ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਣ ਦਾਸ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਫ਼ਗਵਾੜਾ, ਮੁਕੇਰੀਆਂ, ਦਾਖਾ ਤੇ ਜਲਾਲਾਬਾਦ ਲਈ...
ਚੰਡੀਗੜ੍ਹ: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਫ਼ਗਵਾੜਾ, ਮੁਕੇਰੀਆਂ, ਦਾਖਾ ਤੇ ਜਲਾਲਾਬਾਦ ਲਈ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਜਲੰਧਰ ਨੇੜੇ ਡੇਰਾ ਸੱਚਖੰਡ ਬੱਲਾਂ ਪੁੱਜੇ ਤੇ ਉੱਥੇ ਉਨ੍ਹਾਂ ਸੰਤ ਨਿਰੰਜਣ ਦਾਸ ਨਾਲ ਖ਼ਾਸ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ।
ਜਿਸ ਲਈ ਵੋਟਾਂ 21 ਅਕਤੂਬਰ ਨੂੰ ਪੈਣੀਆਂ ਹਨ ਤੇ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਸਵੇਰੇ ਸ਼ੁਰੂ ਹੋਵੇਗੀ। ਇਸੇ ਲਈ ਹੁਣ ਇਨ੍ਹਾਂ ਚੋਣਾਂ ਲਈ ਪ੍ਰਚਾਰ ਇਸ ਵੇਲੇ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਇਸੇ ਚੋਣ ਪ੍ਰਚਾਰ ਦੀ ਲੜੀ ਅਧੀਨ ਹੀ ਅੱਜ ਡੇਰਾ ਸੱਚਖੰਡ ਬੱਲਾਂ ਪੁੱਜੇ ਸਨ। ਦਰਅਸਲ, ਪੰਜਾਬ ਦੇ ਵੱਡੇ, ਖ਼ਾਸ ਕਰ ਕੇ ਦੋਆਬਾ ਇਲਾਕੇ ਦੇ ਵੋਟਰਾਂ ’ਤੇ ਇਸ ਡੇਰੇ ਦਾ ਵੱਡਾ ਪ੍ਰਭਾਵ ਹੈ।
ਅੱਜ ਸੰਤ ਨਿਰੰਜਣ ਦਾਸ ਹੁਰਾਂ ਨਾਲ ਮੁੱਖ ਮੰਤਰੀ ਦੀ ਕੀ ਗੱਲਬਾਤ ਹੋਈ। ਤੁਰੰਤ ਇਸ ਦੇ ਕੋਈ ਵੇਰਵੇ ਨਹੀਂ ਮਿਲ ਸਕੇ। ਉ਼ਝ ਅੱਜ ਦੀ ਇਸ ਉੱਚ-ਪੱਧਰੀ ਮੁਲਾਕਾਤ ਨੂੰ ਸਿਆਸੀ ਹਲਕਿਆਂ ਵਿੱਚ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਇਸ ਮੁਲਾਕਾਤ ਦਾ ਸਿੱਧਾ ਅਸਰ ਮੁਕੇਰੀਆਂ ਤੇ ਫ਼ਗਵਾੜਾ ਹਲਕੇ ਦੇ ਵੋਟਰਾਂ ਉੱਤੇ ਪਵੇਗਾ।