ਰੇਲ ਰੋਕੋ ਅੰਦੋਲਨ : ਸਿਆਸੀ ਜਮਾਤਾਂ ਦੇ ਸਤਾਏ ਹੋਏ ਲੋਕ ਹੀ ਅੱਜ ਸੜਕਾਂ 'ਤੇ ਹਨ : ਸੰਘਰਸ਼ੀ ਕਿਸਾਨ
ਲਖੀਮਪੁਰ ਖੇੜੀ ਘਟਨਾ ਦੇ ਮੁੱਖ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਨਾ ਕਿ ਉਨ੍ਹਾਂ ਨੂੰ ਬਚਾਇਆ ਜਾਵੇ।
ਕਿਸਾਨ ਸੰਘਰਸ਼ ਕਮੇਟੀ ਨੇ ਅੰਮ੍ਰਿਤਸਰ-ਪਠਾਨਕੋਟ ਰੇਲਵੇ ਟਰੈਕ ਕੀਤਾ ਬੰਦ, ਪ੍ਰਦਰਸ਼ਨ 'ਚ ਬੀਬੀਆਂ ਨੇ ਲਿਆ ਵੱਧ ਚੜ੍ਹ ਕੇ ਹਿੱਸਾ
ਗੁਰਦਾਸਪੁਰ (ਅਵਤਾਰ ਸਿੰਘ) : ਲਖੀਮਪੁਰ ਖੇੜੀ ਘਟਨਾ ਵਿਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਵੱਖ ਵੱਖ ਥਾਂਵਾਂ 'ਤੇ ਰੇਲ ਆਵਾਜਾਈ ਠੱਪ ਕਰਨ ਦਾ ਐਲਾਨ ਕੀਤਾ ਗਿਆ ਸੀ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਇਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਵੱਡੇ ਪੱਧਰ 'ਤੇ ਪਠਾਨਕੋਟ-ਅੰਮ੍ਰਿਤਸਰ ਰੇਲਵੇ ਟ੍ਰੈਕ ਜੈਮ ਕੀਤਾ ਗਿਆ। ਦੱਸ ਦਈਏ ਕਿ ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਔਰਤਾਂ ਨੇ ਹਿੱਸਾ ਲਿਆ।
ਧਰਨੇ ਵਿਚ ਆਈਆਂ ਔਰਤਾਂ ਨੇ ਕਿਹਾ ਕਿ ਲਖੀਮਪੁਰ ਖੇੜੀ ਘਟਨਾ ਦੇ ਮੁੱਖ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਨਾ ਕਿ ਉਨ੍ਹਾਂ ਨੂੰ ਬਚਾਇਆ ਜਾਵੇ।
ਜੇਕਰ ਉਹ ਸਰਕਾਰੀ ਨੁਮਾਇੰਦੇ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਇਨਸਾਨ ਨੂੰ ਇਨਸਾਨ ਨਾ ਸਮਝਣ।
ਫਿਰ ਤਾਂ ਅਸੀਂ ਵੀ ਕਹਿੰਦੇ ਹੈ ਕਿ ਸਾਡੀਆਂ ਗੱਡੀਆਂ ਦੀ ਰਫ਼ਤਾਰ ਵੀ ਐਨੀ ਹੀ ਹੋਵੇ ਤੇ ਇਨ੍ਹਾਂ ਮੰਤਰੀਆਂ ਦੇ ਬੱਚਿਆਂ ਨੂੰ ਅੱਗੇ ਖੜ੍ਹਾ ਕਰ ਦਿੱਤਾ ਜਾਵੇ। ਅਸੀਂ ਵੀ ਇਨ੍ਹਾਂ ਨੂੰ ਨੋਟ ਦੇ ਦੇਵਾਂਗੇ। ਉਨ੍ਹਾਂ ਕਿਹਾ ਕਿ ਜੇਕਰ ਪੈਸਿਆਂ ਨਾਲ ਹੀ ਭਰਪਾਈ ਕਰਨੀ ਹੈ ਤਾਂ ਅਸੀਂ ਵੀ ਇਨ੍ਹਾਂ ਨੂੰ ਘਰੋਂ ਨੋਟ ਦੇ ਕਿ ਇੱਕ ਸਵਾਲ ਪੁੱਛਣਗੇ ਕਿ ਕੀ ਨੋਟਾਂ ਨਾਲ ਮਰਨ ਵਾਲਿਆਂ ਦੀ ਭਰਪਾਈ ਕੀਤੀ ਜਾ ਸਕਦੀ ਹੈ ?
ਉਨ੍ਹਾਂ ਕਿਹਾ ਕਿ ਸਰਕਾਰੀ ਨੁਮਾਇੰਦਿਆਂ ਵਲੋਂ ਉਥੇ ਜਾ ਕੇ ਪੈਸੇ ਦੇਣਾ ਇਹ ਸਰਕਾਰ ਦਾ ਸਿਰਫ ਇਕ ਏਜੰਡਾ ਹੈ। ਕਾਂਗਰਸ ਸਰਕਾਰ ਯੂਪੀ ਵਿਚ ਆਪਣੇ ਪੈਰ ਪਸਾਰਨੇ ਚਾਹੁੰਦੀ ਹੈ ਇਸ ਲਈ ਸਿਰਫ ਪੈਸੇ ਦਿੱਤੇ ਹਨ ਪਰ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਨਹੀਂ ਕੀਤੀ ਗਈ। ਕੇਂਦਰੀ ਮੰਤਰੀ ਵਲੋਂ ਦਿਤੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਉਹ ਇੱਕ ਝੂਠ ਦਾ ਪੁਲੰਦਾ ਹੈ। ਉਨ੍ਹਾਂ ਨੂੰ ਇਨਸਾਨੀਅਤ ਦੀ ਕੋਈ ਫਿਕਰ ਨਹੀਂ ਹੈ ਸਗੋਂ ਉਨ੍ਹਾਂ ਦੀ ਲੋੜ ਸਿਰਫ ਕੁਰਸੀ ਤੇ ਪੈਸੇ ਤਕ ਸੀਮਤ ਹੈ।
ਉਨ੍ਹਾਂ ਕਿਹਾ ਕਿ ਹੱਕੀ ਮੰਗਾ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਮਾਸੂਮ ਅਤੇ ਬੇਦੋਸ਼ੇ ਕਿਸਾਨਾਂ ਨੂੰ BJP ਵਲੋਂ ਗੱਡੀਆਂ ਨਾਲ ਦਰੜਿਆ ਗਿਆ।
ਉਨ੍ਹਾਂ ਸਰਕਾਰ 'ਤੇ ਤੰਜ ਕਸਦਿਆਂ ਕਿਹਾ ਕਿ ਇਹ ਵੋਟਾਂ ਵੇਲੇ ਜਿਨ੍ਹਾਂ ਲੋਕਾਂ ਦੇ ਗੋਡੀਂ ਹੱਥ ਲਗਾਉਂਦੇ ਹਨ, ਹੱਕਾਂ ਦੀ ਮੰਗ ਕਰਨ 'ਤੇ ਉਨ੍ਹਾਂ 'ਤੇ ਗੱਡੀਆਂ ਚੜ੍ਹਾ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਜੇਕਰ ਤੁਸੀਂ ਇੰਦਰ ਗਾਂਧੀ ਆਏ ਬੇਅੰਤ ਸਿੰਘ ਦੇ ਕਾਤਲਾਂ ਨੂੰ ਫਾਹੇ ਲਗਾਉਂਦੇ ਹੋ ਤਾਂ ਇਨ੍ਹਾਂ ਆਮ ਲੋਕਾਂ ਦੇ ਕਾਤਲਾਂ ਨੂੰ ਵੀ ਉਸ ਤਰ੍ਹਾਂ ਹੀ ਫਾਹੇ ਲਗਾਓ।
ਧਰਨੇ ਵਿਚ ਸ਼ਾਮਲ ਇਕ ਕਿਸਾਨ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪੰਜਾਬ ਵਿਚ 22 ਜਗ੍ਹਾ 'ਤੇ ਚੱਕਾ ਜਾਮ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਅਜੇ ਮਿਸ਼ਰਾ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਸਲਾਖਾਂ ਪਿੱਛੇ ਦਿੱਤਾ ਜਾਵੇ ਅਤੇ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਕੋਈ ਕਦਮ ਜਲਦੀ ਨਹੀਂ ਚੁਕਿਆ ਗਿਆ ਤਾਂ ਜਥੇਬੰਦੀਆਂ ਵਲੋਂ ਜੋ ਵੀ ਹੁਕਮ ਲਗਾਇਆ ਜਾਵੇਗਾ ਉਸ ਦੀ ਇਸੇ ਤਰ੍ਹਾਂ ਪਾਲਣਾ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਜਮਾਤਾਂ ਭਾਵੇ ਉਹ BJP ਹੋਵੇ ਕਾਂਗਰਸ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ, ਇਨ੍ਹਾਂ ਦੇ ਸਤਾਏ ਹੋਏ ਲੋਕ ਹੀ ਅੱਜ ਸੜਕਾਂ 'ਤੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ ਕੁਰਸੀ ਦੇ ਚੱਕਰ ਵਿਚ ਇਕ ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦੇ ਹਨ ਅਤੇ ਇਨ੍ਹਾਂ ਨੂੰ ਆਮ ਜਨਤਾ ਦੀ ਕੋਈ ਫਿਕਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਵੋਟ ਸਾਡੇ ਮਸਲੇ ਦਾ ਹਲ੍ਹ ਨਹੀਂ ਸਗੋਂ ਆਪਣੀ ਜਥੇਬੰਦਕ ਤਾਕਤ ਵੱਡੀ ਕਰਨਾ ਹੀ ਸਾਡੇ ਮਸਲੇ ਦਾ ਹਲ੍ਹ ਹੈ। ਅਗਲੀ ਰਣਨੀਤੀ ਬਾਰੇ ਉਨ੍ਹਾਂ ਕਿਹਾ ਕਿ ਜੋ ਵੀ ਸੂਬਾ ਕੋਰ ਕਮੇਟੀ ਦਾ ਫੈਸਲਾ ਹੋਵੇਗਾ ਉਸ ਨੂੰ ਇਨ ਬਿਨ ਲਾਗੂ ਕੀਤਾ ਜਾਵੇਗਾ।