ਅਕਾਲੀ ਦਲ ਕੋਰ ਕਮੇਟੀ ਨੇ ਉਠਾਈ ਜ਼ੋਰਦਾਰ ਮੰਗ, ਜੇਲਾਂ 'ਚ ਬੰਦ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿਚ ਬੰਦ ਕੀਤੇ ਗਏ ਸਿੱਖ ਕੈਦੀਆਂ ਦੀ ਬਿਨਾਂ ਦੇਰੀ ਰਿਹਾਈ ਕੀਤੀ ਜਾਵੇ।

Sukhbir Singh Badal while addressing a meeting of the Core Committee.

ਚੰਡੀਗੜ੍ਹ (ਐਸ.ਐਸ. ਬਰਾੜ): ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿਚ ਬੰਦ ਕੀਤੇ ਗਏ ਸਿੱਖ ਕੈਦੀਆਂ ਦੀ ਬਿਨਾਂ ਦੇਰੀ ਰਿਹਾਈ ਕੀਤੀ ਜਾਵੇ। ਇਹ ਸਾਰੇ ਕੈਦੀ ਅਪਣੀਆਂ ਸਜ਼ਾਵਾਂ ਲੰਮਾ ਸਮਾਂ ਪਹਿਲਾਂ ਹੀ ਪੂਰੀਆਂ ਕਰ ਚੁਕੇ ਹਨ ਪ੍ਰੰਤੂ ਇਸ ਦੇ ਬਾਵਜੂਦ ਉਨ੍ਹਾਂ ਨੂੰ ਜੇਲਾਂ ਵਿਚ ਬੰਦ ਰਖਣਾ ਜਿਥੇ ਗ਼ੈਰ ਸੰਵਿਧਾਨਕ ਹੈ ਉਥੇ ਇਹ ਸਿੱਖ ਕੈਦੀਆਂ ਨਾਲ ਬੇਇਨਸਾਫ਼ੀ ਅਤੇ ਸਰਾਸਰ ਧੱਕਾ ਹੈ। ਅੱਜ ਇਥੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਕੋਰ ਕਮੇਟੀ ਦੀ ਮੀਟਿੰਗ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਹੋਈ।

ਇਸ ਮੀਟਿੰਗ ਵਿਚ ਅਹਿਮ ਮਤਾ ਪਾਸ ਕਰ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਗਈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਨ੍ਹਾਂ ਸਾਰੇ ਸਿੱਖ ਕੈਦੀਆਂ ਦੀ ਰਿਹਾਈ ਦਾ ਵਿਸ਼ੇਸ਼ ਐਲਾਨ ਕੀਤਾ ਜਾਵੇ। ਕੋਰ ਕਮੇਟੀ ਨੇ ਇਕ ਹੋਰ ਮਤਾ ਪਾਸ ਕਰ ਕੇ ਦੇਸ਼ ਦੇ ਫੈਡਰਲ ਢਾਂਚੇ ਵਿਚ ਵੱਖ-ਵੱਖ ਰਾਜਾਂ ਦੀਆਂ ਸਥਾਨਕ ਭਾਸ਼ਾਵਾਂ ਦੀ ਹਮਾਇਤ ਦੁਹਰਾਈ। ਮਤੇ ਵਿਚ ਕਿਹਾ ਗਿਆ ਕਿ ਅਕਾਲੀ ਦਲ ਇਲਾਕਾਈ ਭਾਸ਼ਾਵਾਂ ਦੀ ਤਰੱਕੀ ਤੇ ਇਨ੍ਹਾਂ ਦੀ ਪ੍ਰਫੁੱਲਤਾ ਦਾ ਮੁਦਈ ਹੈ।

ਪਾਰਟੀ ਕਿਸੀ ਭਾਸ਼ਾ ਵਿਰੁਧ ਨਹੀਂ। ਪ੍ਰੰਤੂ ਸਥਾਨਕ ਭਾਸ਼ਾਵਾਂ ਦੀ ਕੀਮਤ 'ਤੇ ਕਿਸੀ ਹੋਰ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੀ ਵਿਰੋਧਤਾ ਕਰਦਾ ਹੈ। ਮਤੇ ਵਿਚ ਕਿਹਾ ਗਿਆ ਕਿ ਸਥਾਨਕ ਭਾਸ਼ਾਵਾਂ ਦੇਸ਼ ਨੂੰ ਜੋੜਨ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਵਿਚ ਅਹਿਮ ਰੋਲ ਨਿਭਾਉਂਦੀਆਂ ਹਨ। ਮਤੇ ਵਿਚ ਕਿਹਾ ਗਿਆ ਕਿ ਪਾਰਟੀ ਅਪਣਾ ਸਟੈਂਡ ਮੁੜ ਦੁਹਰਾਉਂਦੀ ਹੈ। ਇਕ ਹੋਰ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਰਾਜ ਦੇ ਕੁੱਝ ਹਿੱਸਿਆਂ ਵਿਚ ਹੋਏ ਹੜ੍ਹਾਂ ਨਾਲ ਨੁਕਸਾਨ ਦਾ ਲੋਕਾਂ ਨੂੰ ਪੂਰਾ ਮੁਆਵਜ਼ਾ ਦਿਤਾ ਜਾਵੇ।

ਜਿਥੋਂ ਤਕ ਫ਼ਸਲਾਂ ਦਾ ਸਬੰਧ ਹੈ, ਕਿਸਾਨਾਂ ਨੂੰ 25 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਘੱਟੋ-ਘੱਟ ਮੁਆਵਜ਼ਾ ਦਿਤਾ ਜਾਵੇ। ਖੇਤੀਬਾੜੀ ਨਾਲ ਸਬੰਧਤ ਮਜ਼ਦੂਰਾਂ ਨੂੰ ਵੀ ਢੁਕਵੀਂ ਆਰਥਕ ਮਦਦ ਦਿਤੀ ਜਾਵੇ। ਮਤੇ ਵਿਚ ਪੰਜਾਬ ਸਰਕਾਰ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਕਿਹਾ ਕਿ ਸਰਕਾਰ ਹੜ੍ਹਾਂ ਤੋਂ ਲੋਕਾਂ ਦੀ ਹਿਫ਼ਾਜ਼ਤ ਕਰਨ ਵਿਚ ਨਾਕਾਮ ਰਹੀ ਹੈ। ਸਰਕਾਰ ਨੇ ਇਸ ਮਾਮਲੇ 'ਚ ਅਣਗਹਿਲੀ ਵਰਤੀ। ਸਮੇਂ ਸਿਰ ਹੜ੍ਹਾਂ ਤੋਂ ਬਚਾਅ ਲਈ ਨਾ ਤਾਂ ਦਰਿਆਵਾਂ ਦੇ ਬੰਨ੍ਹਾਂ ਦੀ ਮੁਰੰਮਤ ਕੀਤੀ ਗਈ ਅਤੇ ਨਾ ਬਰਸਾਤੀ ਨਾਲਿਆਂ ਦੀ ਸਫ਼ਾਈ ਕੀਤੀ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।