ਮੁਹੰਮਦ ਮੁਸਤਫ਼ਾ ਨੇ ਐਸ.ਟੀ.ਐਫ਼ ਦਾ ਬਤੌਰ ਡੀ.ਜੀ.ਪੀ. ਚਾਰਜ ਸੰਭਾਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਨੀਅਰ ਆਈ.ਪੀ.ਐਸ ਅਫ਼ਸਰ ਮੁਹੰਮਦ ਮੁਸਤਫ਼ਾ ਨੇ ਸਪੈਸ਼ਲ ਟਾਸਕ ਫ਼ੋਰਸ ਦੇ ਮੁਖੀ ਦੇ ਤੌਰ 'ਤੇ ਡਾਇਰੈਕਟਰ ਜਨਰਲ ਪੁਲਿਸ (ਡੀ.ਜੀ.ਪੀ.) ਵਜੋਂ ਅਹੁਦਾ ਸੰਭਾਲ ਲਿਆ ਹੈ.......

Mohammad Mustafa

ਚੰਡੀਗੜ੍ਹ : ਸੀਨੀਅਰ ਆਈ.ਪੀ.ਐਸ ਅਫ਼ਸਰ ਮੁਹੰਮਦ ਮੁਸਤਫ਼ਾ ਨੇ ਸਪੈਸ਼ਲ ਟਾਸਕ ਫ਼ੋਰਸ ਦੇ ਮੁਖੀ ਦੇ ਤੌਰ 'ਤੇ ਡਾਇਰੈਕਟਰ ਜਨਰਲ ਪੁਲਿਸ (ਡੀ.ਜੀ.ਪੀ.) ਵਜੋਂ ਅਹੁਦਾ ਸੰਭਾਲ ਲਿਆ ਹੈ | ਪੰਜਾਬ ਸਰਕਾਰ ਦੇ ਫ਼ੈਸਲੇ ਅਨੁਸਾਰ ਸਪੈਸ਼ਲ ਟਾਸਕ ਫ਼ੋਰਸ (ਐਸ.ਟੀ.ਐਫ਼) ਨੂੰ ਆਜ਼ਾਦ ਸ਼ਾਖਾ ਵਜੋਂ ਮਾਨਤਾ ਦਿਤੀ ਗਈ ਹੈ | ਇਹ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੀ ਤਰ੍ਹਾਂ ਅਪਣੇ ਪੱਧਰ 'ਤੇ ਕੰਮ ਕਰੇਗਾ | ਡੀ.ਜੀ.ਪੀ. ਮੁਸਤਫ਼ਾ ਪੰਜਾਬ ਦੇ ਮੁੱਖ ਮੰਤਰੀ ਨੂੰ ਐਸ.ਟੀ.ਐਫ਼ ਦੀ ਰੀਪੋਰਟ ਦੇਣ ਦੇ ਪਾਬੰਦ ਕੀਤੇ ਗਏ ਹਨ | ਕੈਪਟਨ ਅਮਰਿੰਦਰ ਸਿੰਘ ਕੋਲ ਗ੍ਰਹਿ ਵਿਭਾਗ ਦਾ ਵੀ ਚਾਰਜ ਹੈ |

ਅੱਜ ਚਾਰਜ ਸੰਭਾਲਣ ਤੋਂ ਬਾਅਦ ਐਸ.ਟੀ.ਐਫ਼ ਦੇ ਸਾਬਕਾ ਮੁਖੀ ਵਧੀਕ ਡਾਇਰੈਕਟਰ ਜਨਰਲ ਹਰਪ੍ਰੀਤ ਸਿੰਘ ਸਿੱਧੂ ਨੇ ਮੁਹੰਮਦ ਮੁਸਤਫ਼ਾ ਨੂੰ ਚਾਰਜ ਦਿਤਾ | ਹਰਪ੍ਰੀਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਸਪੈਸ਼ਲ ਪਿ੍ੰਸੀਪਲ ਸਕੱਤਰ ਲਾਇਆ ਗਿਆ ਹੈ | ਮੁਹੰਮਦ ਮੁਸਤਫ਼ਾ ਦੀ ਪਤਨੀ ਰਜ਼ੀਆ ਸੁਲਤਾਨਾ ਪੰਜਾਬ ਦੀ ਉਚੇਰੀ ਸਿਖਿਆ ਮੰਤਰੀ ਹੈ | ਇਸ ਤੋਂ ਪਹਿਲਾਂ ਉਨ੍ਹਾਂ ਕੋਲ ਪੀ.ਡਬਲਿਊ.ਡੀ. ਮਹਿਕਮੇ ਦਾ ਚਾਰਜ ਰਿਹਾ ਹੈ |

ਐਸ.ਟੀ.ਐਫ਼, ਸਿਹਤ ਵਿਭਾਗ ਦੇ ਅਧੀਨ ਪੈਂਦੀ ਹੈ | ਇਸ ਤਰ੍ਹਾਂ ਸਿਖਿਆ ਅਤੇ ਸਿਹਤ ਦੋ ਅਹਿਮ ਮੰਨੇ ਜਾਂਦੇ ਵਿਭਾਗਾਂ ਦੀ ਜ਼ਿੰਮੇਵਾਰੀ ਮੁਸਤਫ਼ਾ ਜੋੜੇ ਦੇ ਮੋਢਿਆਂ 'ਤੇ ਆ ਪਈ ਹੈ | ਰਜ਼ੀਆ ਸੁਲਤਾਨਾ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਮੈਨੀਫ਼ੈਸਟੋ ਨੂੰ ਪੂਰਨ ਚਾੜਨ ਦੇ ਅਮਲ ਵਜੋਂ ਪੰਜ ਸਰਕਾਰੀ ਕਾਲਜ ਖੋਲ੍ਹ ਚੁਕੀ ਹੈ ਅਤੇ ਦਸ ਹੋਰ ਉਸਾਰੀ ਅਧੀਨ ਹਨ | ਕਾਂਗਰਸ ਨੇ ਚੋਣ ਮੈਨੀਫ਼ੈਸਟੋ ਵਿਚ ਕੁਲ 60 ਸਰਕਾਰੀ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਸੀ ਇਨ੍ਹਾਂ ਵਿਚੋਂ ਪਹਿਲੇ ਸਾਲ ਹੀ 15 ਦਾ ਕੰਮ ਸਿਰੇ ਚੜ੍ਹਦਾ ਨਜ਼ਰ ਆ ਰਿਹਾ ਹੈ |