ਕੈਦੀਆਂ ਨੂੰ ਰੁਜ਼ਗਾਰ ਦੇਣ ਲਈ ਜੇਲਾਂ ਅੰਦਰ ਹੁਨਰ ਵਿਕਾਸ ਕੇਂਦਰ ਵਿਕਸਤ ਕੀਤੇ ਜਾਣਗੇ : ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਜੇਲਾਂ ਅਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕੈਦੀਆਂ ਨੂੰ ਰੁਜ਼ਗਾਰ ਦੇਣ ਲਈ ਜੇਲਾਂ ਨੂੰ ਹੁਨਰ ਕੇਂਦਰ ਵੱਜੋਂ ਵਿਕਸਤ..........

Sukhjinder Singh Randhawa

ਗੁਰਦਾਸਪੁਰ : ਪੰਜਾਬ ਦੇ ਜੇਲਾਂ ਅਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕੈਦੀਆਂ ਨੂੰ ਰੁਜ਼ਗਾਰ ਦੇਣ ਲਈ ਜੇਲਾਂ ਨੂੰ ਹੁਨਰ ਕੇਂਦਰ ਵੱਜੋਂ ਵਿਕਸਤ ਕੀਤਾ ਜਾਵੇਗਾ।  ਇਸ ਸਬੰਧੀ ਉਨ੍ਹਾਂ ਨੇ ਜਲੰਧਰ ਅੰਦਰ ਖੇਡਾਂ ਦਾ ਸਮਾਨ ਬਣਾਉਣ ਵਾਲੇ ਸਨਅਤਕਾਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਕੈਦੀਆਂ ਦੀ ਮੁਹਾਰਤ ਅਨੁਸਾਰ ਉਨ੍ਹਾਂ ਕੋਲੋਂ ਖੇਡਾਂ ਦਾ ਸਾਮਾਨ ਬਣਾਉਣ ਦਾ ਕੰਮ ਲੈਣ। ਇਸ ਨਾਲ ਜਿੱਥੇ ਖੇਡ ਸਨਅਤ ਲਈ ਲੋੜੀਂਦੇ ਮਨੁੱਖੀ ਵਸੀਲਿਆਂ ਦੀ ਲੋੜ ਪੂਰੀ ਹੋਵੇਗੀ, ਉਥੇ ਕੈਦੀਆਂ ਨੂੰ ਜੇਲ੍ਹਾਂ ਅੰਦਰ ਬੈਠਿਆਂ ਰੁਜ਼ਗਾਰ ਵੀ ਮਿਲ ਸਕੇਗਾ।

ਸ. ਰੰਧਾਵਾ ਨੇ ਜਲੰਧਰ ਦੇ ਸਨਅਤਕਾਰਾਂ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਲਾਂ ਨੂੰ ਸੁਧਾਰ ਘਰ ਇਸ ਲਈ ਕਿਹਾ ਜਾਂਦਾ ਹੈ ਕਿ ਕਿਸੇ ਵੀ ਹਾਲਤ ਵਿਚ ਕੋਈ ਜੁਰਮ ਕਰਨ ਵਾਲੇ ਵਿਅਕਤੀ ਨੂੰ ਸੁਧਰਨ ਦਾ ਮੌਕਾ ਦਿੱਤਾ ਜਾਵੇ। ਜੇਲ ਤੋਂ ਰਿਹਾਈ ਸਮੇਂ ਤੱਕ ਉਨ੍ਹਾਂ ਕੋਲ ਇੰਨੀ ਕੁ ਪੂੰਜੀ ਇਕੱਠੀ ਹੋ ਸਕੇਗੀ ਕਿ ਜੇਲ ਤੋਂ ਬਾਹਰ ਆ ਕੇ ਕੈਦੀ, ਜੇਲ ਅੰਦਰ ਕੀਤੀ ਕਮਾਈ  ਦੇ ਬਲਬੂਤੇ ਕੋਈ ਸਵੈ ਰੁਜ਼ਗਾਰ ਦਾ ਕਾਰੋਬਾਰ ਕਰ ਕੇ ਅਪਣੀ ਜ਼ਿੰਦਗੀ ਨੂੰ ਆਰਥਿਕ ਪੱਖੋਂ ਸੌਖਿਆਂ ਕਰ ਸਕਣਗੇ। ਖੇਡ ਸਨਅਤਕਾਰਾਂ ਨੇ ਉਨ੍ਹਾਂ ਦੀ ਇਸ ਨੀਤੀ ਦੀ ਭਰਪੂਰ ਸ਼ਲਾਘਾ ਕਰਦਿਆਂ ਇਸ ਸਬੰਧ ਵਿਚ ਹਰ ਕਿਸਮ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।