ਮੋਹਾਲੀ ਅਦਾਲਤ ਨੇ ਬਰਖ਼ਾਸਤ AIG ਰਾਜਜੀਤ ਸਿੰਘ ਨੂੰ ਭਗੌੜਾ ਐਲਾਨਿਆ
ਨਸ਼ਾ ਤਸਕਰੀ ਦੇ ਮਾਮਲੇ ’ਚ ਫਰਾਰ ਚੱਲ ਰਿਹਾ ਹੈ ਰਾਜਜੀਤ ਸਿੰਘ
ਮੋਹਾਲੀ: ਬਹੁ-ਕਰੋੜੀ ਡਰੱਗ ਮਾਮਲੇ ਵਿਚ ਮੋਹਾਲੀ ਅਦਾਲਤ ਨੇ ਪੰਜਾਬ ਪੁਲਿਸ ਦੇ ਬਰਖ਼ਾਸਤ ਏ.ਆਈ.ਜੀ. ਰਾਜਜੀਤ ਸਿੰਘ ਨੂੰ ਭਗੌੜਾ ਕਰਾਰ ਦਿਤਾ ਹੈ। ਰਾਜਜੀਤ ਸਿੰਘ ਨਸ਼ਿਆਂ ਦੀ ਤਸਕਰੀ, ਫਿਰੌਤੀ ਅਤੇ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਮਾਰਚ ਮਹੀਨੇ ਤੋਂ ਫਰਾਰ ਹੈ। ਸਪੈਸ਼ਲ ਟਾਸਕ ਫੋਰਸ ਉਸ ਦੀ ਭਾਲ ਵਿਚ ਹੁਣ ਤਕ 600 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕਰ ਚੁੱਕੀ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਪਲਟਿਆ ਰਿਫਾਇੰਡ ਨਾਲ ਭਰਿਆ ਟੈਂਕਰ, ਪੁਲਿਸ ਨੇ ਮਿੱਟੀ ਪਾਉਣ ਦਾ ਕੰਮ ਕੀਤਾ ਸ਼ੁਰੂ
ਦਰਅਸਲ ਪੰਜਾਬ ਵਿਚ ਕਰੋੜਾਂ ਰੁਪਏ ਦੇ ਨਸ਼ਾ ਤਸਕਰੀ ਮਾਮਲੇ ਵਿਚ ਸੀਲਬੰਦ ਰੀਪੋਰਟ ਖੁੱਲ੍ਹਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਏ.ਆਈ.ਜੀ. ਰਾਜਜੀਤ ਸਿੰਘ ਹੁੰਦਲ ਨੂੰ ਬਰਖ਼ਾਸਤ ਕਰ ਦਿਤਾ ਸੀ। ਇਸ ਤੋਂ ਬਾਅਦ ਤੋਂ ਹੀ ਰਾਜਜੀਤ ਸਿੰਘ ਫਰਾਰ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਉੱਤਰਾਖੰਡ 'ਚ ਘੁੰਮਣ ਗਏ ਬੈਂਕ ਮੈਨੇਜਰ ਸਮੇਤ ਪ੍ਰਵਾਰ ਦੇ ਪੰਜ ਜੀਆਂ ਦੀ ਹੋਈ ਮੌਤ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਵਿਚ ਨਸ਼ਾ ਤਸਕਰੀ ਦੀ ਜਾਂਚ ਲਈ 2017 ਵਿਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਸਿੱਟ ਨੇ ਜਾਂਚ ਤੋਂ ਬਾਅਦ 4 ਸੀਲਬੰਦ ਰੀਪੋਰਟਾਂ ਹਾਈ ਕੋਰਟ ਵਿਚ ਸੌਂਪੀਆਂ ਸਨ। ਇਨ੍ਹਾਂ ਵਿਚੋਂ ਤਿੰਨ ਰੀਪੋਰਟਾਂ ਨੂੰ ਹਾਈ ਕੋਰਟ ਨੇ ਖੋਲ੍ਹ ਕੇ ਪੰਜਾਬ ਸਰਕਾਰ ਕੋਲ ਕਾਰਵਾਈ ਲਈ ਭੇਜ ਦਿਤਾ ਸੀ। ਇਨ੍ਹਾਂ ਰੀਪੋਰਟਾਂ ਦੇ ਆਧਾਰ ’ਤੇ ਹੀ ਰਾਜਜੀਤ ਸਿੰਘ ਹੁੰਦਲ ਵਿਰੁਧ ਕਾਰਵਾਈ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਸਾਲ 2017 'ਚ ਏ.ਆਈ.ਜੀ. ਰਹੇ ਰਾਜਜੀਤ ਦੇ ਸਾਥੀ ਇੰਸਪੈਕਟਰ ਇੰਦਰਜੀਤ ਨੂੰ ਹਥਿਆਰ ਅਤੇ ਡਰੱਗ ਤਸਕਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਘਰ ਦੀ ਤਲਾਸ਼ੀ ਦੌਰਾਨ ਏ.ਕੇ.-47, 4 ਕਿਲੋ ਹੈਰੋਇਨ, 3 ਕਿਲੋ ਸਮੈਕ ਅਤੇ ਹੋਰ ਦੇਸੀ ਹਥਿਆਰ ਬਰਾਮਦ ਹੋਏ।
ਇਹ ਵੀ ਪੜ੍ਹੋ: ਬਾਬਾ ਦਿਆਲਦਾਸ ਕਤਲ ਕਾਂਡ: ਰਿਸ਼ਵਤ ਕਾਂਡ 'ਚ ਨਾਮਜ਼ਦ ਮਲਕੀਤ ਦਾਸ ਨੇ ਸਰਕਾਰੀ ਗਵਾਹ ਬਣਨ ਦੀ ਇੱਛਾ ਜਤਾਈ
ਇੰਸਪੈਕਟਰ ਇੰਦਰਜੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿਤਾ ਗਿਆ। ਇਸ ਮਾਮਲੇ 'ਚ ਰਾਜਜੀਤ ਸਿੰਘ 'ਤੇ ਬਰਖਾਸਤ ਇੰਸਪੈਕਟਰ ਇੰਦਰਜੀਤ ਦਾ ਬਚਾਅ ਕਰਦੇ ਹੋਏ ਗਲਤ ਰਿਕਾਰਡ ਪੇਸ਼ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨਾਲ ਛੇੜਛਾੜ ਕਰਨ ਅਤੇ ਇੰਦਰਜੀਤ ਨੂੰ ਤਰੱਕੀ ਦੇਣ ਦੇ ਵੀ ਦੋਸ਼ ਹਨ। ਮੁਲਜ਼ਮ ਰਾਜਜੀਤ ਸਿੰਘ ਅਤੇ ਇੰਸਪੈਕਟਰ ਕਈ ਥਾਵਾਂ ’ਤੇ ਇਕੱਠੇ ਤਾਇਨਾਤ ਸਨ। ਰਾਜਜੀਤ ਸਿੰਘ ਨੂੰ 2012 ਤੋਂ 2017 ਤਕ ਜਿਨ੍ਹਾਂ ਥਾਵਾਂ 'ਤੇ ਤਾਇਨਾਤ ਕੀਤਾ ਗਿਆ, ਉਨ੍ਹਾਂ ਨੇ ਵੀ ਇੰਦਰਜੀਤ ਸਿੰਘ ਨੂੰ ਅਪਣੇ ਨਾਲ ਰੱਖਿਆ। ਇਸ ਦੇ ਲਈ ਰਾਜਜੀਤ ਸਿੰਘ ਸਿਫਾਰਿਸ਼ ਪੱਤਰ ਲਿਖ ਕੇ ਇੰਦਰਜੀਤ ਦੀ ਬਦਲੀ ਕਰਵਾਉਂਦਾ ਰਹਿੰਦਾ ਸੀ। ਦੋਵੇਂ ਗੁਰਦਾਸਪੁਰ, ਤਰਨਤਾਰਨ, ਮੋਗਾ ਅਤੇ ਜਲੰਧਰ ਵਿਖੇ ਇਕੱਠੇ ਤਾਇਨਾਤ ਰਹੇ ਸਨ।