ਗੁਰਮੀਤ ਸਿੰਘ ਖੁੱਡੀਆਂ ਵਲੋਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕਰੋਸ਼ੀਆ ਅਤੇ ਸ੍ਰੀਲੰਕਾ ਦੇ ਵਫ਼ਦ ਨਾਲ ਵਿਚਾਰ ਵਟਾਂਦਰਾ
ਕਰੋਸ਼ੀਆ ਦਾ ਵਪਾਰਕ ਵਫ਼ਦ ਇਸ ਸਾਲ ਨਵੰਬਰ ਵਿਚ ਕਰੇਗਾ ਪੰਜਾਬ ਦਾ ਦੌਰਾ
ਚੰਡੀਗੜ੍ਹ: ਸੂਬੇ ਵਿਚ ਖੇਤੀਬਾੜੀ ਨੂੰ ਮੁੜ ਮੁਨਾਫ਼ੇ ਵਾਲਾ ਧੰਦਾ ਬਣਾਉਣ ਅਤੇ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇਥੇ ਪੰਜਾਬ ਦੌਰੇ 'ਤੇ ਆਏ ਕਰੋਸ਼ੀਆ ਅਤੇ ਸ੍ਰੀਲੰਕਾ ਦੇ ਵਫ਼ਦ ਨਾਲ ਵਿਚਾਰ-ਵਟਾਂਦਰਾ ਕੀਤਾ।ਵਫ਼ਦ ਦਾ ਸੁਆਗਤ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਬਹੁਤ ਹੀ ਮਿਹਨਤੀ ਹਨ ਅਤੇ ਉਨ੍ਹਾਂ ਦੀਆਂ ਅਣਥੱਕ ਮਿਹਨਤ ਸਦਕਾ ਹੀ ਪੰਜਾਬ ਨੂੰ "ਦੇਸ਼ ਦੇ ਅੰਨਦਾਤਾ" ਦਾ ਖ਼ਿਤਾਬ ਮਿਲਿਆ ਹੈ ਪਰ ਹੁਣ ਸੂਬੇ ਦੇ ਖੇਤੀਬਾੜੀ ਅਰਥਚਾਰੇ ਨੂੰ ਹੋਰ ਮਜ਼ਬੂਤ ਕਰਨ ਲਈ ਤਕਨਾਲੋਜੀ, ਖੋਜ ਅਤੇ ਉਦਯੋਗਾਂ ਦੇ ਸਹਿਯੋਗ ਦੀ ਲੋੜ ਹੈ।
ਇਹ ਵੀ ਪੜ੍ਹੋ: ਪੁੰਛ ਸੈਕਟਰ 'ਚ ਸ਼ਹੀਦ ਹੋਇਆ ਪੰਜਾਬ ਦਾ ਪੁੱਤ ਵਰਿੰਦਰ ਸਿੰਘ
ਖੇਤੀਬਾੜੀ ਮੰਤਰੀ ਨੇ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਨੂੰ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਵਿਚੋਂ ਕੱਢਣ ਲਈ ਖੇਤੀ ਵਿਭਿੰਨਤਾ ਲਿਆਉਣ ਲਈ ਯਤਨ ਕਰ ਰਹੀ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਛੇਤੀ ਖਰਾਬ ਹੋਣ ਵਾਲੇ ਫ਼ਲਾਂ ਅਤੇ ਸਬਜ਼ੀਆਂ ਦੀ ਸੰਭਾਲ ਅਤੇ ਨਿਰਯਾਤ ਨੂੰ ਵਧਾਉਣ ਦੇ ਨਾਲ-ਨਾਲ ਇਨ੍ਹਾਂ ਦੇ ਮੰਡੀਕਰਨ ਨੂੰ ਯਕੀਨੀ ਬਣਾਉਣ ਲਈ ਵੀ ਠੋਸ ਉਪਰਾਲੇ ਕਰ ਰਹੀ ਹੈ।
ਇਹ ਵੀ ਪੜ੍ਹੋ: ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪ੍ਰਭਾਵਿਤ ਪਿੰਡਾਂ ਦਾ ਦੌਰਾ
ਉਨ੍ਹਾਂ ਨੇ ਮਾਰਕਫੈੱਡ ਦੇ ਅਧਿਕਾਰੀਆਂ ਨੂੰ ਛੇਤੀ ਖਰਾਬ ਹੋਣ ਵਾਲੇ ਫ਼ਲਾਂ ਅਤੇ ਸਬਜ਼ੀਆਂ ਦੀ ਸੰਭਾਲ ਅਤੇ ਬਰਾਮਦ ਕਰਨ ਵਾਲੀਆਂ ਯੂਨਿਟਾਂ ਦੀ ਸੂਚੀ ਜਾਰੀ ਕਰਨ ਲਈ ਵੀ ਕਿਹਾ। ਵਫ਼ਦ ਨੂੰ ਸੂਬੇ ਦੇ ਖੇਤੀ ਸੈਕਟਰ ਵਿਚ ਜਾਣਕਾਰੀ ਸਾਂਝੀ ਕਰਨ ਅਤੇ ਨਿਵੇਸ਼ ਲਈ ਸੱਦਾ ਦਿੰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਖੁਸ਼ਹਾਲੀ ਲਈ ਕਰੋਸ਼ੀਆ ਅਤੇ ਸ੍ਰੀਲੰਕਾ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ।
ਇਹ ਵੀ ਪੜ੍ਹੋ: ਇੰਗਲੈਂਡ ’ਚ ਸਿੱਖ ਦੇ ਘਰ ਬਾਹਰ ‘ਗੁਟਕਾ ਸਾਹਿਬ’ ਨੂੰ ਲਾਈ ਅੱਗ
ਖੇਤੀਬਾੜੀ ਸੈਕਟਰ ਵਿਚ ਪੰਜਾਬ ਨਾਲ ਮਿਲ ਕੇ ਕੰਮ ਕਰਨ ਵਿਚ ਦਿਲਚਸਪੀ ਦਿਖਾਉਂਦਿਆਂ ਇੰਡੋ ਕਰੋਸ਼ੀਅਨ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਮਿਆਂਕ ਜਗਵਾਨੀ, ਵਾਈਸ ਪ੍ਰਧਾਨ ਕੁਮਾਰੀ ਸ਼ਵੇਤਾ, ਨਿਕੋਲਾ ਪਰਸਿਸ ਅਤੇ ਸ਼੍ਰੀਲੰਕਾ ਤੋਂ ਜਯਾ ਕੁਮਾਰ ਨੇ ਦਸਿਆ ਕਿ ਉਨ੍ਹਾਂ ਦੇ ਮੁਲਕਾਂ ਵਿਚ ਬਾਸਮਤੀ ਚੌਲ, ਸ਼ਹਿਦ, ਹਲਦੀ ਵਗੈਰਾ ਦੀ ਭਾਰੀ ਮੰਗ ਹੈ। ਕਰੋਸ਼ੀਆ ਤੋਂ ਆਏ ਵਫ਼ਦ ਨੇ ਦਸਿਆ ਕਿ ਇਸ ਸਾਲ ਨਵੰਬਰ ਮਹੀਨੇ ਵਿਚ ਇਕ ਵਪਾਰਕ ਵਫ਼ਦ ਪੰਜਾਬ ਦਾ ਦੌਰਾ ਕਰੇਗਾ ਅਤੇ ਖੇਤੀਬਾੜੀ ਸੈਕਟਰ ਵਿਚ ਕੰਮ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰੇਗਾ।
ਇਹ ਵੀ ਪੜ੍ਹੋ: ਪਰਮਿੰਦਰ ਝੋਟਾ ਦਾ ਡੋਪ ਟੈਸਟ ਆਇਆ ਪੌਜ਼ਿਟਿਵ
ਅਫਰੀਕਾ ਤੋਂ ਆਏ ਕਿਸਾਨਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਐਵੋਕਾਡੋ ਦੀ ਖੇਤੀ ਪੰਜਾਬ ਦੇ ਕਿਸਾਨਾਂ ਲਈ ਬਹੁਤ ਲਾਭਦਾਇਕ ਹੋ ਸਕਦੀ ਹੈ। ਅਗਾਂਹਵਧੂ ਕਿਸਾਨ ਹਰਮਨ ਥਿੰਦ ਨੇ ਦਸਿਆ ਕਿ ਸੂਬੇ ਵਿਚ ਕੁੱਝ ਕਿਸਾਨ ਪਹਿਲਾਂ ਹੀ ਐਵੋਕਾਡੋ ਦੀ ਕਾਸ਼ਤ ਸ਼ੁਰੂ ਕਰ ਚੁੱਕੇ ਹਨ ਅਤੇ ਇਸ ਦੇ ਮੰਡੀਕਰਨ ਵਿਚ ਵੀ ਬਹੁਤੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਪੀ.ਏ.ਯੂ. ਦੇ ਉਪ ਕੁਲਪਤੀ ਡਾ: ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਉਹ ਕਰੋਸ਼ੀਆ ਤੋਂ ਆਉਣ ਵਾਲੇ ਸੇਬ ਅਤੇ ਹੋਰ ਫਲਾਂ ਦੀਆਂ ਨਰਸਰੀਆਂ ਤਿਆਰ ਕਰਨ ਬਾਰੇ ਖੋਜ ਕਰਨਗੇ। ਇਸ ਮੌਕੇ ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਵਿਭਾਗ ਕੇ.ਏ.ਪੀ. ਸਿਨਹਾ, ਸਕੱਤਰ ਅਰਸ਼ਦੀਪ ਥਿੰਦ, ਸਾਬਕਾ ਵਧੀਕ ਪ੍ਰਬੰਧਕ ਨਿਰਦੇਸ਼ਕ ਮਾਰਕਫੈੱਡ ਬਾਲ ਮੁਕੰਦ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।