ਏਅਰ ਏਸ਼ੀਆ ਵਲੋਂ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਉਡਾਣ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਏਅਰ ਏਸ਼ੀਆ ਨੇ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਨਵੀਂ ਉਡਾਣ ਏਅਰ ਏਸ਼ੀਆ ਐਕਸ ਸ਼ੁਰੂ ਕਰ ਦਿਤੀ ਹੈ ..............

Navjot Singh Sidhu

ਅੰਮ੍ਰਿਤਸਰ :  ਏਅਰ ਏਸ਼ੀਆ ਨੇ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਨਵੀਂ ਉਡਾਣ ਏਅਰ ਏਸ਼ੀਆ ਐਕਸ ਸ਼ੁਰੂ ਕਰ ਦਿਤੀ ਹੈ। ਬੀਤੀ ਰਾਤ ਇਹ ਜਹਾਜ਼ ਕੁਆਲਾਲੰਪੁਰ ਤੋਂ ਚੱਲ ਕੇ ਅਪਣੇ ਮਿੱਥੇ ਸਮੇਂ ਤੋਂ 10 ਮਿੰਟ ਪਹਿਲਾਂ 10 ਵੱਜ ਕੇ 20 ਮਿੰਟ 'ਤੇ ਅੰਮ੍ਰਿਤਸਰ ਪੁੱਜਾ। ਵਾਪਸੀ 'ਤੇ ਇਹ ਉਡਾਣ ਪੌਣੇ ਬਾਰਾਂ ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 8 ਵੱਜ ਕੇ 5 ਮਿੰਟ ਤੇ ਕੁਆਲਾਲੰਪੁਰ ਪਹੁੰਚ ਗਈ। ਆਉਣ ਤੇ ਜਾਣ ਵਾਲੀਆਂ ਦੋਵੇਂ ਉਡਾਣਾਂ 80 ਫ਼ੀ ਸਦੀ ਭਰੀਆਂ ਹੋਈਆਂ ਸਨ।

ਅੱਜ ਇਸ ਉਡਾਣ ਦੀ ਖ਼ੁਸ਼ੀ ਸਾਂਝੀ ਕਰਨ ਲਈ ਬੁਲਾਈ ਗਈ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਸਥਾਨਕ ਸਰਕਾਰਾਂ ਤੇ ਸੈਰਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਤੋਂ ਇਹ ਉਡਾਣ ਸ਼ੁਰੂ ਕਰਨ ਵਾਸਤੇ ਏਅਰ ਲਾਈਨ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਉਡਾਨ ਸ਼ੁਰੂ ਹੋਣ ਨਾਲ ਜਿੱਥੇ ਲੋਕ ਅੰਮ੍ਰਿਤਸਰ ਤੋਂ ਸੈਰਸਪਾਟੇ ਲਈ ਕੁਆਲਾਲੰਪੁਰ, ਬਾਲੀ, ਮੈਲਬਰਨ, ਸਿਡਨੀ, ਸਿੰਘਾਪੁਰ ਅਤੇ ਬੈਂਕਾਕ ਅਸਾਨੀ ਨਾਲ ਜਾ ਸਕਣਗੇ, ਉਥੇ ਨਿਊਜ਼ੀਲੈਂਡ, ਆਸਟਰੀਆ ਅਤੇ ਹੋਰ ਦੇਸ਼ਾਂ ਵਿਚ ਵਸਦੇ ਪ੍ਰਵਾਸੀ ਪੰਜਾਬੀ ਵੀ ਇਸ ਉਡਾਣ ਦਾ ਲਾਭ ਉਠਾਉਣਗੇ ਅਤੇ ਉਨ੍ਹਾਂ ਨੂੰ ਦਿੱਲੀ ਜਾ ਕੇ ਖੱਜਲ ਨਹੀਂ ਹੋਣਾ ਪਵੇਗਾ। 

ਏਅਰ ਏਸ਼ੀਆ ਨੇ ਹਫ਼ਤੇ ਵਿਚ ਚਾਰ ਦਿਨ ਮੰਗਲਵਾਰ, ਵੀਰਵਾਰ, ਸ਼ਨਿਚਰਵਾਰ ਅਤੇ ਐਤਵਾਰ ਨੂੰ ਇਹ ਉਡਾਨ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਚਲਾਈ ਹੈ, ਜੋ ਰਾਤ ਪੌਣੇ ਬਾਰਾਂ ਵਜੇ ਇਥੋਂ ਚੱਲ ਕੇ ਸਵੇਰੇ 8 ਵੱਜ ਕੇ 5 ਮਿੰਟ 'ਤੇ ਕੁਆਲਾਲੰਪਰ ਪਹੁੰਚੇਗੀ ਅਤੇ ਇਨ੍ਹਾਂ ਦਿਨਾਂ ਵਿਚ ਹੀ ਸ਼ਾਮ ਸੱਤ ਵੱਜ ਕੇ 20 ਮਿੰਟ 'ਤੇ ਕੁਆਲਾਲੰਪਰ ਤੋਂ ਚਲਿਆ ਕਰੇਗੀ। ਏਅਰ ਏਸ਼ੀਆ ਐਕਸ ਦੇ ਚੇਅਰਮੈਨ ਸ੍ਰੀਮਤੀ ਟਾਨ ਸ੍ਰੀ ਰਫੀਡਾਹ ਨੇ ਦਸਿਆ ਕਿ ਲੋਕਾਂ ਦੀ ਸਹੂਲਤ ਤੇ ਜੇਬ ਨੂੰ ਧਿਆਨ ਵਿਚ ਰਖਦੇ ਹੋਏ ਅਸੀਂ ਬਹੁਤ ਘੱਟ ਖਰਚੇ 'ਤੇ ਇਹ ਉਡਾਣ ਸ਼ੁਰੂ ਕੀਤੀ ਹੈ, ਜਿਸ ਵਿਚ ਕੁਆਲਾਲੰਪੁਰ ਤਕ ਦੀ ਟਿਕਟ 26 ਅਗੱਸਤ ਤਕ ਫਿਲਹਾਲ ਸਿਰਫ਼ 5490 ਰੁਪਏ ਰੱਖੀ ਗਈ ਹੈ ਅਤੇ ਇਸ ਟਿਕਟ 'ਤੇ ਯਾਤਰਾ 31 ਜਨਵਰੀ 2019 ਤਕ ਕੀਤੀ ਜਾ ਸਕੇਗੀ।

Related Stories