ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਘੂਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਸਰਕਾਰਾਂ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ..............

Capt Amarinder Singh and Navjot Singh Sidhu

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਸਰਕਾਰਾਂ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਨੂੰ ਲੈ ਕੇ ਘੂਰ ਦਿਤਾ ਹੈ। ਮੰਤਰੀ ਮੰਡਲ ਦੀ ਅੱਜ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਉਥੋਂ ਦੀ ਫ਼ੌਜ ਦੇ ਮੁਖੀ ਨਾਲ ਗਲੇ ਲੱਗ ਕੇ ਮਿਲਣ ਲਈ ਤਾੜਦਿਆਂ ਕਿਹਾ ਕਿ ਭਾਰਤੀ ਸੈਨਿਕਾਂ ਦੇ ਸਿਰ ਕਲਮ ਕਰਨ ਵਾਲੇ ਨੂੰ ਗਲਵਕੜੀ 'ਚ ਨਾ ਲੈਣਾ ਬਿਹਤਰ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਪਹਿਲੇ ਕਈ ਵਜ਼ੀਰ-ਏ-ਆਜ਼ਮ ਭਾਰਤ ਨਾਲ ਇਕ ਨਹੀਂ ਕਈ ਵਾਰ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਵਰਗੇ ਵਾਅਦੇ ਕਰ ਕੇ ਮੁਕਰਦੇ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਸਿਆ ਕਿ ਪਾਕਿ ਫ਼ੌਜ ਮੁਖੀ ਨੇ ਉਥੋਂ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਸ੍ਰੀ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦਾ ਇਸ਼ਾਰਾ ਇਸੇ ਮਿਲਣੀ ਵੇਲੇ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ 'ਮੈਂ ਸਿੱਖਾਂ ਲਈ ਪੁੰਨ ਦਾ ਕੰਮ ਕਰ ਆਇਆ ਹਾਂ, ਅੱਗੇ ਸਰਕਾਰਾਂ ਵੇਖਣ।'

ਸੂਤਰਾਂ ਦਾ ਇਹ ਵੀ ਦਸਣਾ ਹੈ ਕਿ ਮੀਟਿੰਗ ਦੌਰਾਨ ਪੇਸ਼ ਕੀਤੀਆਂ ਜਾਣ ਵਾਲੀਆਂ ਮੱਦਾਂ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀ ਘਟਨਾ ਬਾਰੇ ਭਾਈ ਹਿੰਮਤ ਸਿੰਘ ਵਲੋਂ ਦਿਤੇ ਬਿਆਨ ਉਤੇ ਵੀ ਸਰਸਰੀ ਜਹੀ ਚਰਚਾ ਹੋਈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪਹਿਲਾਂ ਵੀ ਇਕ ਬਿਆਨ ਰਾਹੀਂ ਸਿੱਧੂ ਦੀ ਪਾਕਿ ਫ਼ੌਜ ਦੇ ਮੁਖੀ ਨਾਲ ਮਿਲਣੀ ਬਾਰੇ ਬੁਰਾ ਮਨਾ ਚੁੱਕੇ ਹਨ ਜਦਕਿ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਦੇ ਹੱਕ 'ਚ ਬੋਲੇ ਹਨ। ਬੁੱਧੀਜੀਵੀਆਂ ਸਮੇਤ ਕਈ ਸਿੱਖ ਜਥੇਬੰਦੀਆਂ ਵੀ ਸਿੱਧੂ ਦੇ ਹੱਕ ਵਿਚ ਆ ਡਟੀਆਂ ਹਨ। 

ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖ਼ਾਨ ਦੋਵੇਂ ਸਾਬਕਾ ਕ੍ਰਿਕਟ ਖਿਡਾਰੀ ਹਨ। ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਸਹੁੰ ਚੁੱਕ ਸਮਾਗਮ ਲਈ ਸਿੱਧੂ ਤੋਂ ਇਲਾਵਾ ਕਪਿਲ ਦੇਵ ਅਤੇ ਸੁਨੀਲ ਗਾਵਸਕਰ ਨੂੰ ਵੀ ਸੱਦਾ ਭੇਜਿਆ ਸੀ। ਸਿੱਧੂ ਵਲੋਂ ਪਾਕਿ ਫ਼ੌਜ ਮੁਖੀ ਨੂੰ ਗਲਵਕੜੀ 'ਚ ਲੈਣ ਬਾਰੇ ਰਲਵਾਂ-ਮਿਲਵਾਂ ਪ੍ਰਤੀਕਰਮ ਹੋ ਰਿਹਾ ਹੈ। 

Related Stories