਰੁਧ ਕਾਰਵਾਈ ਕਰ ਕੇ ਉਸ ਨੂੰ ਬਰਖ਼ਾਸਤ ਕੀਤਾ ਜਾਵੇ।

ਜੇਕਰ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਉਹ ਵਕੀਲਾਂ ਦੀ ਸਲਾਹ ਤੋਂ ਬਾਅਦ ਕੋਰਟ ਜਾਣ ਤੋਂ ਵੀ ਗੁਰੇਜ ਨਹੀ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਆਗੂ ਭਾਈ ਦਵਿੰਦਰ ਸਿੰਘ ਖ਼ਾਲਸਾ, ਭਾਈ ਸਾਧੂ ਸਿੰਘ, ਭਾਈ ਗੁਰਮੁੱਖ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਸਰਬਜੀਤ ਸਿੰਘ, ਕਰਮ ਸਿੰਘ ਖੁਨੀਮਾਜਰਾ, ਜਸਬੀਰ ਸਿੰਘ, ਆਤਮਾ ਸਿੰਘ, ਅਤੇ ਭਾਈ ਗੁਰਦੇਵ ਸਿੰਘ ਆਦਿ ਹਾਜ਼ਰ ਸਨ।