ਸਿੱਖ ਪੰਥ ਦੀ ਥਾਂ ਸਿੱਖ ਧਰਮ ਦੀ ਹੋਵੇ ਵਰਤੋਂ, ਫੂਲਕਾ ਨੇ ਲਿਖੀ ਜੱਥੇਦਾਰ ਨੂੰ ਚਿੱਠੀ

ਏਜੰਸੀ

ਖ਼ਬਰਾਂ, ਪੰਜਾਬ

ਸਿੱਖ ਵਿਦਵਾਨਾਂ ਦੀ ਇਕ ਕਮੇਟੀ ਬਣਾਉਣ ਦੀ ਵੀ ਕੀਤੀ ਅਪੀਲ

File Photo

ਚੰਡੀਗੜ੍ਹ : ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਚਿੱਠੀ ਲਿਖ ਕੇ ਇਹ ਸੁਝਾਅ ਦਿੱਤਾ ਹੈ ਕਿ ਦੁਨੀਆਂ ਭਰ ਦੀਆਂ ਵੱਖ-ਵੱਖ ਡਿਕਸ਼ਨਰੀਆਂ ਵਿਚ ਸਿੱਖ ਪੰਥ ਦੀ ਥਾਂ 'ਤੇ ਸਿੱਖ ਧਰਮ ਦੀ ਵਰਤੋਂ ਕੀਤੀ ਜਾਵੇ।

ਜੱਥੇਦਾਰ ਨੂੰ ਲਿਖੀ ਚਿੱਠੀ ਵਿਚ ਫੂਲਕਾ ਨੇ ਕਿਹਾ ਕਿ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ। ਸਿੱਖ ਵਿਦਵਾਨਾਂ ਦੀ ਇੱਕ ਕਮੇਟੀ ਬਣਾਈ ਜਾਵੇ ਜੋ ਇਸ ਮੁੱਦੇ 'ਤੇ ਵਿਚਾਰ ਕਰੇ ਤਾਂ ਕਿ ਭਵਿੱਖ ਵਿਚ ਸਿੱਖ ਧਰਮ ਦੀ ਕੋਈ ਗਲਤ ਵਿਆਖਿਆ ਨਾ ਕਰ ਸਕੇ। ਫੂਲਕਾ ਨੇ ਚਿੱਠੀ ਵਿਚ ਲਿਖ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਯਾਦ ਦਵਾਇਆ ਕਿ ਉਨ੍ਹਾ ਨੇ 14 ਨਵੰਬਰ ਨੂੰ ਇਕ ਪੱਤਰ ਲਿਖਿਆ ਸੀ। ਇਸ ਪੱਤਰ ਵਿਚ ਸੁਪਰੀਮ ਕੋਰਟ ਵੱਲੋਂ ਅਯੁਧਿਆ ਵਿਚ ਰਾਮ ਮੰਦਰ ਭੂਮੀ ਬਾਰੇ ਦਿੱਤੇ ਗਏ ਫੈਸਲੇ 'ਚ ਵਰਤੇ ਗਏ ਸ਼ਬਦ ‘ਸਿੱਖ ਕਲਟ’ ਦੇ ਬਾਰੇ ਵਿਚ ਲਿਖਿਆ ਹੈ।

ਸੁਪਰੀਮ ਕੋਰਟ ਨੇ ਫੈਸਲੇ ਦੇ ਪੈਰਾ ਨੰਬਰ 154-155 ਵਿਚ ਸਾਫ਼ ਲਿਖਿਆ ਹੈ ਕਿ ਸਿੱਖ ਮੂਰਤੀ ਪੂਜਾ ਵਿਚ ਵਿਸ਼ਵਾਸ ਨਹੀਂ ਕਰਦੇ ਹਨ। ਉਨ੍ਹਾਂ ਦਾ ਵਿਸ਼ਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ। ਫੈਸਲੇ ਵਿਚ ਸਿੱਖ ਦਾ ਧਰਮ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਇਸ ਫ਼ੈਸਲੇ ਦੇ ਨਾਲ ਹੀ 116 ਪੰਨਿਆਂ ਦਾ ਇਕ ਵੱਖ ਜੋੜ ਲੱਗਿਆ ਹੋਇਆ ਹੈ ਜਿਸ ਵਿਚ ਕਿਸੇ ਵੀ ਜੱਜ ਦੇ ਦਸਤਖਤ ਨਹੀਂ ਹਨ। ਇਨ੍ਹਾਂ ਪੰਨਿਆਂ ਵਿਚ ਰਾਜਿੰਦਰ ਸਿੰਘ ਦੀ ਗਵਾਹੀ ਦਾ ਜ਼ਿਕਰ ਕੀਤਾ ਗਿਆ ਹੈ। ਰਾਜਿੰਦਰ ਸਿੰਘ ਨੇ ਗਵਾਹੀ ਵਿਚ ਕਿਹਾ ਹੈ ਕਿ ਉਨ੍ਹਾਂ ਨੇ ‘ਸਿੱਖ ਕਲਟ’ ਦੇ ਬਾਰੇ ਕਈ ਕਿਤਾਬਾਂ ਪੜ੍ਹੀਆਂ ਹਨ। ਇਸ ਤੋਂ ਜਾਪਦਾ ਹੈ ਕਿ ਰਾਜਿੰਦਰ ਸਿੰਘ ਨੇ ਆਪਣੀ ਗਵਾਹੀ ਵਿਚ ਸਿੱਖ ਪੰਥ ਸ਼ਬਦ ਦਾ ਜ਼ਿਕਰ ਕੀਤਾ ਹੋਵੇਗਾ ਪਰ ਉਸ ਦਾ ਤਰਜ਼ਮਾ ਕਰਦੇ ਹੋਏ ਕਲਟ ਸ਼ਬਦ ਵਰਤਿਆ ਗਿਆ ਹੋਵੇਗਾ। ਫੂਲਕਾ ਨੇ ਕਿਹਾ ਕਿ ਉਨ੍ਹਾਂ ਤੋਂ ਇਸ ਸ਼ਬਦ ਬਾਰੇ ਕਈਂ ਵਾਰ ਪੁਛਿਆ ਗਿਆ ਹੈ।

ਫੂਲਕਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਕਲਟ ਦੇ ਪੰਜਾਬੀ ਅਰਥ ਜਾਣਨ ਦੇ ਲਈ ਪੰਜਾਬੀ ਭਾਸ਼ਾ ਦੀ ਡਿਕਸ਼ਨਰੀਆਂ ਨੂੰ ਦੇਖਿਆ ਤਾਂ ਉਨ੍ਹਾਂ ਨੂੰ ਹੈਰਾਨੀ ਹੋਈ ਕਿ ਮਾਨਤਾ ਪ੍ਰਾਪਤ ਕਈ ਡਿਕਸ਼ਨਰੀਆਂ ਵਿਚ ਕਲਟ ਦਾ ਪੰਜਾਬੀ ਅਰਥ ਪੰਥ ਲਿਖਿਆ ਹੋਇਆ ਹੈ। ਅੰਗ੍ਰੇਜ਼ੀ ਵਿਚ ਕਲਟ ਸ਼ਬਦ ਨੂੰ ਬਹੁਤ ਚੰਗਾ ਨਹੀਂ ਸਮਝਿਆ ਜਾਂਦਾ ਹੈ। ਸਿੱਖ ਪੰਜਾਬੀ ਵਿਚ ਸਿੱਖ ਧਰਮ ਦੇ ਲਈ ਸਿੱਖ ਪੰਥ ਦਾ ਸ਼ਬਦ ਵਰਤਦੇ ਹਨ। ਅਜਿਹੇ ਵਿਚ ਜੇਕਰ ਕੋਈ ਵੀ ਸਿੱਖ ਪੰਥ ਦਾ ਅੰਗ੍ਰੇਜ਼ੀ ਵਿਚ ਅਰਥ ਕੱਢੇਗਾ ਤਾਂ ਉਹ ਕਲਟ ਲਿਖੇਗਾ। ਫੂਲਕਾ ਅਨੁਸਾਰ ਸਿੱਖ ਪੰਥ ਦੀ ਥਾਂ ਸਿੱਖ ਧਰਮ ਦੀ ਵਰਤੋਂ ਹੋਣੀ ਚਾਹੀਦੀ ਹੈ।