ਝੋਨੇ ਦੇ ਸੀਜ਼ਨ 'ਚ ਕਿਸਾਨਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿਤੀ ਜਾਵੇਗੀ : ਕੈਪਟਨ ਅਮਰਿੰਦਰ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਅਹਿਮਦਗੜ੍ਹ ਰੇਲਵੇ ਉਵਰਬ੍ਰਿਜ ਨੂੰ ਜਲਦ ਸ਼ੁਰੂ ਕਰਨ ਦੇ ਨਿਰਦੇਸ਼

Captain Amarinder Singh

ਅਹਿਮਦਗੜ੍ਹ (ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ) : ਪ੍ਰਸ਼ਾਸਨਕ ਪੱਧਰ 'ਤੇ ਝੋਨੇ ਦੀ ਖ਼ਰੀਦ ਸਬੰਧੀ ਕੀਤੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸਥਾਨਕ ਅਨਾਜ ਮੰਡੀ ਨਜ਼ਦੀਕ ਪਹੁੰਚੇ। ਉਨ੍ਹਾਂ ਝੋਨੇ ਦੀ ਸਮੁੱਚੀ ਖ਼ਰੀਦ ਪ੍ਰਕਿਰਿਆ, ਲਿਫ਼ਟਿੰਗ ਅਤੇ ਕਿਸਾਨਾਂ ਤੋਂ ਖ਼ਰੀਦੀ ਗਈ ਜਿਣਸ ਦੀ ਅਦਾਇਗੀ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਵਿਧਾਇਕ ਸੁਰਜੀਤ ਸਿੰਘ ਧੀਮਾਨ ਨਾਲ ਹਲਕੇ ਦੇ ਵਿਕਾਸ ਕੰਮਾਂ ਸਬੰਧੀ ਵਿਚਾਰਾਂ ਵੀ ਕੀਤੀਆਂ।

ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਮੁੱਚੀ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਠੋਸ ਪ੍ਰਬੰਧ ਕੀਤੇ ਗਏ ਹਨ ਅਤੇ ਝੋਨੇ ਦੇ ਸਮੁੱਚੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿਤੀ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦਸਿਆ ਕਿ ਸਮੁੱਚੇ ਸੀਜ਼ਨ ਦੌਰਾਨ ਰੋਜ਼ਾਨਾ ਪੱਧਰ 'ਤੇ ਨਿਗਰਾਨੀ ਰੱਖਣ ਲਈ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿਤੇ ਗਏ ਹਨ।

ਡੀ.ਸੀ. ਅਨੁਸਾਰ ਬੀਤੀ ਸ਼ਾਮ ਤਕ 63 ਹਜ਼ਾਰ 262 ਮੀਟਰਿਕ ਟਨ ਝੋਨੇ ਦੀ ਆਮਦ ਹੋਈ, ਜਿਸ ਵਿਚੋ 59 ਹਜ਼ਾਰ 692 ਮੀਟਰਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਅਤੇ 34 ਹਜ਼ਾਰ 313 ਮੀਟ੍ਰਿਕ ਟਨ ਝੋਨੇ ਦੀ ਲਿਫ਼ਟਿੰਗ ਵੀ ਹੋ ਚੁੱਕੀ ਹੈ। ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਹਲਕੇ ਦੇ ਸ਼ੁਰੂ ਹੋਣ ਵਾਲੇ ਅਤੇ ਅਧੂਰੇ ਰਹਿੰਦੇ ਵਿਕਾਸ ਨੂੰ ਜਲਦ ਸ਼ੁਰੂ ਕਰਵਾਉਣ ਲਈ ਬੇਨਤੀ ਕਰਦਿਆਂ 48 ਕਰੋੜ ਦੀ ਲਾਗਤ ਨਾਲ ਅਮਰਗੜ੍ਹ ਬਾਈਪਾਸ ਨੂੰ ਜਲਦੀ ਬਣਾਉਣ ਦੀ ਮੰਗ ਕੀਤੀ।

ਜਿਸ 'ਤੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਅਹਿਮਦਗੜ੍ਹ ਰੇਲਵੇ ਉਵਰਬ੍ਰਿਜ ਨੂੰ ਜਲਦ ਸ਼ੁਰੂ ਕਰਾਉਣ ਦੇ ਆਦੇਸ਼ ਦਿਤੇ। ਇਸ ਮੌਕੇ ਮੈਡਮ ਆਸਾ ਕੁਮਾਰੀ, ਸੁਨੀਲ ਜਾਖੜ ਪ੍ਰਧਾਨ ਕਾਂਗਰਸ, ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਵਿਧਾਇਕ ਸੁਰਜੀਤ ਸਿੰਘ ਧੀਮਾਨ, ਘਨਸ਼ਾਮ ਥੋਰੀ ਡੀਸੀ ਸੰਗਰੂਰ ਅਤੇ ਹੋਰ ਵੱਖ ਵੱਖ ਮਹਿਕਮਿਆਂ ਦੇ ਅਫਸਰ ਸਹਿਬਾਨ ਹਾਜਰ ਸਨ।