ਏਆਈਜੀ ਵਿਜੀਲੈਂਸ ਆਸ਼ੀਸ਼ ਕਪੂਰ ਖਿਲਾਫ਼ ਹਿਰਾਸਤੀ ਬਲਾਤਕਾਰ ਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਨ੍ਹੇ ਜੁਰਮ ਦੀ ਸ਼੍ਰੇਣੀ ਦਾ ਪੰਜਾਬ ਦਾ ਵਿਰਲਾ ਕੇਸ

AIG Vigilance Ashish Kapoor

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਵਿਜੀਲੈਂਸ ਬਿਊਰੋ ਦੇ ਏਆਈਜੀ ਆਸ਼ੀਸ਼ ਕਪੂਰ ਖਿਲਾਫ਼ ਇਕ ਔਰਤ ਦੀ ਸ਼ਿਕਾਇਤ 'ਤੇ ਹਿਰਾਸਤੀ ਬਲਾਤਕਾਰ ਅਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਯੂਨਿਟ ਪੰਜਾਬ ਮੋਹਾਲੀ ਤਹਿਤ ਪਹਿਲਾਂ ਹੀ ਇਹ ਕੇਸ ਦਰਜ ਕੀਤਾ ਜਾ ਚੁੱਕਾ ਸੀ, ਜਿਸ ਵਿਚ ਜਾਂਚ ਮਗਰੋਂ ਅੱਜ ਉਕਤ ਅਧਿਕਾਰੀ ਦਾ ਨਾਂ ਸ਼ਾਮਲ ਕਰ ਲਿਆ ਗਿਆ ਹੈ। ਇਹ ਜਾਂਚ ਇੰਸਪੈਕਟਰ ਜਨਰਲ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਨਿਗਰਾਨੀ ਹੇਠ ਜਾਰੀ ਹੈ।

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਟੈਲੀਫ਼ੋਨ ਉੱਤੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਏਆਈਜੀ ਆਸ਼ੀਸ਼ ਕਪੂਰ ਦਾ ਨਾਂ ਇਸ ਐਫਆਈਆਰ ਦੇ ਤਹਿਤ ਸ਼ਾਮਲ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਦੱਸਣਯੋਗ ਹੈ ਕਿ ਇਹ ਅੰਨ੍ਹੇ ਜੁਰਮ ਦੀ ਸ਼੍ਰੇਣੀ ਵਿਚ ਪੰਜਾਬ ਅੰਦਰ ਦਰਜ ਹੋਏ ਹੁਣ ਤਕ ਦੇ ਵਿਰਲੇ ਕੇਸਾਂ ਵਿਚ ਸ਼ੁਮਾਰ ਹੈ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਨਾਲ ਸਬੰਧਤ ਇਕ ਔਰਤ (ਕਾਨੂੰਨੀ ਬੰਦਿਸ਼ਾਂ ਕਾਰਨ ਨਾਂ ਅਤੇ ਪਛਾਣ ਗੁਪਤ ਰੱਖੀ ਜਾ ਰਹੀ ਹੈ) ਪੰਜਾਬ ਦੀ ਇਕ ਜੇਲ ਵਿਚ ਬੰਦ ਸੀ। ਆਸ਼ੀਸ਼ ਕਪੂਰ ਉਸ ਵਕਤ ਉਥੇ ਜੇਲ ਸੁਪਰੀਟੈਂਡੈਂਟ ਸਨ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਜੇਲ ਵਿਚ ਉਸ ਨਾਲ ਇਹ ਵਧੀਕੀਆਂ ਹੋਈਆਂ ਹਨ, ਜਿਸ ਮਗਰੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਹੋਈ।

ਅਜਿਹਾ ਹੀ ਇਕ ਮਾਮਲਾ ਪਹਿਲਾਂ ਪਟਿਆਲਾ ਜੇਲ ਨਾਲ ਸਬੰਧਤ ਵੀ ਚਰਚਾ ਵਿਚ ਰਹਿ ਚੁੱਕਾ ਹੈ। ਜਿਸ ਮਾਮਲੇ ਦੀ ਤਰਜ਼ 'ਤੇ ਹੀ ਇਹ ਜਾਂਚ ਅੱਗੇ ਵੱਧ ਰਹੀ ਹੈ। ਇਸ ਸਬੰਧ ਵਿਚ ਜਾਂਚ ਮਗਰੋਂ ਕਿਹਾ ਗਿਆ ' ' ਇਸ ਅਧਿਕਾਰੀ ਵਿਰੁਧ ਬਿਆਨ ਵਿਚ ਕਿਹਾ ਗਿਆ ਹੈ ਕਿ ਅ/ਧ 161 ਜ.ਫ. ਅਤੇ ਦਰਖਾਸਤ ਸ਼ਿਕਾਇਤਕਰਤਾ ਤੋਂ ਜੁਰਮ ਅ/ਧ 7, 13 (ਬੀ) (II) ਪੀ.ਸੀ. ਐਕਟ, 376 (2) (ਏ)(ਬੀ) (ਡੀ), 376 (ਸੀ)(ਸੀ), 354, 419, 506 ਆਈ.ਪੀ.ਸੀ. ਦਾ ਹੋਣਾ ਪਾਇਆ ਜਾਂਦਾ ਹੈ। ਇਸ ਲਈ ਮੁਕੱਦਮਾ ਉਕਤ ਵਿਚ ਧਾਰਾ 7, 13, (ਬੀ) (II) ਪੀ.ਸੀ. ਐਕਟ, 376 (2) (ਏ)(ਬੀ)(ਡੀ), 376 (ਸੀ)(ਸੀ), 354, 419, 506 ਆਈ.ਪੀ.ਸੀ. ਦਾ ਵਾਧਾ ਕੀਤਾ ਜਾਂਦਾ ਹੈ। ਸਪੈਸ਼ਲ ਰਿਪੋਰਟਾਂ ਜਾਰੀ ਕਰ ਕੇ ਸਬੰਧਤ ਅਫਸਰਾਂ ਪਾਸ ਭੇਜੀਆਂ ਜਾਣਗੀਆਂ। ਅਗਲੀ ਤਫਤੀਸ਼ ਜਾਰੀ ਹੈ।' '  

ਦੱਸਣਯੋਗ ਹੈ ਕਿ ਇਹ ਕੇਸ ਇਕ ਤਰ੍ਹਾਂ ਨਾਲ ਖਾਕੀ ਵਰਦੀ ਦੇ ਸੱਭ ਤੋਂ ਦਾਗ਼ਦਾਰ ਚਿਹਰੇ ਵਜੋਂ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵਿਵਾਦਤ ਜ਼ਬਰੀ ਰਿਟਾਇਰ ਕੀਤੇ ਸਾਬਕਾ ਪੁਲਿਸ ਅਧਿਕਾਰੀ ਸਲਵਿੰਦਰ ਸਿੰਘ (ਪਠਾਨਕੋਟ ਅਤਿਵਾਦੀ ਹਮਲੇ ਵਾਲਾ) 'ਤੇ ਵੀ ਅਧੀਨਸਥ ਮਹਿਲਾ ਮੁਲਾਜ਼ਮਾਂ ਵਲੋਂ ਬੜੇ ਸੰਗੀਨ ਇਲਜ਼ਾਮ ਲਗਾਏ ਜਾਂਦੇ ਰਹੇ ਹਨ। ਇਸ ਤੋਂ ਇਲਾਵਾ ਕਈ ਹੋਰ ਸੀਨੀਅਰ ਪੁਲਿਸ ਮੁਲਾਜ਼ਮ ਵੀ ਮਹਿਲਾ ਪੁਲਿਸ ਮੁਲਾਜ਼ਮਾਂ, ਕੈਦੀਆਂ ਜਾਂ ਕਈ ਹੋਰ ਕੇਸਾਂ ਨਾਲ ਸਬੰਧਤ ਔਰਤਾਂ ਦੁਆਰਾ ਅਜਿਹੇ ਸੰਗੀਨ ਇਲਜ਼ਾਮਾਂ ਦੇ ਨਿਸ਼ਾਨੇ 'ਚ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।