ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦੁਆਰ ‘ਤੇ ਲੱਗੇਗਾ 50 ਫੁੱਟ ਉੱਚਾ “ੴ”

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ-ਪਾਕਿ ਕੌਮਾਂਤਰੀ ਸਰਹੱਦ ਉਤੇ ਬਣ ਰਹੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ...

Kartarpur Corridor, India

ਡੇਰਾ ਬਾਬਾ ਨਾਨਕ: ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਖੁੱਲ੍ਹ ਜਾਵੇਗਾ। ਦੇਸ਼-ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਲਈ ਵੱਡੀ ਖੁਸ਼ਖਬਰੀ ਹੈ। ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ 20 ਅਕਤੂਬਰ 2019 ਤੋਂ ਸ਼ੁਰੂ ਹੋ ਜਾਵੇਗੀ। ਯਾਤਰਾ ਲਈ ਪਾਸਪੋਰਟ ਦੀ ਲੋੜ ਹੋਵੇਗੀ, ਵੀਜ਼ੇ ਦੀ ਨਹੀਂ। ਵੀਜ਼ਾ ਫੀਸ ਅਤੇ ਯਾਤਰਾ ਦੇ ਸਮੇਂ ਨੂੰ ਲੈ ਕੇ ਭਾਰਤ-ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਇਸ ਦੇ ਨਾਲ ਦੱਸਣਯੋਗ ਹੈ ਕਿ ਭਾਰਤ-ਪਾਕਿ ਕੌਮਾਂਤਰੀ ਸਰਹੱਦ ਉਤੇ ਬਣ ਰਹੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਦਾ ਸਮਾਂ ਜਿਊਂ-ਜਿਊਂ ਨੇੜੇ ਆਉਂਦਾ ਜਾ ਰਿਹਾ ਹੈ, ਤਿਉਂ-ਤਿਉਂ ਨੈਸ਼ਨਲ ਹਾਈਵੇ ਅਥਾਰਿਟੀ ਅਤੇ ਲੈਂਡ ਪੋਰਟ ਅਥਾਰਿਟੀ ਵੱਲੋਂ ਉਸਾਰੀ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ।

ਬੀਤੇ ਦਿਨੀਂ ਭਾਰਤ ਦੇ ਗ੍ਰਹਿ ਸਕੱਤਰ, ਨੈਸ਼ਨਲ ਹਾਈਵੇ ਆਫ਼ ਇੰਡੀਆ ਦੇ ਚੇਅਰਮੈਨ ਅਤੇ ਲੈਂਡ ਪੋਰਟ ਅਥਾਰਿਟੀ ਭਾਰਤ ਸਰਕਾਰ ਵੱਲੋਂ ਕੀਤੀਆਂ ਫੇਰੀਆਂ ਨਾਲ ਕਰਤਾਰਪੁਰ ਲਾਂਘੇ ਦੇ ਕੰਮ ਜੰਗੀ ਪੱਧਰ ਉਤੇ ਹੋ ਰਹੇ ਹਨ। ਲੈਂਡ ਪੋਰਟ ਅਥਾਰਿਟੀ ਵੱਲੋਂ ਜਿਥੇ ਯਾਤਰੀ ਟਰਮੀਨਲ ਦੇ ਉਸਰੀ ਵਿਚ ਦਿਨ-ਰਾਤ ਕੰਮ ਕਰ ਰਹੀ ਹੈ,

ਉਥੇ ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਫੋਰਲੈਨ ਸੜਕ ਦਾ ਕੰਮ ਮੁਕੰਮਲ ਕਰ ਲੈਣ ਤੋਂ ਬਾਅਦ ਸਰਵਿਸ ਰੋਡ ਅਤੇ ਫੁੱਟਪਾਥ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਸੜਕ ਦੀ ਸਜ਼ਾਵਟ ਲਈ ਕੰਮ ਚੱਲ ਰਹੇ ਹਨ। ਨੈਸ਼ਨਲ ਹਾਵੇ ਵੱਲੋਂ ਫੋਰਲੈਨ ਸੜਕ ਦੇ ਕਿਨਾਰਿਆਂ ਉਤੇ ਸੁੰਦਰ ਪਿੱਲਰ ਲਗਾਏ ਜਾ ਰਹੇ ਹਨ, ਡੀਵਾਇਡਰਾਂ ਨੂੰ ਰੰਗ-ਰੋਗਨ ਕੀਤਾ ਜਾ ਰਿਹਾ ਹੈ। ਸੜਕ ਦੇ ਕਿਨਾਰੇ ਟੋਨ ਦੀਆਂ ਰੋਕਾਂ ਲਗਾਈਆਂ ਜਾ ਰਹੀਆਂ ਹਨ। ਸੜਕ ਵਿਚਕਾਰ ਸਾਈਨ ਬੋਰਡ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜਿੱਥੋਂ ਗੁ. ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਸੜਕ ਦੀ ਸ਼ੁਰੂਆਤ ਹੁੰਦੀ ਹੈ, ਉਥੇ ਪੰਜਾਬ ਸਰਕਾਰ ਵੱਲੋਂ ਗੋਲ ਚੌਂਕ ਬਣਾਇਆ ਜਾ ਰਿਹਾ ਹੈ।

ਜਿਸ ਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਨੈਸ਼ਨਲ ਹਾਈਵੇ ਦੇ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਸਥਾਨ ਉਤੇ ਪੰਜਾਬ ਸਰਕਾਰ ਵੱਲੋਂ 50 ਫੁੱਟ ਉੱਚਾ ੴ ਦਾ ਚਿੰਨ੍ਹ ਲਗਾਇਆ ਜਾਣਾ ਹੈ। ਇਸ ਤੋਂ ਇਲਾਵਾ ਇਸ ਚੌਂਕ ਵਿਚ ਗੁਰਬਾਣੀ ਸ਼ਬਦਾਂ ਦੇ ਬੋਰਡ ਵੀ ਲਗਾਏ ਜਾਣਗੇ। ਇਸ ਸੰਬੰਧੀ ਜਦੋਂ ਡੇਰਾ ਬਾਬਾ ਨਾਨਕ ਦੇ ਐਸਡੀਐਮ ਗੁਰਸਿਮਰਨ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਾਂ ਕਿਹਾ ਕਿ ਇਸ ਸੰਬੰਧੀ ਪੂਰੀ ਜਾਣਕਾਰੀ ਉਨ੍ਹਾਂ ਕੋਲ ਨਹੀਂ ਹੈ ਪਰ ਇਸ ਚੌਂਕ ਦੇ ਬਣਨ ਅਤੇ 50 ਫੁੱਟ ਉੱਚੇ ੴ ਚਿੰਨ੍ਹ ਲੱਗਣ ਨਾਲ ਕਰਤਾਰਪੁਰ ਲਾਂਘੇ ਦੀ ਦਿੱਖ ਹੋਰ ਵੀ ਦਿਲਖਿੱਚਵੀਂ ਹੋ ਜਾਵੇਗੀ।