ਹਰਿਆਣਾ ਦੇ 32 ਅਸੈਂਬਲੀ ਹਲਕਿਆਂ 'ਚ ਸਿੱਖ ਵੋਟਰਾਂ ਦੀ ਅਹਿਮ ਭੂਮਿਕਾ ਰਹੇਗੀ
32 ਅਸੈਂਬਲੀ ਹਲਕਿਆਂ 'ਚ ਸਿੱਖ ਵੋਟਰਾਂ ਦੀ ਗਿੱਣਤੀ 8.38 ਲੱਖ, ਇਨ੍ਹਾਂ 'ਚ 7.80 ਲੱਖ ਜੱਟ/ਅਰੋੜਾ ਸਿੱਖ ਵੋਟਰ
ਚੰਡੀਗੜ੍ਹ (ਐਸ.ਐਸ ਬਰਾੜ): ਹਰਿਆਣਾ ਤੋਂ ਮਿਲੇ ਦਿਲਚਸਪ ਅੰਕੜਿਆਂ ਅਨੁਸਾਰ 32 ਅਸੈਂਬਲੀ ਹਲਕਿਆਂ 'ਚ ਸਿੱਖ ਵੋਟਰਾਂ ਦਾ ਚੰਗਾ ਆਧਾਰ ਹੈ ਅਤੇ ਜਿੱਤ ਹਾਰ 'ਚ ਅਹਿਮ ਭੁਮਿਕਾ ਨਿਭਾਉਣ ਦੀ ਸਮਰਥਾ ਰੱਖਦੇ ਹਨ। ਹਰਿਆਣਾ ਅਸੰਬਲੀ ਚੋਣਾਂ 'ਚ ਅਕਾਲੀ ਦਲ ਭਾਜਪਾ ਦਾ ਗੱਠਜੋੜ ਨਾ ਬਣ ਸਕਣ ਕਾਰਨ ਲੱਗਭਗ ਦੋ ਦਰਜਨ ਹਲਕਿਆਂ 'ਚ ਸਿੱਖ ਵੋਟਰਾਂ ਦੀ ਭੁਮਿਕਾ ਬੜੀ ਮਹੱਤਵਪੂਰਣ ਰਹੇਗੀ ਅਤੇ ਜੇਕਰ ਵੱਡੀ ਗਿਣਤੀ 'ਚ ਇਹ ਵੋਟਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵਲ ਭੁਗਤ ਜਾਂਦੇ ਹਨ ਤਾਂ ਭਾਜਪਾ ਲਈ ਕਾਫ਼ੀ ਨੁਕਸਾਨਦੇਹ ਹੋ ਸਕਦਾ ਹੈ।
ਅਕਾਲੀ ਦਲ ਦਾ ਇੰਡੀਅਨ ਨੈਸ਼ਨਲ ਲੋਕਦਲ (ਇਨੇਲੋ) ਨਾਲ ਸਮਝੌਤਾ ਹੈ ਅਤੇ ਅਕਾਲੀ ਦਲ ਨੇ ਸਿਰਫ਼ ਤਿੰਨ ਹਲਕਿਆਂ 'ਚ ਅਪਣੇ ਉਮੀਦਵਾਰ ਉਤਾਰੇ ਹਨ। ਬਾਕੀ ਹਲਕਿਆਂ 'ਚ ਅਕਾਲੀ ਦਲ ਇਨੇਲੋ ਉਮੀਦਵਾਰਾਂ ਦੀ ਹਮਾਇਤ ਕਰ ਰਿਹਾ ਹੈ। ਅਕਾਲੀ ਦਲ ਲਈ ਵੀ ਇਹ ਇਮਤਿਹਾਨ ਹੋਵੇਗਾ ਕਿ ਉਹ ਸਿੱਖ ਵੋਟਰਾਂ ਦਾ ਕਿਨ੍ਹਾਂ ਸਮਰਥਨ ਹਾਸਲ ਕਰਦਾ ਹੈ। ਮਿਲੇ ਅੰਕੜਿਆਂ ਮੁਤਾਬਕ ਹਰਿਆਣਾ ਦੇ 90 ਅਸੰਬਲੀ ਹਲਕਿਆਂ 'ਚ 32 ਹਲਕਿਆਂ 'ਚ ਸਿੱਖ ਵੋਟਰਾਂ ਦੀ ਕੁੱਲ ਗਿਣਤੀ 8.38 ਲੱਖ ਹੈ। ਇਨ੍ਹਾਂ 'ਚੋਂ 7.80 ਲੱਖ ਜੱਟ/ਅਰੋੜਾ ਸਿੱਖ ਵੋਟਰ ਹਨ।
ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਹਰਿਆਣਾ 'ਚ ਕਾਂਗਰਸ ਇਕਮੁੱਠ ਹੁੰਦੀ ਅਤੇ ਸੂਬਾ ਕਾਂਗਰਸ ਦੀ ਲੀਡਰਸਿੱਪ ਦਾ ਮਸਲਾ ਚਾਰ ਮਹੀਨੇ ਪਹਿਲਾਂ ਹੱਲ ਹੋ ਜਾਂਦਾ ਤਾਂ ਇਸ ਵਾਰ ਅਸੰਬਲੀ ਚੋਣਾਂ ਦੇ ਨਤੀਜੇ ਬੜੇ ਹੈਰਾਨੀ ਜਨਕ ਹੋ ਸਕਦੇ ਸਨ। ਇਸੇ ਤਰ੍ਹਾ ਇਨੇਲੋ ਵੀ ਫੁੱਟ ਦਾ ਸ਼ਿਕਾਰ ਹੈ। ਇਸ ਦਾ ਲਾਭ ਭਾਜਪਾ ਨੂੰ ਜਾਂਦਾ ਹੈ। ਪ੍ਰੰਤੂ ਕੁੱਝ ਹਲਕਿਆਂ 'ਚ ਸਿੱਖ ਵੋਟਰ ਭਾਜਪਾ ਦਾ ਨੁਕਸਾਨ ਕਰ ਸਕਦੇ ਹਨ।
ਉਨ੍ਹਾਂ ਦੇ ਇਹ ਵੀ ਮੰਨਣਾ ਹੈ ਕਿ ਜੇਕਰ 60 ਤੋਂ 70 ਫ਼ੀ ਸਦੀ ਸਿੱਖ ਵੋਟਰ ਅਕਾਲੀ ਦਲ ਅਤੇ ਇਨੇਲੋ ਉਮੀਦਵਾਰਾਂ ਨੂੰ ਭੁਗਤ ਜਾਂਦੀ ਹੈ ਤਾਂ ਲੱਗਭਗ ਇਕ ਦਰਜ਼ਨ ਹਲਕਿਆਂ 'ਚ ਭਾਜਪਾ ਉਮੀਦਵਾਰਾਂ ਨੂੰ ਨੁਕਸਾਨ ਹੋਵੇਗਾ। ਇਹ ਤਾ ਨਹੀਂ ਕਿਹਾ ਜਾ ਸਕਦਾ ਕਿ ਇਸ ਨਾਲ ਕਿਸ ਦੀ ਜਿੱਤ ਹੋਵੇਗੀ ਅਤੇ ਕਿਸ ਦੀ ਹਾਰ।
ਕਰਨਾਲ, ਪਾਨੀਪਤ ਸ਼ਹਿਰ, ਗੁੜਗਾਂਉ, ਕਾਲਿਆਂਵਾਲੀ ਅਤੇ ਡੱਬਵਾਲੀ ਪੰਜ ਹਲਕਿਆਂ 'ਚ ਸਿੱਖ ਵੋਟਰਾਂ ਦੀ ਗਿਣਤੀ 40 ਹਜ਼ਾਰ ਤੋਂ ਲੈ ਕੇ 69 ਹਜ਼ਾਰ ਤਕ ਹੈ।
ਇਸੇ ਤਰ੍ਹਾਂ ਸੱਤ ਹਲਕਿਆਂ ਨੀਲੋਖੇੜੀ, ਅਸੰਦ, ਸੋਨੀਪਤ, ਟੋਹਾਣਾ, ਫ਼ਤਿਹਾਬਾਦ, ਪਿਹੋਵਾ ਅਤੇ ਅੰਬਾਲਾ ਸ਼ਹਿਰ 'ਚ ਤਾਂ ਸਿੱਖ ਵੋਟਰਾਂ ਦੀ ਗਿਣਤੀ 30 ਹਜ਼ਾਰ ਤੋਂ 40 ਹਜ਼ਾਰ ਤਕ ਹੈ। ਭਟਕਲ, ਬੱਲਬਗੜ੍ਹ, ਸਿਰਸਾ, ਸ਼ਾਹਬਾਦ, ਪੰਚਕੁਲਾ ਅਤੇ ਯਮੁਨਾਨਗਰ ਅਸੰਬਲੀ ਹਲਕਿਆਂ 'ਚ ਇਨ੍ਹਾਂ ਵੋਟਰਾਂ ਦੀ ਗਿਣਤੀ 20 ਹਜ਼ਾਰ ਤੋਂ ਲੈ ਕੇ 30 ਹਜ਼ਾਰ ਤਕ ਹੈ। ਬਾਕੀ ਹਲਕਿਆਂ 'ਚ ਪੰਜ ਹਜ਼ਾਰ ਤੋਂ 20 ਹਜ਼ਾਰ ਤਕ ਹੈ। ਹੁਣ ਇਹ ਤਾਂ 32 ਹਲਕਿਆਂ ਦੇ ਆਏ ਨਤੀਜੇ ਹੀ ਦਸਣਗੇ ਕਿ ਅਕਾਲੀ ਦਲ ਸਿੱਖ ਵੋਟਰਾਂ 'ਤੇ ਕਿਨਾਂ ਪ੍ਰਭਾਵ ਰੱਖਦਾ ਹੈ। ਜੇਕਰ ਸਿੱਖ ਵੋਟਰ ਨੇ ਭਾਜਪਾ ਤੋਂ ਦੂਰੀ ਬਣਾਈ ਰੱਖੀ ਤਾਂ ਇਸ ਨਾਲ ਭਾਜਪਾ ਨੂੰ ਨੁਕਸਾਨ ਹੋਣਾ ਤੈਅ ਹੈ।