ਪੰਜਾਬ ਸਰਕਾਰ ਨੇ ਚੀਨੀ ਕੰਪਨੀ ਦੇ ਮੋੜੇ ਪੈਸੇ, ਸ਼ੀਓਮੀ ਕੰਪਨੀ ਨੇ ਰਾਹਤ ਫੰਡ 'ਚ ਦਿੱਤੇ ਸਨ 25 ਲੱਖ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਚੀਨੀ ਕੰਪਨੀਆਂ ਵੱਲੋਂ ਦਾਨ ਕੀਤੇ ਪੈਸੇ ਵਾਪਿਸ ਕਰਨ ਦੀ ਅਪੀਲ....
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਚੀਨੀ ਕੰਪਨੀਆਂ ਵੱਲੋਂ ਦਾਨ ਕੀਤੇ ਪੈਸੇ ਵਾਪਿਸ ਕਰਨ ਦੀ ਅਪੀਲ ਕਰਨ ਤੋਂ ਬਾਅਦ ਆਪਣੇ ਪੱਧਰ ਉਤੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਪੰਜਾਬ ਸਰਕਾਰ ਨੇ ਚੀਨੀ ਕੰਪਨੀ ਸ਼ੀਓਮੀ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿਚ ਭੇਜੇ ਗਏ 25 ਲੱਖ ਰੁਪਏ ਵਾਪਸ ਮੋੜ ਦਿੱਤੇ ਨੇ ਜਿਸ ਬਾਬਤ ਬਕਾਇਦਾ ਪੰਜਾਬ ਸਰਕਾਰ ਵੱਲੋਂ ਇੱਕ ਚਿੱਠੀ ਐਚ.ਡੀ.ਐਫ.ਸੀ ਬੈਂਕ ਨੂੰ ਲਿਖੀ ਗਈ ਕਿ ਇਹ ਰਕਮ ਜਿਸ ਖਾਤੇ ਵਿੱਚੋਂ ਮੁੱਖ ਮੰਤਰੀ ਰਾਹਤ ਫੰਡ ਵਿਚ ਆਈ ਹੈ,
ਉਸ ਖਾਤੇ ਵਿੱਚ ਵਾਪਿਸ ਮੋੜ ਦਿੱਤੀ ਜਾਵੇ। ਚੀਨੀ ਮੋਬਾਇਲ ਕੰਪਨੀ ਸ਼ੀਓਮੀ ਦਾ ਭਾਰਤ ਵਿਚ ਵੱਡਾ ਕਾਰੋਬਾਰ ਹੈ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ਼ੀਓਮੀ ਨੇ 2 ਅਪ੍ਰੈਲ ਨੂੰ 25 ਲੱਖ ਮੁੱਖਮੰਤਰੀ ਰਾਹਤ ਫੰਡ ਚ ਦਿੱਤੇ ਸਨ।
ਸੂਤਰਾਂ ਮੁਤਾਬਿਕ ਭਾਰਤ ਵਿਚ ਟੈਕਸੀ ਸਰਵਿਸ ਦੇਣ ਵਾਲੀ ਕੰਪਨੀ ਓਲਾ ਕੈਬ ਨੇ ਵੀ ਪੰਜਾਬ ਸਰਕਾਰ ਦੇ ਕੋਵਿਡ ਰਿਲੀਫ ਫੰਡ ਚ 50 ਲੱਖ ਰੁਪਏ ਦਾਨ ਵਜੋਂ ਦਿੱਤੇ ਨੇ ਪਰ ਉਸ ਪੈਸੇ ਨੂੰ ਵਾਪਿਸ ਕਰਨ ਬਾਰੇ ਹਾਲੇ ਤੱਕ ਪੰਜਾਬ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਹੈ ਕਿਉਂਕਿ ਓਲਾ ਕੈਬ ਵਿੱਚ ਵੀ ਚੀਨੀ ਕੰਪਨੀ ਟੇਸੈਂਟ ਦੀ ਹਿੱਸੇਦਾਰੀ ਹੈ।
ਐਲ.ਏ.ਸੀ ਤੇ ਚੀਨ ਨਾਲ ਪੈਦਾ ਹੋਏ ਵਿਵਾਦ ਤੋਂ ਬਾਅਦ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਨ ਉਤੇ ਤਿੱਖੇ ਸ਼ਬਦੀ ਹਮਲੇ ਕੀਤੇ ਸਨ ਤੇ ਪਿਛਲੇ ਦਿਨੀ ਪ੍ਰਧਾਨ ਮੰਤਰੀ ਕੋਵਿਡ ਰਿਲੀਫ ਫੰਡ ਵਿੱਚ ਚੀਨੀ ਕੰਪਨੀਆਂ ਵੱਲੋਂ ਭੇਜੀ ਰਾਸ਼ੀ ਤੁਰੰਤ ਪ੍ਰਭਾਵ ਨਾਲ ਵਾਪਿਸ ਕਰਨ ਦੀ ਮੰਗ ਵੀ ਕੀਤੀ ਗਈ ਸੀ,
ਜਿਸ ਬਾਰੇ ਕੇਂਦਰ ਤੋਂ ਤਾਂ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀੰ ਆਈ ਪਰ ਪੰਜਾਬ ਨੇ ਖੁਦ ਪਹਿਲ ਕਦਮੀ ਕਰਦੇ ਹੋਏ ਚੀਨੀ ਮੋਬਾਇਲ ਕੰਪਨੀ ਸ਼ੀਓਮੀ ਟੈਕਨਾਲੋਜੀ ਦੇ ਮੁੱਖਮੰਤਰੀ ਕੋਵਿਡ ਰਿਲੀਫ ਫੰਡ ਚ ਆਏ 25 ਲੱਖ ਰੁਪਏ ਵਾਪਿਸ ਭੇਜ ਦਿੱਤੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।