ਪਰਮਜੀਤ ਸਿੰਘ ਰਾਏਪੁਰ ਨੇ ਫੜ੍ਹਿਆ ਕਾਂਗਰਸ ਦਾ ਪੱਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਨੂੰ ਵੱਡਾ ਝਟਕਾ

Paramjit Singh Raipur joins Congress

ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਅੱਜ ਕਾਂਗਰਸ ਪਾਰਟੀ ''ਚ ਸ਼ਾਮਲ ਹੋ ਗਏ। ਜਲੰਧਰ ਕੈਂਟ ਦੇ ਰਹਿਣ ਵਾਲੇ ਰਾਏਪੁਰ ਬ੍ਰਿਟੇਨ ਦੇ ਪਹਿਲੇ ਦਸਤਾਰਧਾਰੀ ਸਿੱਖ ਤਨਮਨਜੀਤ ਸਿੰਘ ਢੇਸੀ ਦੇ ਚਾਚਾ ਹਨ। ਪਰਮਜੀਤ ਸਿੰਘ ਰਾਏਪੁਰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫ਼ਗਵਾੜਾ ਰੋਡ ਸ਼ੋਅ ਦੌਰਾਨ ਕਾਂਗਰਸ ’ਚ ਸ਼ਾਮਲ ਹੋਏ।

ਰਾਏਪੁਰ ਉਨ੍ਹਾਂ ਰਵਾਇਤੀ ਅਕਾਲੀ ਆਗੂਆਂ 'ਚ ਸ਼ਾਮਲ ਹਨ, ਜੋ ਅਕਾਲੀ ਦਲ ਦੀ ਹਾਈਕਮਾਂਡ ਤੋਂ ਨਾਰਾਜ਼ ਸਨ। ਅਸਲ ’ਚ ਰਾਏਪੁਰ ਦੇ ਸਾਬਕਾ ਅਕਾਲੀ ਵਿਧਾਇਕ ਸਰਬਜੀਤ ਸਿੰਘ ਮੱਕੜ ਨਾਲ ਜਾਇਦਾਦ ਨੂੰ ਲੈ ਕੇ ਕੁਝ ਮਸਲੇ ਚੱਲ ਰਹੇ ਸਨ। ਉਨ੍ਹਾਂ ਕਈ ਵਾਰ ਪਾਰਟੀ ਹਾਈਕਮਾਂਡ ਨੂੰ ਇਸ ਬਾਰੇ ਬੇਨਤੀ ਕੀਤੀ ਸੀ ਕਿ ਉਹ ਇਸ ਮਸਲੇ ਨੂੰ ਸੁਲਝਾਉਣ ਵਿਚ ਮਦਦ ਕਰੇ ਪਰ ਉਨ੍ਹਾਂ ਦੀ ਕਦੇ ਸੁਣੀ ਨਹੀਂ ਗਈ। ਇਸ ਤੋਂ ਇਲਾਵਾ ਰਾਏਪੁਰ ਨੇ ਸਾਲ 2012 ਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਲੰਧਰ–ਛਾਉਣੀ ਸੀਟ ਤੋਂ ਟਿਕਟ ਦੀ ਮੰਗ ਕੀਤੀ ਸੀ ਪਰ ਦੋਵੇਂ ਵਾਰ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ।

ਸ਼੍ਰੋਮਣੀ ਅਕਾਲੀ ਦਲ ਨੇ ਰਾਏਪੁਰ ਨੂੰ ਮਨਾਉਣ ਦੇ ਵੀ ਕੁਝ ਜਤਨ ਕੀਤੇ ਸਨ। ਜਦੋਂ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ–ਭਾਰਤੀ ਜਨਤਾ ਪਾਰਟੀ ਗਠਜੋੜ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਵਾਲਾ ਸੀ, ਉਦੋਂ ਉਨ੍ਹਾਂ ਨੂੰ ਜਲੰਧਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਸੀ।

ਰਾਏਪੁਰ ਤੇ ਉਨ੍ਹਾਂ ਦਾ ਐਨਆਰਆਈ ਭਰਾ ਜਸਪਾਲ ਸਿੰਘ ਢੇਸੀ ਸਦਾ ਸ਼੍ਰੋਮਣੀ ਅਕਾਲੀ ਦਲ ਦੀ ਹੀ ਹਮਾਇਤ ਕਰਦੇ ਰਹੇ ਹਨ। ਰਾਏਪੁਰ ਦਾ ਭਤੀਜਾ ਤਨਮਨਜੀਤ ਸਿੰਘ ਢੇਸੀ ਇੰਗਲੈਂਡ ਦੇ ਸਲਾਓ ਹਲਕੇ ਤੋਂ ਐਮ.ਪੀ. ਹਨ।