ਸੁਸ਼ਮਾ ਸਵਰਾਜ ਨਾਲ ਹੋਈ ਬੈਠਕ ਬਾਰੇ ਸਿੱਧੂ ਨੇ ਕੀਤਾ ਖੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਅਦਬੀ ਘਟਨਾ ਤੋਂ ਬਾਅਦ ਹੁਣ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮਸਲਾ ਪੰਜਾਬ ਦੀ ਸਿਆਸਤ ਵਿਚ ਬਹੁਤ ਭਖਿਆ ਹੋਇਆ ਹੈ

Sidhu Reveled about meeting with Sushma Swaraj

ਚੰਡੀਗੜ੍ਹ, ਬੇਅਦਬੀ ਘਟਨਾ ਤੋਂ ਬਾਅਦ ਹੁਣ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮਸਲਾ ਪੰਜਾਬ ਦੀ ਸਿਆਸਤ ਵਿਚ ਬਹੁਤ ਭਖਿਆ ਹੋਇਆ ਹੈ| ਪਾਕਿਸਤਾਨ ਤੋਂ ਵਾਪਿਸ ਪਰਤਣ ਤੋਂ ਬਾਅਦ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਦਾ ਲਾਂਘਾ ਖੋਲਣ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਤੜਥਲੀ ਮੱਚ ਗਈ ਸੀ| ਜਿਸ ਤੋਂ ਬਾਅਦ ਅਕਾਲੀ ਦਲ ਵੱਲੋਂ ਲਗਾਤਾਰ ਸਿੱਧੂ ਅਤੇ ਕਾਂਗਰਸ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ |

ਬੀਤੇ ਦਿਨੀਂ ਹਰਸਿਮਰਤ ਕੌਰ ਬਾਦਲ ਨੇ ਨਵਜੋਤ ਸਿੱਧੂ 'ਤੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਸੁਸ਼ਮਾ ਸਵਰਾਜ ਨੇ ਸਿੱਧੂ ਨੂੰ ਕਰਤਾਰਪੁਰ ਲਾਂਘਾ ਖੋਲਣ ਬਾਰੇ ਬਿਆਨਬਾਜ਼ੀ ਕਰਨ ਅਤੇ ਫੌਜ ਮੁਖੀ ਨੂੰ ਜੱਫੀ ਪਾਉਣ 'ਤੇ ਤਾੜਨਾ ਕੀਤੀ ਸੀ| ਇਸਦੇ ਬਾਰੇ ਸਿੱਧੂ ਨੇ ਅੱਜ ਚੰਡੀਗੜ੍ਹ ਵਿਚ ਪ੍ਰੈਸ ਕਰਨਫਰਨਸ ਕਰਦੇ ਹੋਏ ਕਿਹਾ ਕਿ ਸੁਸ਼ਮਾ ਸਵਰਾਜ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਪਾਕਿਸਤਾਨ ਸਰਕਾਰ ਨੂੰ ਚਿੱਠੀ ਲਿਖਣ ਦੀ ਗੱਲ ਕਹੀ ਹੈ | ਇਸਦੇ ਨਾਲ ਹੀ ਸਿੱਧੂ ਨੇ ਹਰਸਿਮਰਤ ਬਾਦਲ 'ਤੇ ਹੱਲਾ ਬੋਲਦੇ ਹੋਏ ਕਿਹਾ ਕਿ ਕੋਈ ਵੀ ਉਨ੍ਹਾਂ 'ਤੇ ਇਲਜ਼ਾਮ ਲਗਾਈ ਜਾਵੇ ਉਨ੍ਹਾਂ ਨੂੰ ਫਰਕ ਨਹੀਂ ਪੈਂਦਾ|

ਉਧਰ ਹਰਸਿਮਰਤ ਬਾਦਲ ਨੇ ਸਿੱਧੂ ਖਿਲਾਫ ਭੜਾਸ ਕੱਢਦੇ ਹੋਏ ਕਿਹਾ ਕਿ  ਜੇਕਰ ਪਾਕਿਸਤਾਨ ਦੇ ਆਪਣੇ ਦੋਸਤ ਨਾਲ ਨਵਜੋਤ ਸਿੱਧੂ ਨੇ ਇੰਨੀ ਯਾਰੀ ਨਿਭਾਉਣੀ ਹੈ ਤਾਂ ਪਹਿਲਾਂ ਨਵਜੋਤ ਸਿੱਧੂ ਉਸ ਕਤਲੇਆਮ ਨੂੰ ਰੋਕੇ, ਜਿਹੜਾ ਹਰ ਰੋਜ਼ ਸਰਹੱਦ 'ਤੇ ਸਾਡੇ ਜਵਾਨਾਂ ਦਾ ਪਾਕਿਸਤਾਨ ਵਲੋਂ ਕੀਤਾ ਜਾਂਦਾ ਹੈ| ਦਰਅਸਲ ਬੀਤੇ ਦਿਨੀਂ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ਕਰਤਾਰਪੁਰ ਲਾਂਘੇ ਨੂੰ ਖੁਲਵਾਉਣ ਦੇ ਮਸਲੇ ਨਾਲ ਨਵਜੋਤ ਸਿੰਘ ਸਿੱਧੂ ਆਪਣਾ ਰਾਜਨੀਤਿਕ ਅਕਸ ਚਮਕਾਉਣਾ ਚਾਹੁੰਦੇ ਹਨ

ਜਦ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੋਂ ਪਹਿਲ ਕਰ ਚੁੱਕਾ ਹੈ | ਪਰ ਦੇਖਿਆ ਜਾਵੇ ਤਾਂ ਇਸ ਮਸਲੇ ਨੂੰ ਲੈ ਕੇ ਸਭ ਨੂੰ ਸਾਂਝੇ ਤੌਰ ਤੇ ਉਪਰਾਲੇ ਕਰਨੇ ਚਾਹੀਦੇ ਹਨ ਨਾ ਕਿ ਲੋਕਾਂ ਨੂੰ ਗੁਮਰਾਹ ਕਰਕੇ ਆਪਣੇ ਰਾਜਨੀਤਿਕ ਉੱਲੂ ਸਿਧੇ ਕੀਤੇ ਜਾਣ, ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮਸਲਾ ਪੂਰੀ ਸਿੱਖ ਕੌਮ ਦਾ ਮਸਲਾ ਹੈ, ਸਿੱਖਾਂ ਦੇ ਗੁਰਧਾਮਾਂ ਦਾ ਮਸਲਾ ਹੈ | ਸੋ ਇਸਨੂੰ ਰਾਜਨੀਤਿਕ ਰੰਗਤ ਦੇ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ |